ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨਾਲ ਸਬੰਧਿਤ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਹੋਣ ਦੇ ਰੋਸ ਵਜੋਂ ਪਾਵਰਕਾਮ ਮੈਨੇਜਮੈਂਟ ਨੂੰ 9 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਇਸ ਸਬੰਧੀ ਯੂਨੀਅਨ ਦੇ ਸੂਬਾਈ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਕਿਹਾ ਕਿ ਪਾਵਰਕਾਮ ਦੇ ਚੇਅਰਮੈਨ ਨੇ ਜੁਆਇੰਟ ਫੋਰਮ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰ ਕੇ ਪਾਵਰਕਾਮ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਮੰਨੀਆਂ ਸਨ। ਖਾਸ ਤੌਰ 'ਤੇ ਬਿਜਲੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਾਂਗ 1-12-2011 ਤੋਂ ਪੇਅ ਬੈਂਡ ਦੇਣ ਸਬੰਧੀ ਪੰਜਾਬ ਸਰਕਾਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਸੈਮੀ ਸਕਿਲਡ ਐਲਾਨੇ ਗਏ ਸਹਾਇਕ ਲਾਈਨਮੈਨਾਂ ਅਤੇ ਲਾਈਮੈਨਾਂ ਨੂੰ ਪਹਿਲਾ ਵਾਂਗ ਸਕਿਲਡ ਕਰਮਚਾਰੀਆਂ ਵਜੋਂ ਤਨਖਾਹ ਦੇਣ, ਠੇਕੇ 'ਤੇ ਕੰਮ ਕਰਦੇ ਲਾਈਮੈਨਾਂ ਨੂੰ 31 ਅਕਤੂਬਰ ਤੋਂ ਰੈਗੁਲਰ ਕਰ ਕੇ ਉਨ੍ਹਾਂ ਦੀਆਂ ਬਕਾਇਆ ਤਨਖਾਹਾਂ ਦੇਣ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪਹਿਲ ਦੇ ਆਧਾਰ 'ਤੇ ਨੌਕਰੀਆਂ ਦੇਣ, ਡੀ.ਏ. ਦੀਆਂ ਕਿਸ਼ਤਾਂ ਅਤੇ ਉਨ੍ਹਾਂ ਦੇ ਬਕਾਏ ਦੇਣ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੰਗਾਂ ਮੰਨੀਆਂ ਸਨ। ਪਰ ਹੈਰਾਨੀ ਦੀ ਗੱਲ ਹੈ ਕਿ ਇਹ ਮੰਗਾਂ ਮੰਨ ਕੇ ਉਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਣ ਮੁਲਾਜ਼ਮਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮੰਨੀਆਂ ਹੋਈਆਂ ਮੰਗਾਂ 9 ਦਸੰਬਰ ਤੱਕ ਲਾਗੂ ਨਾ ਕੀਤੀਆਂ ਤਾਂ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਚੇਅਰਮੈਨ ਪਾਵਰਕਾਮ ਪਟਿਆਲਾ ਦੇ ਡਾਇਰੈਕਟਰਾਂ ਦਾ ਫੀਲਡ 'ਚ ਆਉਣ 'ਤੇ ਘਿਰਾਓ ਕੀਤਾ ਜਾਵੇਗਾ। ਇਸੇ ਤਰ੍ਹਾਂ 10 ਦਸੰਬਰ ਤੋਂ 24 ਦਸੰਬਰ ਤੱਕ ਸਬ ਡਵੀਜ਼ਨ ਪੱਧਰ 'ਤੇ ਰੋਸ ਰੈਲੀਆਂ ਕਰ ਕੇ 2 ਅਤੇ 3 ਜਨਵਰੀ ਨੂੰ ਹੈੱਡ ਆਫਿਸ ਪਟਿਆਲਾ ਵਿਖੇ 2 ਦਿਨ ਪੰਜਾਬ ਪੱਧਰ ਦਾ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਧਰਨੇ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਚੇਅਰਮੈਨ ਪਾਵਰ ਕਾਮ ਪਟਿਆਲਾ ਦੀ ਹੋਵੇਗੀ। ਇਸ ਮੌਕੇ ਸਰਿੰਦਰ ਪੱਪੂ, ਕੁਲਦੀਪ ਸਿੰਘ ਖੰਨਾ, ਸੁਰਿੰਦਰ ਸ਼ਰਮਾ, ਰਣਬੀਰ ਸਿੰਘ, ਜੈਲ ਸਿੰਘ, ਗੁਰਕਮਲ ਸਿੰਘ, ਇਕਬਾਲ ਸਿੰਘ, ਹਰਜੀਤ ਸਿੰਘ, ਇੰਜੀ. ਹਰਜਿੰਦਰ ਸਿੰਘ, ਭੁਪਨੇਸ਼ ਕੁਮਾਰ ਅਤੇ ਰਮੇਸ਼ ਸ਼ਰਮਾ ਆਦਿ ਹਾਜ਼ਰ ਸਨ।
ਐੱਸ. ਜੀ. ਪੀ. ਸੀ. ਦੀ ਚੋਣ ਦੌਰਾਨ ਦੋਆਬੇ ਦੀ ਝੋਲੀ 'ਚ ਪਏ ਅਹਿਮ ਅਹੁਦੇ
NEXT STORY