ਬਰਨਾਲਾ(ਪੁਨੀਤ ਮਾਨ)—ਤੁਸੀਂ ਹੁਣ ਤੱਕ ਸ਼ੌਕੀਨ ਪੰਜਾਬੀਆਂ ਦੇ ਕਈ ਕਿੱਸੇ ਸੁਣੇ ਹੋਣਗੇ। ਕੋਈ ਪੁਰਾਤਨ ਸਿੱਕੇ ਇਕੱਠੇ ਕਰਨ ਦਾ ਸ਼ੌਕੀਨ ਹੈ ਅਤੇ ਕੋਈ ਵੱਖੋ-ਵੱਖਰੀ ਕਰੰਸੀ ਇਕੱਠੀ ਕਰਨ ਦਾ, ਪਰ ਸ਼ਾਇਦ ਹੀ ਤੁਸੀਂ ਕਦੇ ਆਵਾਜ਼ਾਂ ਇਕੱਠੀਆਂ ਕਰਨ ਦਾ ਸ਼ੌਕੀਨ ਕੋਈ ਵੇਖਿਆ ਹੋਵੇ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਇਨਸਾਨ ਨਾਲ ਮਿਲਾਉਂਦੇ ਹਾਂ ਜੋ ਗੁਆਚੇ ਗੀਤਾਂ ਦਾ ਵਣਜਾਰਾ ਹੈ। ਜਿਸ ਨੇ ਆਪਣੇ ਸੰਗ੍ਰਹਿ 'ਚ ਉਨ੍ਹਾਂ ਆਵਾਜ਼ਾਂ ਨੂੰ ਸੰਜੋਅ ਕੇ ਰੱਖਿਆ ਹੈ, ਜੋ ਅੱਜ ਦੁਨੀਆ 'ਚ ਨਹੀਂ ਹਨ।
ਅਸੀਂ ਗੱਲ ਕਰ ਰਹੇ ਹਾਂ ਬਰਨਾਲਾ ਦੇ ਛੋਟੇ ਜਿਹੇ ਪਿੰਡ ਨਾਈਵਾਲਾ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਦੀ, ਜੋ ਮਾਸਟਰ ਪੀਸ ਰਿਕਾਰਡ ਤਵੇ, ਵੱਖ-ਵੱਖ ਤਰ੍ਹਾਂ ਦੇ ਰੇਡੀਓ ਤੇ ਹੋਰ ਆਵਾਜ਼ਾਂ ਇਕੱਠੀਆਂ ਕਰਨ ਦੇ ਸ਼ੌਕੀਨ ਹਨ। ਗੁਰਮੁੱਖ ਮੁਤਾਬਕ ਆਵਾਜ਼ਾਂ ਇਕੱਠੀਆਂ ਕਰਨ ਦੀ ਚੇਟਕ ਉਨ੍ਹਾਂ ਨੂੰ ਆਪਣੇ ਪਿਤਾ ਦੇ ਰੇਡੀਓ ਤੋਂ ਲੱਗੀ। ਗੁਰਮੁਖ ਸਿੰਘ ਲਾਲੀ ਦੀ ਮਿਊਜ਼ਿਕ ਲਾਇਬ੍ਰੇਰੀ 'ਚ 25 ਹਜ਼ਾਰ ਤੋਂ ਵੱਧ ਮਾਸਟਰ ਪੀਸ ਰਿਕਾਰਡ ਤਵੇ ਹਨ, ਜਿਨ੍ਹਾਂ 'ਚ ਕੱਵਾਲੀਆਂ, ਭਜਨ, ਪੰਜਾਬੀ ਤੇ ਹਿੰਦੀ ਗੀਤਾਂ ਤੋਂ ਇਲਾਵਾ ਕੁਝ ਮਹਾਨ ਸ਼ਖਸੀਅਤਾਂ ਦੇ ਭਾਸ਼ਣ ਵੀ ਹਨ। ਗੁਰਮੁੱਖ ਸਿੰਘ ਨੇ ਦਰਜਨਾਂ ਨਵੇਂ-ਪੁਰਾਣੇ ਰੇਡੀਓ ਵੀ ਸੰਭਾਲੇ ਹੋਏ ਹਨ। ਖਾਸ ਗੱਲ ਇਹ ਹੈ ਕਿ ਇਹ ਸਾਰੇ ਰਿਕਾਰਡ ਅੱਜ ਵੀ ਚਾਲੂ ਹਾਲਤ 'ਚ ਹਨ।
ਆਪਣੇ ਇਸ ਨਿਵੇਕਲੇ ਸੰਗੀਤਕ ਸ਼ੌਕ ਸਦਕਾ ਗੁਰਮੁੱਖ ਸਿੰਘ ਨੂੰ ਕਈ ਐਵਾਰਡ ਤੇ ਸਨਮਾਨ ਵੀ ਮਿਲੇ। ਇੱਥੋਂ ਤੱਕ ਕਿ ਉਨ੍ਹਾਂ ਦਾ ਲਿਮਕਾ ਬੁੱਕ ਆਫ ਰਿਕਾਰਡਜ਼ 'ਚ ਵੀ ਨਾਂ ਦਰਜ ਹੈ। ਆਪਣੇ ਸ਼ੌਕ ਜ਼ਰੀਏ ਪੰਜਾਬੀ ਵਿਰਸੇ ਨੂੰ ਸੰਭਾਲ ਰਹੇ ਗੁਰਮੁੱਖ ਸਿੰਘ ਨੂੰ ਸਰਕਾਰ ਵਲੋਂ ਕੋਈ ਹੱਲਾਸ਼ੇਰੀ ਨਾ ਮਿਲਣ ਕਾਰਨ ਉਹ ਨਿਰਾਸ਼ ਹਨ। ਉਨ੍ਹਾਂ ਸਰਕਾਰ ਤੋਂ ਸੰਗੀਤਕ ਸਮੱਗਰੀ ਦਾ ਇਕ ਮਿਊਜ਼ੀਅਮ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਇਸ ਕਲਾ ਤੋਂ ਜਾਣੂ ਹੋ ਸਕੇ। ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਸਾਜ਼ਾਂ ਤੇ ਵਿਰਸੇ 'ਤੇ ਖੋਜਾਂ ਕਰ ਰਹੇ ਕਈ ਵਿਦਿਆਰਥੀ ਤੇ ਲਿਖਾਰੀ ਗੁਰਮੁੱਖ ਸਿੰਘ ਕੋਲ ਜਾਣਕਾਰੀ ਲਈ ਆਉਂਦੇ ਹਨ।
ਪੰਜਾਬ ਵਿਧਾਨ ਸਭਾ ਦਾ 'ਮਾਨਸੂਨ ਇਜਲਾਸ' ਅੱਜ ਤੋਂ, ਕਾਂਗਰਸ ਨੇ ਖਿੱਚੀ ਤਿਆਰੀ
NEXT STORY