ਜਲੰਧਰ - ਸ੍ਰੀ ਗੁਰੂ ਨਾਨਕ ਸਾਹਿਬ ਨੇ ਲੰਮੀਆਂ ਵਾਟਾਂ ਮਾਰ ਕੇ ਗੁਰਮਤਿ ਗਿਆਨ ਪ੍ਰਕਾਸ਼ ਦੇ ਸਰੋਤਾਂ ਦੀ ਪਛਾਣ ਕਰਕੇ ਵੱਖ-ਵੱਖ ਬਾਣੀਕਾਰਾਂ ਦੀ ਬਾਣੀ ਦੇ ਰੂਪ 'ਚ ਇਸ ਗਿਆਨ ਨੂੰ ਕਰੜੀ ਮਿਹਨਤ ਨਾਲ ਇਕੱਠਾ ਕੀਤਾ। ਉਨ੍ਹਾਂ ਤੋਂ ਤਕਰੀਬਨ ਪੌਣੀ ਕੁ ਸਦੀ ਪਹਿਲਾਂ ਪੈਦਾ ਹੋਏ ਗੁਰੂ ਰਵਿਦਾਸ ਜੀ ਦੀ ਬਾਣੀ ਗੁਰਮਤਿ ਗਿਆਨ ਅਤੇ ਗੁਰਮਤਿ ਚਿੰਤਨ ਦਾ ਮਹੱਤਵਪੂਰਨ ਖਜ਼ਾਨਾ ਸੀ, ਜੋ ਉਨ੍ਹਾਂ ਆਪਣੀ ਪਹਿਲੀ ਉਦਾਸੀ ਦੌਰਾਨ ਪ੍ਰਾਪਤ ਕੀਤਾ। ਇਸ ਬਾਣੀ ਨੂੰ ਉਨ੍ਹਾਂ ਬਹੁਤ ਆਦਰ ਨਾਲ ਸੰਭਾਲ ਕੇ ਹੋਰ ਬਾਣੀਕਾਰਾਂ ਅਤੇ ਆਪਣੀ ਬਾਣੀ ਸਹਿਤ ਪੋਥੀ ਸਾਹਿਬ ਦੇ ਰੂਪ 'ਚ ਆਪਣੇ ਉਤਰਾਧਿਕਾਰੀ ਭਾਈ ਲਹਿਣੇ ਨੂੰ ਗੁਰਿਆਈ ਦੇ ਰੂਪ 'ਚ ਸੌਂਪਿਆ।ਜੇ ਗੁਰੂ ਸਾਹਿਬਾਨ ਜੀ ਦੀ ਬਾਣੀ ਗੁਰੂ ਹੈ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਪੈਦਾ ਹੋਏ ਗੁਰੂ ਰਵਿਦਾਸ ਜੀ ਦੀ ਬਾਣੀ ਤਾਂ ਸਾਡੀ ਆਦਿ ਗੁਰੂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1192 'ਤੇ ਸ੍ਰੀ ਗੁਰੂ ਅਰਜਨ ਸਾਹਿਬ ਦਾ ਬਸੰਤ ਰਾਗ 'ਚ ਸ਼ਬਦ ਹੈ, ਜਿਸ 'ਚ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਾਲਮੀਕਿ ਜੀ ਅਤੇ ਧਰੂ ਭਗਤ ਤੋਂ ਚੱਲੀ ਆ ਰਹੀ ਭਗਤੀ ਪਰੰਪਰਾ ਦੀ ਕਹਾਣੀ ਦੇ ਪ੍ਰਵਾਹ ਦੀ ਲਗਾਤਾਰਤਾ ਵਜੋਂ ਦੇਖਦੇ ਅਤੇ ਧਿਆਉਂਦੇ ਹਨ।
ਜਿਸ ਭਗਤੀ ਪਰੰਪਰਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਸ਼ਕਤੀਸ਼ਾਲੀ ਲਹਿਰ 'ਚ ਤਬਦੀਲ ਕੀਤਾ, ਉਥੇ ਹੀ ਗੁਰੂ ਰਵਿਦਾਸ ਜੀ ਨੂੰ ਇਸ ਸ਼ਬਦ ਰਾਹੀਂ ਉਸ ਪਰੰਪਰਾ ਦਾ ਮਹੱਤਵਪੂਰਨ ਪੜਾਅ ਜਾਂ ਮੀਲ ਪੱਥਰ ਤਸਲੀਮ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1207 'ਤੇ ਸਾਰੰਗ ਰਾਗ 'ਚ ਦਰਜ ਇਕ ਹੋਰ ਸ਼ਬਦ 'ਚ ਸ੍ਰੀ ਗੁਰੂ ਅਰਜਨ ਸਾਹਿਬ ਗੁਰੂ ਰਵਿਦਾਸ ਜੀ ਅਤੇ ਦੂਸਰੇ ਬਾਣੀਕਾਰਾਂ ਦੀ ਸ੍ਰੇਸ਼ਠਤਾ ਦਾ ਧਿਆਨ ਧਰਦੇ ਹਨ ਅਤੇ ਆਪਣੇ ਪ੍ਰ੍ਰੇਰਨਾ-ਸਰੋਤ ਮੰਨਦੇ ਹਨ।ਸ੍ਰੀ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 835 'ਤੇ ਬਿਲਾਵਲ ਰਾਗ 'ਚ ਦਰਜ ਸ਼ਬਦ ਰਾਹੀਂ ਗੁਰੂ ਰਵਿਦਾਸ ਜੀ ਅਤੇ ਹੋਰ ਸੰਤਾਂ ਭਗਤਾਂ ਦੀ ਜਾਤ (ਸ਼ਖ਼ਸੀਅਤ) ਨੂੰ ਸਭ ਜਾਤਾਂ ਤੋਂ ਸ੍ਰੇਸ਼ਠ ਕਹਿ ਕੇ ਵਡਿਆਉਂਦੇ ਹਨ। ਇਸ ਤਰ੍ਹਾਂ ਹੋਰ ਬਾਣੀਕਾਰਾਂ ਦੀ ਰਚਨਾ 'ਚ ਗੁਰੂ ਰਵਿਦਾਸ ਜੀ ਦਾ ਆਦਰ ਭਰਿਆ ਜ਼ਿਕਰ ਉਨ੍ਹਾਂ ਦੀ ਗੁਰਮਤਿ ਅੰਦਰ ਵੱਡੀ ਵਡਿਆਈ ਨੂੰ ਸਥਾਪਿਤ ਕਰਦਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਰਵਿਦਾਸ ਜੀ ਦੇ 18 ਰਾਗਾਂ 'ਚ 40 ਸ਼ਬਦ ਦਰਜ ਹਨ ਪਰ ਉਨ੍ਹਾਂ ਦੇ ਬੋਲਾਂ, ਵਿਚਾਰਾਂ ਅਤੇ ਉਨ੍ਹਾਂ ਪ੍ਰਤੀ ਆਦਰ ਦੇ ਭਾਵ ਦੀ ਗੂੰਜ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਥਾਂ-ਥਾਂ ਫੈਲੀ ਹੋਈ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਮਗਰਲੇ ਬਾਣੀਕਾਰ ਗੁਰੂਆਂ ਨੇ ਨਾਨਕ-ਮਾਰਗ ਦੇ ਪਾਂਧੀ ਹੋਣ ਕਰਕੇ ਆਪਣੇ ਆਪ ਨੂੰ ਬਾਣੀ 'ਚ 'ਨਾਨਕ' ਹੀ ਲਿਖਿਆ। ਕਬੀਰ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਸਲੋਕਾਂ 'ਚ ਕਈ ਥਾਈਂ ਜੋ ਸਲੋਕ 'ਮਹਲਾ ਪੰਜਵਾਂ' ਲਿਖ ਕੇ ਆਉਂਦੇ ਹਨ, ਉਨ੍ਹਾਂ 'ਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਨਾਂ ਲਈ ਨਾਨਕ ਦੀ ਥਾਂ 'ਕਬੀਰ' ਵਰਤਿਆ ਹੈ।
ਕਬੀਰ ਸਾਹਿਬ ਐਵੇਂ ਨਹੀਂ ਆਪਣੇ ਆਪ ਨੂੰ 'ਰਵਿਦਾਸ' ਆਖਦੇ। ਉਹ ਆਪਣੀ ਸ਼ਖਸੀਅਤ ਦੀ ਬੁਲੰਦੀ ਪਿੱਛੇ ਗੁਰੂ ਰਵਿਦਾਸ ਜੀ ਦੀ ਹੋਂਦ ਦੇ ਮਹੱਤਵ ਨੂੰ ਪਛਾਣਦੇ ਸਨ ਜਾਂ ਕਹਿ ਸਕਦੇ ਹਾਂ ਕਿ ਕਬੀਰ ਜੀ ਗੁਰੂ ਰਵਿਦਾਸ ਜੀ ਦੇ ਬੋਲਾਂ ਨੂੰ 'ਸਤਿ' ਕਰਕੇ ਜਾਣਦੇ ਸਨ।ਗੁਰੂ ਰਵਿਦਾਸ ਜੀ ਦੀ ਰਚਨਾ 'ਚ ਉਨ੍ਹਾਂ ਦੀ ਕਿਰਤ ਅਤੇ ਕਾਰ ਵਿਹਾਰ ਨਾਲ ਜੁੜੀ ਸ਼ਬਦਾਵਲੀ ਕਈ ਥਾਈਂ ਸਾਹਮਣੇ ਆਉਂਦੀ ਹੈ, ਜਿਵੇਂ ਢੋਰ, ਜੁੱਤੀ, ਰੰਬੀ, ਆਰ, ਧਾਗਾ, ਤੋਪਾ ਗੰਢ ਆਦਿ। ਗੁਰੂ ਜੀ ਕਿਰਤ ਦੇ ਗੌਰਵ ਅਤੇ ਆਨੰਦ ਦੇ ਨਾਲ-ਨਾਲ ਕਿਰਤੀ ਦੇ ਸਵੈ-ਸਨਮਾਨ ਨੂੰ ਉਜਾਗਰ ਕਰਦੇ ਹਨ, ਕਿਰਤ ਨਾਲ ਜੋੜੀ ਹੋਈ ਗਿਲਾਨੀ ਨੂੰ ਹੂੰਝਦੇ-ਪੂੰਝਦੇ ਹਨ ਅਤੇ ਦੂਸਰਿਆਂ ਦੀ ਕਿਰਤ ਦੇ ਸਿਰ 'ਤੇ ਪਲਣ ਵਾਲੇ ਅਖੌਤੀ ਉੱਚ ਵਰਗ ਨੂੰ ਸ਼ਰਮਿੰਦਗੀ ਦਾ ਗੱਫਾ ਪਰੋਸਦੇ ਹਨ। ਸਿੱਖ ਵਿਚਾਰਧਾਰਾ ਦੀਆਂ ਨੀਹਾਂ ਵਿਚ ਪਈ ਗੁਰੂ ਰਵਿਦਾਸ ਜੀ ਵਰਗੇ ਕਿਰਤੀਆਂ ਦੀਆਂ ਸ਼ਖਸੀਅਤਾਂ ਦੀ ਸ਼ਕਤੀ ਅਤੇ ਵਿਚਾਰਾਂ ਦੀ ਰੌਸ਼ਨੀ ਸੰਯੁਕਤ ਹੋ ਕੇ ਸਿੱਖ ਧਰਮ ਦਾ ਬੁਨਿਆਦੀ ਅਸੂਲ 'ਕਿਰਤ ਕਰਨਾ' ਬਣਦੀ ਹੈ। ਉਨ੍ਹਾਂ ਨੇ ਲਗਭਗ ਹਰੇਕ ਸ਼ਬਦ ਦੇ ਅੰਤ 'ਚ ਆਪਣੇ ਨਾਂ ਦੇ ਨਾਲ ਆਪਣੀ ਨੀਵੀਂ ਸਮਝੀ ਜਾਂਦੀ ਜਾਤ ਦਾ ਨਾਂ ਦਰਜ ਕਰਕੇ ਜਨਮ ਆਧਾਰਿਤ ਊਚ-ਨੀਚ ਵਾਲੇ ਜਾਤੀ ਪ੍ਰਬੰਧ ਦੀ ਨਿਮਰਤਾ ਦੀ ਜੁਗਤ ਨਾਲ ਖਿੱਲੀ ਉਡਾਈ ਹੈ।
'ਕਿਰਤ ਕਰਨਾ' ਤੋਂ ਬਾਅਦ 'ਨਾਮ ਜਪਣਾ' ਸਿੱਖੀ ਦਾ ਬੁਨਿਆਦੀ ਸਿਧਾਂਤ ਹੈ। ਗੁਰੂ ਰਵਿਦਾਸ ਜੀ ਨੇ ਧਰਮ ਦੇ ਨਾਂ 'ਤੇ ਹੋਣ ਵਾਲੇ ਕਰਮਕਾਂਡਾਂ ਨੂੰ ਰੱਦਿਆ ਹੈ। ਇਨ੍ਹਾਂ ਦੀ ਬਜਾਏ ਪ੍ਰੇਮ ਭਗਤੀ ਜਾਂ 'ਨਾਮ ਜਪਣ' ਦੇ ਮਹੱਤਵ ਨੂੰ ਸਥਾਪਿਤ ਕੀਤਾ ਗਿਆ। ਇਨ੍ਹਾਂ ਕਰਮਕਾਂਡਾਂ 'ਚੋਂ ਮੂਰਤੀਆਂ ਅੱਗੇ ਦੀਵੇ ਬਾਲ ਕੇ ਕੀਤੀ ਜਾਂਦੀ ਆਰਤੀ ਸਭ ਤੋਂ ਆਕਰਸ਼ਕ ਕਰਮਕਾਂਡ ਸੀ। ਗੁਰੂ ਰਵਿਦਾਸ ਜੀ ਲਈ ਭਗਤੀ ਜਾਂ ਧਰਮ ਨਿੱਜੀ ਪ੍ਰਾਪਤੀ, ਖੁਸ਼ੀ ਜਾਂ ਮੁਕਤੀ ਲਈ ਨਹੀਂ, ਸਗੋਂ ਉਹ ਨਿਆਂ ਅਤੇ ਬਰਾਬਰੀ ਆਧਾਰਿਤ ਸਮਾਜ ਅਤੇ ਸੰਸਾਰ ਦਾ ਸੁਪਨਾ ਦੇਖਦੇ ਸਨ, ਜਿਥੇ ਹਰ ਕੋਈ ਖੁਸ਼ੀ, ਖੁਸ਼ਹਾਲੀ, ਸੁਤੰਤਰਤਾ ਅਤੇ ਮੁਹੱਬਤ ਭਰੇ ਜੀਵਨ ਦਾ ਭਾਗੀ ਬਣ ਸਕੇ।
ਸਿੱਖੀ ਦੇ ਪ੍ਰਚਾਰ ਦਾ ਭਾਵ ਇਸ ਸੁਪਨੇ ਨੂੰ ਜਨ ਜਨ ਦੇ ਖੂਨ 'ਚ ਉਤਾਰਨਾ ਸੀ ਅਤੇ ਖਾਲਸਾ ਪੰਥ ਦੀ ਸਾਜਨਾ ਇਸ ਸੁਪਨੇ ਦੀ ਪੂਰਤੀ ਲਈ ਇਨਕਲਾਬੀ ਪ੍ਰਤੀਬੱਧਤਾ ਦਾ ਐਲਾਨਨਾਮਾ ਸੀ। ਜਿਸ ਗੁਰੂ ਰਵਿਦਾਸ ਜੀ ਪ੍ਰਤੀ ਗੁਰੂ ਸਾਹਿਬਾਨ ਅਥਾਹ ਸ਼ਰਧਾ, ਸਤਿਕਾਰ ਸਮਰਪਣ ਅਤੇ ਪ੍ਰਤੀਬੱਧਤਾ ਦਾ ਭਾਵ ਪ੍ਰਗਟ ਕਰਦੇ ਹਨ, ਉਨ੍ਹਾਂ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਆਂ ਦੇ ਸ਼ਰਧਾਲੂ ਅਖਵਾਉਣ ਵਾਲਿਆਂ ਦੇ ਮਨ 'ਚ ਕਿੰਨੀ ਵੱਡੀ ਸ਼ਰਧਾ ਅਤੇ ਸਤਿਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਸਤਿਕਾਰ ਜੇ ਗੁਰੂ ਸਾਹਿਬਾਨ ਤੋਂ ਵੱਧ ਨਹੀਂ ਤਾਂ ਘੱਟ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬਾਨ ਜੀ ਤਾਂ ਆਪਣਾ ਤਨ, ਮਨ, ਧਨ ਉਨ੍ਹਾਂ ਦੇ ਚਰਨਾਂ 'ਚ ਸੌਂਪਣ ਦੀ ਗੱਲ ਕਰਦੇ ਹਨ ਪਰ ਅਸੀਂ ਆਪਣੇ ਆਪ ਨੂੰ ਗੁਰੂ ਰਵਿਦਾਸ ਜੀ ਦੇ ਨਾ ਕਹਾਉਣ ਜਾਂ ਹੋਣ ਦੀ ਗੁੱਝੀ ਪਰ ਵੱਡੀ ਅਤੇ ਖਤਰਨਾਕ ਝਿਜਕ ਦੇ ਸ਼ਿਕਾਰ ਹਾਂ।
ਅੱਜਕਲ ਅਸੀਂ ਸਿੱਖੀ ਦੀ ਹਸਤੀ ਦੀ ਅਜਿਹੀ ਚੰਗੇਰੀ ਅਤੇ ਸਰਵੋਤਮ ਪਛਾਣ ਸਥਾਪਿਤ ਕਰਨ ਦੀ ਥਾਂ ਕੇਵਲ 'ਵੱਖਰੀ ਪਛਾਣ' ਦਾ ਫਿਕਰ ਕਰਨ ਜੋਗੇ ਰਹਿ ਗਏ ਹਾਂ। ਨੀਵੀਆਂ ਕਹੀਆਂ ਜਾਂਦੀਆਂ ਜਾਤਾਂ ਵਾਲੇ ਸਿੱਖ ਗੁਰੂ ਸਾਹਿਬਾਨ ਦੇ ਨਿਕਟਵਰਤੀ ਅਤੇ ਵਿਸ਼ਵਾਸਪਾਤਰ ਹੁੰਦੇ ਸਨ। ਕਿਸੇ ਵੇਲੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਨਾਲ ਇਸ ਸ਼ਰਤ 'ਤੇ ਰਲਣ ਲਈ ਤਿਆਰ ਹੋ ਗਏ ਸਨ ਕਿ ਉਨ੍ਹਾਂ ਨੂੰ ਇਨ੍ਹਾਂ ਨੀਵੀਆਂ ਜਾਤਾਂ ਦੇ ਸਿੱਖਾਂ ਨਾਲੋਂ ਉਚੇਰਾ ਸਨਮਾਨ ਦਿੱਤਾ ਜਾਏ ਪਰ ਗੁਰੂ ਸਾਹਿਬ ਨੇ ਅਜਿਹਾ ਮਨਜ਼ੂਰ ਨਹੀਂ ਸੀ ਕੀਤਾ। ਗਰੀਬ ਸਿੱਖਾਂ ਦੇ ਰੂਪ ਵਿਚ ਕਿਰਤ ਅਤੇ ਗੁਣਾਂ ਦਾ ਬੋਲਬਾਲਾ ਸੀ ਪਰ ਮਿਸਲਾਂ ਮਗਰੋਂ ਸਥਿਤੀ 'ਚ ਤੇਜ਼ੀ ਨਾਲ ਗਿਰਾਵਟ ਆਈ। ਗੁਰਦੁਆਰਿਆਂ 'ਤੇ ਕਾਬਜ਼ ਹੋਏ ਮਹੰਤਾਂ ਨੇ ਇਨ੍ਹਾਂ ਦਾ ਪੂਰੀ ਤਰ੍ਹਾਂ ਪੁਜਾਰੀਕਰਨ ਕਰ ਦਿੱਤਾ। ਗੁਰਦੁਆਰਿਆਂ 'ਚ ਵੀ ਜਾਤ ਵਿਤਕਰਾ ਮੰਦਿਰਾਂ ਵਾਂਗ ਹੋ ਗਿਆ। 19ਵੀਂ ਸਦੀ ਦੇ ਅਖੀਰ 'ਚ ਗਿਆਨੀ ਦਿੱਤ ਸਿੰਘ ਵਰਗੇ ਰਵਿਦਾਸੀਏ ਆਗੂਆਂ ਨੇ ਅਤੇ 20ਵੀਂ ਸਦੀ ਦੇ ਆਰੰਭ 'ਚ ਗੁਰਦੁਆਰਾ ਸੁਧਾਰ ਲਹਿਰ ਨੇ ਇਸ ਰੁਝਾਨ ਨੂੰ ਠੱਲ੍ਹ ਪਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ।
ਪੁਲਵਾਮਾ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਿੜੀ ਜੰਗ
NEXT STORY