ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਪੰਜਾਬ ਵਿਚ ਔਰਤਾਂ ਦੇ ਵਾਲ ਤੇ ਗੁੱਤਾਂ ਕੱਟਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਲੋਕ ਇਨ੍ਹਾਂ ਘਟਨਾਵਾਂ ਕਾਰਨ ਖੌਫ਼ਜ਼ਦਾ ਹਨ। ਹੁਣ ਗੁੱਤ ਕੱਟਣ ਦੀ ਘਟਨਾ ਹਲਕਾ ਸਾਹਨੇਵਾਲ ਦੇ ਪਿੰਡ ਕੜਿਆਣਾ ਖੁਰਦ ਵਿਖੇ ਵਾਪਰੀ, ਜਿਸ ਕਾਰਨ ਪਿੰਡ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪ੍ਰੇਮ ਲਾਲ ਦੀ ਪਤਨੀ ਸੁਖਵਿੰਦਰ ਕੌਰ ਕਰੀਬ ਸ਼ਾਮ 7.30 ਵਜੇ ਜਦੋਂ ਦੁੱਧ ਲੈ ਕੇ ਘਰ ਪਰਤੀ ਤਾਂ ਉਸ ਨੇ ਆਪਣੀ ਨੂੰਹ ਨੂੰ ਕਿਹਾ ਕਿ ਮੈਨੂੰ ਘਬਰਾਹਟ ਹੁੰਦੀ ਹੈ। ਸੁਖਵਿੰਦਰ ਕੌਰ ਦੀ ਨੂੰਹ ਜਦੋਂ ਆਪਣੀ ਸੱਸ ਨੂੰ ਫੜ ਕੇ ਆਰਾਮ ਕਰਾਉਣ ਲਈ ਮੰਜੇ 'ਤੇ ਪਾਉਣ ਲੱਗੀ ਤਾਂ ਉਸ ਦੀ ਚੁੰਨੀ ਸਿਰ ਤੋਂ ਲਹਿ ਗਈ ਤੇ ਉਸ ਦੇ ਕੱਟੇ ਵਾਲ ਜ਼ਮੀਨ 'ਤੇ ਡਿੱਗ ਗਏ। ਇਸ ਦੌਰਾਨ ਸੁਖਵਿੰਦਰ ਕੌਰ ਬੇਹੋਸ਼ ਹੋ ਗਈ ਤੇ ਘਰ ਦੇ ਮੈਂਬਰ ਪੂਰੀ ਤਰ੍ਹਾਂ ਸਹਿਮ ਗਏ। ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰ ਸੁਖਵਿੰਦਰ ਕੌਰ ਨੂੰ ਅੱਜ ਕਿਸੇ 'ਸਿਆਣੇ ਬਾਬੇ' ਨੂੰ ਵੀ ਦਿਖਾਉਣ ਲਈ ਲੈ ਕੇ ਗਏ। ਪਿੰਡ ਵਾਸੀਆਂ ਵਿਚ ਅਜਿਹਾ ਦਹਿਸ਼ਤ ਦਾ ਮਾਹੌਲ ਹੈ ਕਿ ਉਨ੍ਹਾਂ ਆਪਣੇ ਘਰਾਂ ਅੱਗੇ ਨਿੰਮ ਦੇ ਪੱਤੇ ਬੰਨ੍ਹਣੇ ਸ਼ੁਰੂ ਕਰ ਦਿੱਤੇ ਹਨ। ਪਰਿਵਾਰਕ ਮੈਂਬਰਾਂ ਵਲੋਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ ਹੈ। ਜਦੋਂ ਇਸ ਸਬੰਧੀ ਚੌਕੀ ਇੰਚਾਰਜ ਮੱਤੇਵਾੜਾ ਕਮਿੱਕਰ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੁਖਵਿੰਦਰ ਕੌਰ ਨੂੰ ਕੋਈ ਬੰਦਾ ਉਸ ਦੇ ਵਾਲ ਕੱਟਦਾ ਨਹੀਂ ਦਿਸਿਆ ਪਰ ਫਿਰ ਵੀ ਅਸੀਂ ਸੁਖਵਿੰਦਰ ਕੌਰ ਦੇ ਬਿਆਨ ਦਰਜ ਕਰ ਲਏ ਹਨ ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਈ ਅਲਰਟ 'ਚ ਵੀ ਲਾਪ੍ਰਵਾਹੀ
NEXT STORY