ਹਲਵਾਰਾ (ਲਾਡੀ ਸਿੱਧੂ): ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ੁੱਕਰਵਾਰ ਸਵੇਰੇ ਇਕ ਟੈਕਸੀ ਚਾਲਕ ਦੀ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਰਨਾਲਾ ਵਾਸੀ 55 ਸਾਲਾ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਟਕਰਾ ਗਈ। ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਮਦਦ ਕਰਦਿਆਂ ਉਸ ਨੂੰ ਹਸਪਤਾਲ ਪਹੁੰਚਾਉਣ ਦੇ ਯਤਨ ਕੀਤੇ, ਪਰ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।
ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਸ਼ੁੱਕਰਵਾਰ ਸਵੇਰੇ ਟਰਾਈਡੈਂਟ ਕੰਪਨੀ ਦੇ ਇਕ ਅਧਿਕਾਰੀ ਨੂੰ ਦਿੱਲੀ ਜਾਣ ਵਾਲੀ ਉਡਾਣ ’ਤੇ ਰਵਾਨਾ ਕਰਨ ਲਈ ਹਲਵਾਰਾ ਹਵਾਈ ਅੱਡੇ ਪਹੁੰਚਿਆ ਸੀ। ਅਧਿਕਾਰੀ ਨੂੰ ਹਵਾਈ ਅੱਡੇ ’ਤੇ ਛੱਡਣ ਮਗਰੋਂ ਜਦੋਂ ਉਹ ਆਪਣੀ ਕਾਰ ਰਾਹੀਂ ਬਰਨਾਲਾ ਵਾਪਸ ਜਾ ਰਿਹਾ ਸੀ ਤਾਂ ਹਵਾਈ ਅੱਡੇ ਦੇ ਅੰਦਰ ਹੀ ਅਚਾਨਕ ਉਸ ਦੀ ਸਿਹਤ ਵਿਗੜ ਗਈ। ਇਸ ਦੌਰਾਨ ਕਾਰ ਦਾ ਸੰਤੁਲਨ ਵਿਗੜਨ ਕਾਰਨ ਵਾਹਨ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਨਾਲ ਜਾ ਟਕਰਾਇਆ।
ਹਾਦਸੇ ਦੀ ਆਵਾਜ਼ ਸੁਣ ਕੇ ਹਵਾਈ ਅੱਡੇ ਦੀ ਸੁਰੱਖਿਆ ਵਿਚ ਤਾਇਨਾਤ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਮੁਕੇਸ਼ ਕੁਮਾਰ ਦੀ ਮਦਦ ਕੀਤੀ। ਮੁੱਢਲੀ ਜਾਣਕਾਰੀ ਮੁਤਾਬਕ ਉਸ ਨੇ ਸੁਰੱਖਿਆ ਕਰਮਚਾਰੀਆਂ ਨੂੰ ਦੱਸਿਆ ਕਿ ਅਚਾਨਕ ਚੱਕਰ ਆਉਣ ਕਾਰਨ ਕਾਰ ਬੇਕਾਬੂ ਹੋ ਗਈ ਸੀ।
ਸਾਥੀ ਟੈਕਸੀ ਚਾਲਕ ਨੇ ਹਸਪਤਾਲ ਪਹੁੰਚਾਉਣ ਦੀ ਕੀਤੀ ਕੋਸ਼ਿਸ਼
ਘਟਨਾ ਸਮੇਂ ਮੌਕੇ ’ਤੇ ਮੌਜੂਦ ਟੈਕਸੀ ਚਾਲਕ ਜਤਿੰਦਰ ਸਿੰਘ ਨੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਨਾਲ ਮੁਕੇਸ਼ ਕੁਮਾਰ ਨੂੰ ਆਪਣੀ ਟੈਕਸੀ ਵਿਚ ਲਿਟਾਇਆ ਅਤੇ ਤੁਰੰਤ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਵੱਲ ਰਵਾਨਾ ਹੋ ਗਿਆ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੁਕੇਸ਼ ਕੁਮਾਰ ਦੀ ਤਬੀਅਤ ਮੁੜ ਵਿਗੜ ਗਈ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਹਵਾਈ ਅੱਡੇ ਦੇ ਅੰਦਰ ਵਾਪਰੀ ਇਸ ਘਟਨਾ ਕਾਰਨ ਕੁਝ ਸਮੇਂ ਲਈ ਹਲਚਲ ਮਚ ਗਈ। ਮੁਕੇਸ਼ ਕੁਮਾਰ ਦੀ ਅਚਾਨਕ ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਜਾਣਕਾਰਾਂ ਵਿਚ ਸੋਗ ਛਾ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੋਰ ਵੱਡਾ ਫ਼ੈਸਲਾ, ਪ੍ਰਚਾਰਕ ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ/ਕੀਰਤਨ 'ਤੇ ਰੋਕ
NEXT STORY