ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਅਨੰਦਪੁਰ ਸਾਹਿਬ ਹਾਈਡਲ ਨਹਿਰ 'ਤੇ ਓਵਰਬ੍ਰਿਜ ਦੀ ਉਸਾਰੀ ਮੁਕੰਮਲ ਹੋਣ ਦੀ ਬਜਾਏ ਅੱਧ-ਵਿਚਾਲੇ ਲਟਕਣ ਕਾਰਨ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਕੌਮੀ ਰਾਜਮਾਰਗ 'ਤੇ ਆਉਣ-ਜਾਣ ਵਾਲਿਆਂ ਲਈ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ। ਸ੍ਰੀ ਕੀਰਤਪੁਰ ਸਾਹਿਬ ਤੋਂ ਗਰਾਮੋੜਾ ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਵੱਲੋਂ ਇਸ ਪੁਲ ਦਾ ਨਿਰਮਾਣ ਕਾਰਜ ਕਿਸੇ ਹੋਰ ਕੰਪਨੀ ਨੂੰ ਦਿੱਤਾ ਗਿਆ ਸੀ, ਜੋ ਇਸ ਨੂੰ ਅੱਧ-ਵਿਚਾਲੇ ਛੱਡ ਕੇ ਚਲੀ ਗਈ। ਕੁਝ ਮਹੀਨੇ ਪਹਿਲਾਂ ਕੰਪਨੀ ਨੇ ਖ਼ੁਦ ਇਸਦੇ ਪੁਲ ਦਾ ਕੰਮ ਸ਼ੁਰੂ ਕੀਤਾ ਸੀ ਪਰ ਉਹ ਵੀ ਕੁਝ ਕਾਰਨਾਂ ਕਰ ਕੇ ਸਿਰੇ ਨਾ ਲੱਗਾ।
ਇਕ ਮਾਰਗੀ ਬਣੀ ਚਾਰ ਮਾਰਗੀ ਸੜਕ
ਪੁਰਾਣੇ ਪੁਲ ਤੇ ਉਸਾਰੀ ਅਧੀਨ ਓਵਰਬ੍ਰਿਜ ਦੇ ਕੋਲ ਪੈਂਦੀ ਚੜ੍ਹਾਈ ਵਿਚਕਾਰ ਪਾਣੀ ਦੀ ਨਿਕਾਸੀ ਦੀਆਂ ਜ਼ਮੀਨਦੋਜ਼ ਪਾਈਪਾਂ ਪਾਉਣ ਨੂੰ ਲੈ ਕੇ ਪਿਛਲੇ ਕਈ ਮਹੀਨੇ ਤੋਂ ਸੜਕ ਨੂੰ ਇਕ ਮਾਰਗੀ ਬਣਾਇਆ ਹੋਇਆ ਹੈ। ਸੜਕ 'ਤੇ ਵੱਡਾ ਖੱਡਾ ਪਿਆ ਹੋਇਆ ਹੈ, ਜਿਸ ਨੂੰ ਨਾ ਤਾਂ ਮੁਕੰਮਲ ਕੀਤਾ ਜਾ ਰਿਹਾ ਹੈ ਤੇ ਨਾ ਹੀ ਇਸ ਖੱਡੇ ਨੂੰ ਪੂਰਿਆ ਜਾ ਰਿਹਾ ਹੈ। ਇਸ ਕਾਰਨ ਸੜਕ ਤੋਂ ਲੰਘਣ ਵਾਲੇ ਵੱਡੇ ਤੇ ਛੋਟੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਸੜਕ 'ਤੇ ਵੱਡੇ ਵਾਹਨ ਤਿੱਖੀ ਚੜ੍ਹਾਈ ਨਾ ਚੜ੍ਹ ਪਾਉਣ ਕਰ ਕੇ ਖਰਾਬ ਹੋਣ ਦੀ ਸੂਰਤ ਵਿਚ ਸੜਕ ਦੀ ਆਵਾਜਾਈ ਪ੍ਰਭਾਵਿਤ ਕਰਦੇ ਹਨ।
ਪੁਰਾਣੇ ਪੁਲ ਤੇ ਸੜਕ ਦੀ ਹਾਲਤ ਖਸਤਾ
ਇਸ ਸਮੇਂ ਪੁਰਾਣੀ ਸੜਕ ਤੇ ਨਹਿਰ 'ਤੇ ਬਣੇ ਪੁਲ ਦੀ ਹਾਲਤ ਬੇਹੱਦ ਖਸਤਾ ਹੈ, ਜਿਸ 'ਤੇ ਥਾਂ-ਥਾ ਟੋਏ ਪਏ ਹਨ। ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਥਾਂ-ਥਾਂ ਤੋਂ ਸੜਕ ਦੇ ਪੁੱਟੇ ਜਾਣ ਕਾਰਨ ਹਰ ਸਮੇਂ ਧੂੜ ਉੱਡਦੀ ਹੈ, ਜਿਸ ਕਾਰਨ ਦੋਪਹੀਆ ਵਾਹਨ ਵਾਲਿਆਂ ਨੂੰ ਭਾਰੀ ਮੁਸ਼ਕਲ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਤੇ ਸੜਕ ਨਿਰਮਾਣ ਕੰਪਨੀ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੜਕ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾਵੇ, ਤਾਂ ਜੋ ਜਿਹੜੀ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਤੋਂ ਰਾਹਤ ਮਿਲ ਸਕੇ।
ਓਵਰਬ੍ਰਿਜ ਦੀ ਉਸਾਰੀ ਵਿਚ ਦੇਰੀ ਕਾਰਨ ਪ੍ਰੇਸ਼ਾਨੀ
ਕੀਰਤਪੁਰ ਸਾਹਿਬ ਤੋਂ ਮਨਾਲੀ ਤੇ ਵੱਖ-ਵੱਖ ਸਥਾਨਾਂ ਨੂੰ ਜਾਣ ਵਾਲੇ ਵਾਹਨ ਚਾਲਕ ਸੈਲਾਨੀਆਂ ਤੇ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਨੇ ਬੜੇ ਜ਼ੋਰਾਂ- ਸ਼ੋਰਾਂ ਨਾਲ ਕੀਰਤਪੁਰ ਸਾਹਿਬ ਤੋਂ ਸੜਕ ਦਾ ਕੰਮ ਸ਼ੁਰੂ ਕੀਤਾ ਸੀ, ਜਦੋਂਕਿ ਕੀਰਤਪੁਰ ਸਾਹਿਬ ਦੇ ਬਾਬਾ ਗੁਰਦਿੱਤਾ ਜੀ ਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਨੂੰ ਜਾਣ ਵਾਲੇ ਸੜਕੀ ਰਸਤੇ ਕੋਲ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ 'ਤੇ ਪੁਲ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਸੀ ਪਰ ਪੂਰਾ ਨਹੀਂ ਕੀਤਾ ਗਿਆ। ਪੁਲ ਬਣਾਉਣ ਵਾਲਾ ਮੈਟੀਰੀਅਲ ਇਧਰ-ਉਧਰ ਰੁਲ ਰਿਹਾ ਹੈ। ਇਸ ਸਮੇਂ ਨਹਿਰ ਦੇ ਦੋਵੇਂ ਪਾਸਿਆਂ ਨੂੰ ਆਪਸ ਵਿਚ ਜੋੜਨ ਲਈ ਸਲੈਬ ਪੈਣੀ ਬਾਕੀ ਹੈ। ਸਭ ਤੋਂ ਵੱਧ ਇਸ ਸੜਕ 'ਤੇ ਵੱਡੇ ਟਰੱਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ, ਜਿਨ੍ਹਾਂ ਨੂੰ ਇਸ ਸਮੇਂ ਭਾਰੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ।
ਕੀ ਕਹਿੰਦੇ ਹਨ ਸੜਕ ਨਿਰਮਾਣ ਇੰਚਾਰਜ
ਇਸ ਬਾਰੇ ਸੜਕ ਨਿਰਮਾਣ ਕਰਨ ਵਾਲੀ ਕੰਪਨੀ ਦੇ ਇੰਚਾਰਜ ਨਰੇਸ਼ ਕੁਮਾਰ ਨੇ ਕਿਹਾ ਕਿ ਸੜਕ ਤੇ ਪੁਲਾਂ ਦਾ ਜ਼ਿਆਦਾਤਰ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਓਵਰਬ੍ਰਿਜ ਦਾ ਮੇਜਰ ਕੰਮ ਕੰਪਨੀ ਕਰਾ ਚੁੱਕੀ ਹੈ। ਸਿਰਫ਼ ਸਲੈਬ ਪਾਉਣ ਦਾ ਕੰਮ ਬਾਕੀ ਹੈ, ਜਿਸ ਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ।
ਮੋਟਰਸਾਈਕਲ ਸਵਾਰਾਂ ਨੇ 2 ਔਰਤਾਂ ਤੋਂ ਪਰਸ ਝਪਟੇ
NEXT STORY