ਬਠਿੰਡਾ/ਚੰਡੀਗੜ੍ਹ (ਬਿਊਰੋ): ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਮੁੜ ਖੋਲ੍ਹਣ ਦੀ ਅਪੀਲ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜ਼ਮੀਨ ਦੀ ਅਦਲਾ ਬਦਲੀ ਕਰਵਾ ਕੇ ਕਰਤਾਰਪੁਰ ਸਾਹਿਬ ਵਿਖੇ ਪਵਿੱਤਰ ਗੁਰਧਾਮ ਭਾਰਤ ਵਿਚ ਸ਼ਾਮਲ ਕਰਵਾਉਣ ਅਤੇ ਉਸ ਬਦਲੇ ਹੁਸੈਨੀਵਾਲਾ ਬਾਰਡਰ ਦੇ ਪਿੰਡ ਦੀ ਕੁਝ ਜ਼ਮੀਨ ਪਾਕਿਸਤਾਨ ਨੁੰ ਦੇਣ ਦੀ ਤਜਵੀਜ਼ ਨੂੰ ਅਮਲਾ ਜਾਮਾ ਪਹਿਨਾਉਣ।ਬੀਬਾ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਡਿਪਲੋਮੈਟਿਕ ਪਹਿਲਕਦਮੀ ਕਰਦਿਆਂ ਸਥਾਈ ਸ਼ਾਂਤੀ ਲਾਂਘੇ ਦੀ ਸਿਰਜਣਾ ਕਰਵਾਉਣ ਜਿਸ ਰਾਹੀਂ ਭਾਰਤ-ਪਾਕਿਸਤਾਨ ਰਾਹੀਂ ਪਾਕਿਸਤਾਨ ਵਿਚ ਵੱਖ-ਵੱਖ ਧਰਮਾਂ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਨਾਲ ਹੋਰ ਗੱਲਾਂ ਤੋਂ ਇਲਾਵਾ ਸਿੱਖਾਂ ਨੂੰ ਰੋਜ਼ ਕੀਤੀ ਜਾਂਦੀ ਅਰਦਾਸ ਵੀ ਪੂਰੀ ਹੋ ਸਕੇਗੀ ਕਿ ਜਿਨ੍ਹਾਂ ਗੁਰਧਾਮਾਂ ਨੂੰ 1947 ਵਿਚ ਪੰਥ ਤੋਂ ਵਿਛੋੜਿਆ ਗਿਆ ਸੀ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋ ਸਕਣਗੇ।
ਪ੍ਰਧਾਨ ਮੰਤਰੀ ਨੂੰ ਲਿਖੇ ਦੋ ਸਫਿਆਂ ਦੇ ਪੱਤਰ ਵਿਚ ਬਾਦਲ ਨੇ ਉਨ੍ਹਾਂ ਨੂੰ ਚੇਤੇ ਕਰਵਾਇਆ ਕਿ ਕਰਤਾਰਪੁਰ ਸਾਹਿਬ ਨੂੰ ਭਾਰਤ ਵਿਚ ਸ਼ਾਮਲ ਕਰਵਾਉਣ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ਮੀਨ ਦੀ ਅਦਲਾ-ਬਦਲੀ ਦੀ ਤਜਵੀਜ਼ 1948 ਵਿਚ ਅਕਾਲੀ ਦਲ ਦੇ ਨੇ ਪੇਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸਲ ਵਿਚ 1969 ਵਿਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਨੇ ਇਸ ਲਈ ਸਹਿਮਤੀ ਦਿੱਤੀ ਸੀ ਕਿ ਉਹ ਦੋਹਾਂ ਦੇਸ਼ਾਂ ਵਿਚਾਲੇ ਇਸ ਅਦਲਾ-ਬਦਲੀ ਲਈ ਪਾਕਿਸਤਾਨ ਸਰਕਾਰ ਕੋਲ ਪਹੁੰਚ ਕਰਨਗੇ। ਪਹਿਲਾਂ ਵੀ ਦੋਹਾਂ ਦੇਸ਼ਾਂ ਵਿਚਾਲੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਸਥਾਨ ਦੀ ਫਿਰੋਜ਼ਪੁਰ ਸੈਕਟਰ ਦੀ ਜ਼ਮੀਨ ਦੀ ਅਦਲਾ ਬਦਲੀ ਹੋ ਚੁੱਕੀ ਹੈ ਤੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਫਰਾਕਾ ਡੈਮ ਲਈ ਜ਼ਮੀਨ ਦੀ ਅਦਲਾ ਬਦਲੀ ਹੋ ਚੁੱਕੀ ਹੈ।ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੰਦੇ ਭਾਗਾਂ ਨੂੰ ਪਾਕਿਸਤਾਨ ਸਰਕਾਰ ਤੇ ਉਸ ਵੇਲੇ ਦੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਹ ਤਜਵੀਜ਼ ਰੱਦ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪ੍ਰਸਿੱਧ ਲਾਹੌਰ ਬੱਸ ਫੇਰੀ ਦੌਰਾਨ ਅਤੇ ਉਨ੍ਹਾਂ ਦੀਆਂ ਪਾਕਿਸਤਾਨ ਹਮਰੁਤਬਾ ਨਵਾਜ਼ ਸ਼ਰੀਫ ਨਾਲ ਮੀਟਿੰਗ ਦੌਰਾਨ ਵੀ ਇਹ ਮਾਮਲਾ ਉਠਿਆ ਸੀ। ਅਜਿਹਾ ਉਸ ਵੇਲੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲਕਦਮੀ ’ਤੇ ਹੋਇਆ ਸੀ।
ਬੀਬਾ ਬਾਦਲ ਨੇ ਅਕਾਲੀ ਦਲ ਦੇ ਘਾਗ ਆਗੂ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਕੁਰਬਾਨੀ ਤੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਥੇਦਾਰ ਵਡਾਲਾ ਨੇ ਹੀ ਦਹਾਕਿਆਂ ਤੱਕ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਭਾਰਤ-ਪਾਕਿਸਤਾਨ ਸਰਹੱਦ ’ਤੇ ਰੋਸ ਅਤੇ ਜਾਗਰੂਕਤਾ ਕੈਂਡਲ ਮਾਰਚਾਂ ਦਾ ਆਯੋਜਨ ਕੀਤਾ। ਸਰਦਾਰ ਵਡਾਲਾ ਨੇ ਹੀ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਕਰਤਾਰਪੁਰ ਸਾਹਿਬ ਇਲਾਕੇ ਦੀ ਸੰਭਾਲ ਨਾ ਕਰਨ ਦਾ ਮਾਮਲਾ ਚੁੱਕਿਆ ਜਿਸਦੇ ਨਤੀਜੇ ਵਜੋਂ ਪਵਿੱਤਰ ਗੁਰਧਾਮ ਖਾਲੀ ਛੱਡ ਦਿੱਤਾ ਗਿਆ ਤੇ ਇਸਦੀ ਜ਼ਮੀਨ ਰੀਅਲ ਅਸਟੇਟ ਦੇ ਕਾਰੋਬਾਰੀਆਂ ਨੇ ਦੱਬ ਲਈ। ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਨਿਰੰਤਰ ਯਤਨਾਂ ਦੀ ਬਦੌਲਤ ਹੀ 1998 ਵਿਚ ਭਾਰਤ ਅਤੇ ਪਾਕਿਸਤਾਨ ਸਰਕਾਰ ਸਿੱਖਾਂ ਦੀ ਇਸ ਸਬੰਧੀ ਮੰਗ ਬਾਰੇ ਉਦੋਂ ਸਹਿਮਤ ਹੋਏ ਜਦੋਂ ਸਰਦਾਰ ਬਾਦਲ ਨੇ ਸਫਲਤਾ ਨਾਲ ਤਕਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੁੰ ਇਹ ਮਾਮਲਾ ਆਪਣੀ ਮਸ਼ਹੂਰ ਲਾਹੌਰ ਬੱਸ ਯਾਤਰਾ ਦੌਰਾਨ ਆਪਣੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਕੋਲ ਚੁੱਕਣ ਲਈ ਮਨਾ ਲਿਆ। ਸਰਦਾਰ ਬਾਦਲ ਦੇ ਯਤਨਾਂ ਨੁੰ ਬੂਰ ਪਿਆ ਤੇ ਸ੍ਰੀ ਵਾਜਪਾਈ ਤੇ ਸ੍ਰੀ ਸ਼ਰੀਫ ਵਿਚਾਲੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੱਣ ਲਈ ਆਪਸੀ ਸਹਿਮਤੀ ਹੋਈ।
ਬਾਦਲ ਨੇ ਚੇਤੇ ਕੀਤਾ ਕਿ ਕਿਵੇਂ ਅਖੀਰ ਵਿਚ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘਾ ਪੂਰਾ ਕਰਨ ਤੇ ਖੋਲ੍ਹੱਣ ਦੀ ਪਹਿਲਕਦਮੀ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਹਿੱਸੇ ਆਈ। ਉਹਨਾਂ ਕਿਹਾ ਕਿ ਤੁਹਾਡਾ ਇਹ ਯੋਗਦਾਨ ਸ਼ਾਂਤੀ ਤੇ ਸਮਝ ਦੇ ਪ੍ਰਤੀਕ ਵਜੋਂ ਦੁਨੀਆਂ ਵਿਚ ਜਾਣਿਆ ਜਾਵੇਗਾ। ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੱਣ ਸਮੇਂ ਸ੍ਰੀ ਮੋਦੀ ਦੀ ਤੁਲਨਾ ਬਰਲਿਨ ਦੀ ਕੰਧ ਡੇਗਣ ਨਾਲ ਕਰਨ ਦੀ ਗੱਲ ਵੀ ਚੇਤੇ ਕੀਤੀ। ਉਹਨਾਂ ਕਿਹਾ ਕਿ ਜਰਮਨੀ ਵਿਚ ਭਾਵੇਂ ਬਰਨਿਲ ਦੀ ਕੰਧ ਢਾਹੀ ਜਾ ਚੁੱਕੀ ਹੈ ਪਰ ਭਾਰਤ ਤੇ ਪਾਕਿਸਤਸਾਨ ਬਾਰਡਰ ’ਤੇ ਸਿੱਖਾਂ ਲਈ ਬਰਨਿਲ ਦੀ ਇਹ ਕੰਧ ਹਾਲੇ ਵੀ ਖੜ੍ਹੀ ਹੈ।ਉਨ੍ਹਾਂ ਨੇ ਪ੍ਰਧਾਨ ਮੰਤਰੀ ਨੁੰ ਕਿਹਾ ਕਿ ਇਸ ਲਈ ਮੈਂ ਆਪ ਨੂੰ ਬੇਨਤੀ ਕਰਦੀ ਹਾਂ ਕਿ ਆਪ ਨਿੱਜੀ ਦਖਲ ਦੇ ਕੇ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੁਲ੍ਹਵਾਓ, ਕਰਤਾਰਪੁਰ ਸਾਹਿਬ ਜ਼ਮੀਨ ਦੀ ਅਦਲਾ ਬਦਲੀ ਰਾਹੀਂ ਭਾਰਤ ਵਿਚ ਸ਼ਾਮਲ ਕਰਵਾਉਣ ਦੀ ਤਜਵੀਜ਼ ਪਾਕਿਸਤਾਨ ਨਾਲ ਵਿਚਾਰੋ ਅਤੇ ਨਾਲ ਹੀ ਸਥਾਈ ਸ਼ਾਂਤੀ ਲਾਂਘਾ ਸਥਾਪਿਤ ਕਰਨ ਦੀ ਤਜਵੀਜ਼ ਵੀ ਵਿਚਾਰੋ ਜਿਸ ਨਾਲ ਪਾਕਿਸਤਾਨ ਵਿਚਲੇ ਸਾਰੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੁਨੀਆਂ ਭਰ ਦੇ ਖਾਸ ਤੌਰ ’ਤੇ ਭਾਰਤ ਦੇ ਲੋਕ ਕਰ ਸਕਣ।
ਪੰਜਾਬ ਪੁਲਸ ਵਲੋਂ ਜਲੰਧਰ ਦੇ ਕਰਤਾਰਪੁਰ ਤੋਂ 55 ਕਿਲੋ ਅਫੀਮ ਬਰਾਮਦ
NEXT STORY