ਚੰਡੀਗਡ਼੍ਹ (ਸ਼ਰਮਾ)- ਪੰਜਾਬ ’ਚ ਦਿਨ ਪ੍ਰਤੀ ਦਿਨ ਵਧ ਰਹੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਜਿੱਥੇ ਰਾਜ ਦੇ ਨਾਗਰਿਕ ਦਹਿਸ਼ਤ ਦਾ ਮਾਹੌਲ ਮਹਿਸੂਸ ਕਰ ਰਹੇ ਹਨ, ਉਥੇ ਹੀ ਸਿਹਤ ਵਿਭਾਗ ਵਲੋਂ ਰਾਜ ਦੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕਰਨ ਅਤੇ ਵਿਭਾਗ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਲਈ ਸਥਾਪਤ ਕੀਤੀ ਗਈ ਹੈਲਪਲਾਈਨ ਵੀ ਹੈਲਪਲੈੱਸ ਪ੍ਰਤੀਤ ਹੋ ਰਹੀ ਹੈ।
ਵਿਭਾਗ ਵਲੋਂ ਇਸ ਸਬੰਧੀ ਪ੍ਰਚਾਰਿਤ ਕੀਤਾ ਗਿਆ ਹੈਲਪਲਾਈਨ ਨੰਬਰ 104 ਮਿਲਣਾ ਆਮ ਲੋਕਾਂ ਲਈ ਮੁਸ਼ਕਲ ਹੋ ਗਿਆ ਹੈ। ਵਾਰ-ਵਾਰ ਇਸ ਨੰਬਰ ’ਤੇ ਕਾਲ ਕਰਨ ’ਤੇ ਅਕਸਰ ਇਹੀ ਸੰਦੇਸ਼ ਮਿਲਦਾ ਹੈ ਕਿ ਆਪ੍ਰੇਟਰ ਵਿਅਸਤ ਹਨ, ਕ੍ਰਿਪਾ ਥੋਡ਼੍ਹੀ ਦੇਰ ਬਾਅਦ ਸੰਪਰਕ ਕਰੋ। ਦੋ ਦਿਨ ਲਗਾਤਾਰ ਲਗਭਗ 1 ਘੰਟੇ ਕੋਸ਼ਿਸ਼ ਕਰਨ ਦੇ ਬਾਵਜੂਦ ਸੰਪਰਕ ਸਾਧਣ ’ਚ ਅਸਫ਼ਲ ਰਹਿਣ ਤੋਂ ਬਾਅਦ ਇਸ ਪੱਤਰਕਾਰ ਨੇ ਸ਼ਨੀਵਾਰ ਨੂੰ ਇਕ ਵਾਰ ਫੇਰ ਯਤਨ ਕੀਤਾ।
ਹਾਲਾਂਕਿ ਅੱਜ ਲਾਈਨ ਤਾਂ ਮਿਲ ਗਈ ਪਰ ਔਰਤ ਆਪ੍ਰੇਟਰ ਮੰਗੀ ਗਈ ਜਾਣਕਾਰੀ ਪ੍ਰਦਾਨ ਕਰਨ ’ਚ ਅਸਫ਼ਲ ਰਹੀ। ਪੁੱਛਿਆ ਗਿਆ ਸੀ ਕਿ ਇਸ ਨੰਬਰ ’ਤੇ ਕਿੰਨੀਆਂ ਲਾਈਨਾਂ ਸਰਗਰਮ ਹਨ, ਕਿਉਂਕਿ ਇਸ ਨੰਬਰ ’ਤੇ ਸੰਪਰਕ ਨਹੀਂ ਹੋ ਪਾ ਰਿਹਾ ਹੈ। ਇਹ ਵੀ ਜਾਣਨਾ ਚਾਹਿਆ ਕਿ ਔਸਤਨ ਹਰ ਰੋਜ਼ ਇਸ ਨੰਬਰ ’ਤੇ ਕਿੰਨੀਆਂ ਕਾਲਾਂ ਰਿਸੀਵ ਹੁੰਦੀਆਂ ਹਨ। ਜਵਾਬ ਮਿਲਿਆ ਕਿ ਇਸ ਸਬੰਧੀ ਉਨ੍ਹਾਂ ਦੇ ਸੀਨੀਅਰ ਹੀ ਜਾਣਕਾਰੀ ਦੇ ਸਕਦੇ ਹਨ ਅਤੇ ਉਹ ਕੁੱਝ ਹੀ ਸਮੇਂ ’ਚ ਤੁਹਾਡੇ ਨਾਲ ਸੰਪਰਕ ਸਾਧਣਗੇ। ਪਰ 15 ਮਿੰਟ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਫੇਰ ਟ੍ਰਾਈ ਕੀਤਾ ਗਿਆ। ਫੇਰ ਤੋਂ ਲਾਈਨ ਵਿਅਸਤ ਆਈ । ਫੇਰ ਯਤਨ ਕੀਤਾ ਗਿਆ ਤਾਂ ਫੇਰ ਉਹੀ ਜਵਾਬ ਮਿਲਿਆ ਕਿ ਸੀਨੀਅਰ ਕੁੱਝ ਦੇਰ ’ਚ ਤੁਹਾਡੇ ਨਾਲ ਸੰਪਰਕ ਕਰਨਗੇ, ਪਰ ਉਹ ਕੁੱਝ ਦੇਰ ਅਨਿਸ਼ਚਿਤਕਾਲ ’ਚ ਬਦਲ ਗਈ। ਹਾਲਾਂਕਿ ਦਹਿਸ਼ਤ ਦੇ ਮਾਹੌਲ ’ਚ ਜੀਅ ਰਹੇ ਰਾਜ ਦੇ ਲੋਕਾਂ ਲਈ ਇਹ ਹੈਲਪਲਾਈਨ ਬੇਸ਼ਕ ਵਿਭਾਗ ਦਾ ਚੰਗਾ ਯਤਨ ਹੈ ਪਰ ਇਸ ਹੈਲਪਲਾਈਨ ਦਾ ਹੈਲਪਲੈੱਸ ਹੋ ਜਾਣਾ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਘੱਟ ਕਰਨ ਦੀ ਬਜਾਏ ਹੋਰ ਵਧਾ ਰਿਹਾ ਹੈ।
ਆਖਰ ਆਇਆ ਫ਼ੋਨ:
ਲਗਭਗ ਅੱਧੇ ਘੰਟੇ ਮਗਰੋਂ ਹੈਲਪਲਾਈਨ ਤੋਂ ਬਲਜੀਤ ਦੀ ਫ਼ੋਨ ਕਾਲ ਆਈ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਕਿੰਨੀ ਲਾਈਨਾਂ ਹਨ ਜਾਂ ਹਰ ਰੋਜ਼ ਔਸਤਨ ਕਿੰਨੀਆਂ ਕਾਲਾਂ ਹੈਲਪਲਾਈਨ ’ਤੇ ਰਿਸੀਵ ਹੁੰਦੀਆਂ ਹਨ, ਇਸ ਦੀ ਜਾਣਕਾਰੀ ਪੰਜਾਬ ਸਟੇਟ ਹੈਲਥ ਕਾਰਪੋਰੇਸ਼ਨ ਦੇ ਐੱਮ.ਡੀ. ਮਨਵੇਸ਼ ਸਿੰਘ ਸਿੱਧੂ ਹੀ ਦੇ ਸਕਦੇ ਹਨ। ਸਿੱਧੂ ਦਾ ਮੋਬਾਇਲ ਨੰਬਰ ਮੰਗਣ ’ਤੇ ਬਲਜੀਤ ਸਿੰਘ ਨੇ ਇਸ ਤੋਂ ਅਣਜਾਣਤਾ ਪ੍ਰਗਟਾਈ।
ਹਾਂ, ਪਹਿਲਾਂ ਜ਼ਰੂਰ ਸਮੱਸਿਆ ਸੀ ਪਰ ਹੁਣ ਅਸੀਂ ਇਸ ਹੈਲਪਲਾਈਨ ’ਤੇ ਲਾਈਨਾਂ ਦੀ ਗਿਣਤੀ 12 ਤੋਂ ਵਧਾ ਕੇ 37 ਕਰ ਦਿੱਤੀ ਹੈ। ਔਸਤਨ ਲਗਭਗ 9000 ਕਾਲਾਂ ਹਰ ਰੋਜ਼ ਪ੍ਰਾਪਤ ਹੋ ਰਹੀਆਂ ਹਨ, ਜਿਨ੍ਹਾਂ ’ਚੋਂ ਲਗਭਗ 8200 ਮੈਚਿਓਰ ਹੋ ਰਹੀਆਂ ਹਨ। ਬਾਕੀ ਕਾਲਾਂ ਜੋ ਡ੍ਰਾਪ ਹੋ ਰਹੀਆਂ ਹਨ, ਉਹ ਕਾਲਰ ਵਲੋਂ ਇੰਤਜ਼ਾਰ ਨਾ ਕਰਨ ਦੇ ਕਾਰਨ ਹੋ ਰਹੀਆਂ ਹਨ। ਕਾਲ ਕਰਨ ’ਤੇ ਜੇਕਰ ਲਾਈਨ ਵਿਅਸਤ ਆਉਂਦੀ ਹੈ ਤਾਂ ਇੰਤਜ਼ਾਰ ਕੀਤਾ ਜਾਣਾ ਚਾਹੀਦਾ ਹੈ। ਆਪ੍ਰੇਟਰ ਕੁੱਝ ਸਮੇਂ ਬਾਅਦ ਖੁਦ ਹੀ ਲਾਈਨ ’ਤੇ ਆ ਜਾਵੇਗਾ। ਲਾਈਨ ਵਿਅਸਤ ਆਉਣ ’ਤੇ ਕਾਲ ਨੂੰ ਡਿਸਕਨੈਕਟ ਨਹੀਂ ਕੀਤਾ ਜਾਣਾ ਚਾਹੀਦਾ। -ਮਨਵੇਸ਼ ਸਿੰਘ ਸਿੱਧੂ, ਐੱਮ.ਡੀ., ਪੰਜਾਬ ਸਟੇਟ ਹੈਲਥ ਕਾਰਪੋਰੇਸ਼ਨ ਲਿਮਟਡ।\
ਅਸਥੀਆਂ ਨਾਲ ਨਹੀਂ ਹੁੰਦਾ ਕੋਰੋਨਾ, ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦੇ ਅੰਤਿਮ ਦਰਸ਼ਨ ਦੀ ਮਨਾਹੀ ਨਹੀਂ
NEXT STORY