ਮੋਗਾ (ਬਿਊਰੋ)—ਕੇਂਦਰ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ (ਆਯੂਸ਼ਮਾਨ ਭਾਰਤ) ਪੰਜਾਬ 'ਚ ਲਾਗੂ ਹੋਣ ਦੇ ਨਾਲ ਹੀ ਇਹ ਮੋਗਾ ਦੇ ਪਿੰਡ ਮਾਛੀਕੇ ਨਿਵਾਸੀ ਸਬਜ਼ੀ ਵਿਕਰੇਤਾ ਜਗਜੀਤ ਸਿੰਘ ਨੂੰ ਨਵੀਂ ਜ਼ਿੰਦਗੀ ਦੇ ਗਿਆ। ਇਸ ਯੋਜਨਾ ਦੇ ਤਹਿਤ ਲਾਭ ਲੈਣ ਵਾਲੇ ਇਹ ਪੰਜਾਬ ਦੇ ਪਹਿਲੇ ਮਰੀਜ਼ ਬਣ ਗਏ ਹਨ। ਉਸ ਨੂੰ ਮੋਗਾ ਦੇ ਦੱਤ ਰੋਡ ਸਥਿਤ ਮੈਡੀਸਿਟੀ ਮਲਟੀਸਪੈਸ਼ਲਿਟੀ ਹਸਪਤਾਲ 'ਚ ਉਕਤ ਬੀਮਾ ਯੋਜਨਾ ਦੇ ਤਹਿਤ ਕਵਰ ਕਰਦੇ ਹੋਏ ਫਰੀ ਇਲਾਜ ਮਿਲ ਰਿਹਾ ਹੈ। ਹਸਪਤਾਲ 'ਚ ਮੌਜੂਦ ਜਗਜੀਤ ਸਿੰਘ ਦੇ 27 ਸਾਲਾ ਮਜ਼ਦੂਰ ਬੇਟੇ ਸੋਹਨ ਸਿੰਘ ਨੇ ਦੱਸਿਆ ਕਿ ਜੇਕਰ ਸਰਬੱਤ ਸਿਹਤ ਬੀਮਾ ਨਹੀਂ ਹੁੰਦਾ ਤਾਂ ਜ਼ਖਮੀ ਪਿਤਾ ਦਾ ਮਹਿੰਗਾ ਇਲਾਜ ਕਰਵਾਉਣਾ ਮੁਸ਼ਕਲ ਹੁੰਦਾ।
ਉਸ ਨੇ ਦੱਸਿਆ ਕਿ 18 ਅਗਸਤ ਨੂੰ ਤੜਕੇ ਲਗਭਗ ਚਾਰ ਵਜੇ ਸਬਜ਼ੀ ਮੰਡੀ 'ਚ ਜਾਂਦੇ ਸਮੇਂ ਪਿਤਾ ਦਾ ਸੜਕ ਹਾਦਸੇ 'ਚ ਹੱਥ ਟੁੱਟਣ ਸਮੇਤ ਸਿਰ 'ਚ ਵੀ ਗੰਭੀਰ ਸੱਟ ਲੱਗੀ ਸੀ। ਪਹਿਲਾਂ ਤਾਂ ਉਸ ਨੇ ਇਕ ਛੋਟੇ ਹਸਪਤਾਲ 'ਚ ਇਲਾਜ ਕਰਵਾਇਆ, ਪਰ ਸਿਰ ਦਰਦ ਵਧਣ 'ਤੇ ਉਹ ਪਿਤਾ ਨੂੰ ਮੈਡੀਸਿਟੀ ਮਲਟੀਸਪੈਸ਼ਲਿਟੀ ਹਸਪਤਾਲ ਲੈ ਗਿਆ। ਉੱਥੇ ਮਰੀਜ਼ ਦੀ ਹਾਲਤ ਅਤੇ ਉਨ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਹਸਪਤਾਲ ਦੇ ਸੰਚਾਲਕ ਡਾ. ਅਜਮੇਰ ਕਾਲੜਾ ਨੇ ਮਰੀਜ਼ ਦਾ ਆਯੂਸ਼ਮਾਨ ਭਾਰਤ ਯੋਜਨਾ 'ਚ ਰਜਿਸਟਰੇਸ਼ਨ ਕਰਵਾ ਕੇ ਮੰਗਲਵਾਰ ਨੂੰ ਹੀ ਉਸ ਦਾ ਈ-ਕਾਰਡ ਬਣਾ ਕੇ ਜਾਰੀ ਕਰ ਦਿੱਤਾ। ਬਾਅਦ 'ਚ ਯੋਜਨਾ ਦੀ ਅਥਾਰਿਟੀ ਨੂੰ ਆਨਲਾਈਨ ਪੂਰਾ ਰਿਕਾਰਡ ਭੇਜ ਕੇ ਇਲਾਜ ਦੀ ਮਨਜ਼ੂਰੀ ਲੈ ਕੇ ਹਸਪਤਾਲ 'ਚ ਫਰੀ ਇਲਾਜ ਸ਼ੁਰੂ ਕਰ ਦਿੱਤਾ। ਸੋਹਨ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਨੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਜ਼ਦੂਰੀ ਕਰਕੇ ਪੇਟ ਭਰਨ ਵਾਲਾ ਉਹ ਪਿਤਾ ਦਾ ਇਲਾਜ ਨਹੀਂ ਕਰਵਾ ਸਕਦਾ ਸੀ ਪਰ ਇਸ ਸਕੀਮ ਦੇ ਤਹਿਤ ਉਸ ਨੂੰ ਹਸਪਤਾਲ 'ਚ ਸਾਰੇ ਟੈਸਟ ਅਤੇ ਦਵਾਈਆਂ ਮੁਫਤ 'ਚ ਮਿਲੀਆਂ ਹਨ।
ਦੂਜੇ ਪਾਸੇ ਡਾ.ਅਜਮੇਰ ਕਾਲੜਾ ਨੇ ਦੱਸਿਆ ਕਿ ਯੋਜਨਾ ਦੇ ਤਹਿਤ ਸਰਜਰੀ ਦੀ ਰਾਸ਼ੀ ਸਿਰਫ ਨੌ ਹਜ਼ਾਰ ਰੁਪਏ ਰੱਖੀ ਹੈ ਜੋ ਕਾਫੀ ਘੱਟ ਹੈ, ਪਰ ਮਾਨਵਤਾ ਦੀ ਸੇਵਾ ਲਈ ਸਰਕਾਰ ਦਾ ਇਕ ਵਧੀਆ ਕਦਮ ਹੈ।
ਹੁਣ ਨਸ਼ਾ ਵੇਚਣ ਤੇ ਖਰੀਦਣ ਵਾਲੇ ਹੋਣਗੇ ਕੈਮਰਿਆਂ 'ਚ ਕੈਦ
NEXT STORY