ਚੰਡੀਗੜ੍ਹ (ਬਿਉਰੋ) - ਮਨੀਮਾਜਰਾ ਦੇ ਇਲਾਕੇ ਵਿਚ ਬਾਪੂ ਧਾਮ ਕਾਲੋਨੀ ਦੇ ਪਿੱਛੇ ਮੱਛੀ ਮਾਰਕੀਟ ਨਾਲ ਲੱਗਦੇ ਇਕ ਕੈਮੀਕਲ ਦੇ ਗੋਦਾਮ ਵਿਚ ਸ਼ਾਮ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੇ ਵੇਖਦਿਆਂ ਹੀ ਵੇਖਦਿਆਂ ਭਿਆਨਕ ਰੂਪ ਧਾਰ ਲਿਆ ਤੇ ਉਸ ਨੂੰ ਕੰਟਰੋਲ ਕਰਨ ਲਈ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਪਸੀਨੇ ਛੁੱਟ ਗਏ। ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਪਰ ਦੇਰ ਰਾਤ ਤਕ ਚੰਗਿਆੜੀਆਂ ਭੜਕਦੀਆਂ ਰਹੀਆਂ, ਜਿਸ ਕਾਰਨ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਉਥੇ ਮੌਜੂਦ ਸੀ। ਨੁਕਸਾਨ ਦਾ ਅੰਦਾਜ਼ਾ ਲੱਖਾਂ ਵਿਚ ਲਾਇਆ ਜਾ ਰਿਹਾ ਹੈ ਪਰ ਕਿਸੇ ਦੇ ਵੀ ਜ਼ਖਮੀ ਹੋਣ ਜਾਂ ਹੋਰ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਸੀ। ਫਾਇਰ ਬ੍ਰਿਗੇਡ ਵਿਭਾਗ ਦੇ ਫਾਇਰ ਅਫਸਰ ਐੱਮ. ਐੱਲ. ਸ਼ਰਮਾ ਟੀਮ ਨਾਲ ਮੌਕੇ 'ਤੇ ਪਹੁੰਚ ਗਏ ਸਨ, ਜਿਨ੍ਹਾਂ ਨੇ ਦੱਸਿਆ ਕਿ ਗੋਦਾਮ ਵਿਚ ਥਿਨਰ ਸਟੋਰ ਕੀਤਾ ਹੋਇਆ ਸੀ, ਜਦਕਿ ਇਸ ਦਾ ਮੈਨੂਫੈਕਚਰਿੰਗ ਯੂਨਿਟ ਡੇਰਾਬੱਸੀ ਵਿਚ ਹੈ। ਗੋਦਾਮ ਵਿਚ ਘਟਨਾ ਸਮੇਂ ਦੋ ਲੋਕ ਸਨ, ਜੋ ਸੁਰੱਖਿਅਤ ਬਾਹਰ ਨਿਕਲ ਗਏ ਤੇ ਮੌਕੇ ਤੋਂ ਗਾਇਬ ਹੋ ਗਏ।
ਅੱਧਾ ਕਿਲੋਮੀਟਰ ਦੂਰ ਡਿੱਗੇ ਅੱਗ ਦੇ ਗੋਲੇ
ਘਟਨਾ ਤੋਂ ਬਾਅਦ ਥਿਨਰ ਟੈਂਕ ਵਿਚ ਧਮਾਕੇ ਹੋਣੇ ਸ਼ੁਰੂ ਹੋ ਗਏ ਤੇ ਅੱਗ ਦੇ ਗੋਲੇ ਅੱਧਾ ਕਿਲੋਮੀਟਰ ਤਕ ਜਾ ਕੇ ਡਿੱਗੇ। ਨਾਲ ਹੀ ਐੱਲ. ਪੀ. ਜੀ. ਦੀ ਗੈਸ ਦਾ ਗੋਦਾਮ ਵੀ ਹੈ, ਜਿਸ ਕਾਰਨ ਆਸ-ਪਾਸ ਭਾਜੜ ਮਚੀ ਰਹੀ। ਚੰਡੀਗੜ੍ਹ ਤੇ ਆਸ-ਪਾਸ ਤੋਂ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਮੌਜੂਦ ਰਹੀਆਂ।
ਗੋਦਾਮ ਦੀ ਹੋਵੇਗੀ ਜਾਂਚ
ਐੱਸ. ਐੱਚ. ਓ. ਰਾਜੀਵ ਕੁਮਾਰ ਅਨੁਸਾਰ ਉਨ੍ਹਾਂ ਗੋਦਾਮ ਦੇ ਦਸਤਾਵੇਜ਼ ਜਾਂਚੇ ਹਨ, ਜਿਨ੍ਹਾਂ ਵਿਚ ਗੋਦਾਮ ਰੱਖਣ ਦਾ ਲਾਇਸੈਂਸ ਵੀ ਸ਼ਾਮਲ ਹੈ। ਹੁਣ ਸਵਾਲ ਇਹ ਉਠ ਰਿਹਾ ਹੈ ਕਿ ਉਕਤ ਲਾਇਸੈਂਸ ਥਿਨਰ ਦੇ ਗੋਦਾਮ ਲਈ ਲਿਆ ਗਿਆ ਸੀ ਜਾਂ ਕਿਸੇ ਹੋਰ ਕੈਮੀਕਲ ਦੀ ਸਟੋਰੇਜ ਲਈ। ਪੁਲਸ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਨੂੰ ਸ਼ਿਕਾਇਤ ਮਿਲਦੀ ਹੈ ਤਾਂ ਉਹ ਮਾਮਲੇ ਦੀ ਜਾਂਚ ਕਰਨਗੇ।
ਬੱਬੂ ਮਾਨ ਨੂੰ ਐਵਾਰਡ ਮਿਲਣ 'ਤੇ ਜੱਦੀ ਪਿੰਡ 'ਚ ਖੁਸ਼ੀ ਦਾ ਮਾਹੌਲ
NEXT STORY