ਚੰਡੀਗੜ੍ਹ : ਚੰਡੀਗੜ੍ਹ ਅਤੇ ਮੋਹਾਲੀ 'ਚ ਲਗਾਤਾਰ ਪੈ ਰਹੀ ਭਾਰੀ ਮੀਂਹ ਕਾਰਨ ਸੜਕਾਂ ਜਿੱਥੇ ਜਲ-ਥਲ ਹੋ ਗਈਆਂ ਹਨ, ਉੱਥੇ ਹੀ ਕਈ ਥਾਵਾਂ 'ਤੇ ਭਾਰੀ ਨੁਕਸਾਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਚੰਡੀਗੜ੍ਹ ਜਾਂ ਮੋਹਾਲੀ ਵਾਲੇ ਪਾਸੇ ਆ ਰਹੇ ਹੋ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੰਡੀਗੜ੍ਹ 'ਚ ਭਾਰੀ ਬਾਰਸ਼ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਿਛਲੇ 2 ਦਿਨਾਂ ਤੋਂ ਪੈ ਰਹੇ ਮੀਂਹ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਮੀਂਹ ਕਾਰਨ ਸੜਕਾਂ ਧੱਸ ਗਈਆਂ ਹਨ, ਘਰਾਂ 'ਚ ਪਾਣੀ ਦਾਖ਼ਲ ਹੋ ਗਿਆ ਹੈ ਅਤੇ ਲੋਕਾਂ ਨੂੰ ਕਿਸ਼ਤੀਆਂ ਨਾਲ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਮੋਹਾਲੀ 'ਚ ਵੀ ਬਹੁਤੀਆਂ ਥਾਵਾਂ 'ਤੇ ਪਾਣੀ ਭਰ ਗਿਆ ਹੈ। ਥਾਂ-ਥਾਂ ਦਰੱਖਤ ਡਿੱਗੇ ਹੋਏ ਹਨ।

ਰਾਧਾ ਸੁਆਮੀ ਰੋਡ ਨੇੜੇ ਇੰਨਾ ਪਾਣੀ ਭਰ ਗਿਆ ਕਿ ਏਅਰਪੋਰਟ ਰੋਡ ਅਤੇ ਰਾਧਾ ਸੁਆਮੀ ਭਵਨ ਦੇ ਨਾਲ ਵਾਲੀ ਸੜਕ 'ਤੇ ਵਾਹਨ ਪਾਣੀ 'ਚ ਤੈਰਦੇ ਹੋਏ ਦਿਖਾਈ ਦਿੱਤੇ।
ਇਹ ਵੀ ਪੜ੍ਹੋ : ਘੱਗਰ ਦਰਿਆ ਖ਼ਤਰੇ ਦੇ ਲੈਵਲ ਤੋਂ 4 ਫੁੱਟ ਉੱਪਰ ਪੁੱਜਾ, ਹੋਰ ਜ਼ਿਆਦਾ ਖ਼ਰਾਬ ਹੋ ਸਕਦੇ ਨੇ ਪਟਿਆਲਾ ਦੇ ਹਾਲਾਤ (ਤਸਵੀਰਾਂ)

ਸੁਖਨਾ ਝੀਲ ਦੇ ਬਾਹਰ ਆਇਆ ਪਾਣੀ
ਐਤਵਾਰ ਨੂੰ ਸੁਖਨਾ ਝੀਲ ਦੇ ਪਾਣੀ ਦਾ ਪੱਧਰ 1164.75 ਫੁੱਟ 'ਤੇ ਪਹੁੰਚ ਗਿਆ ਸੀ, ਜਿਸ ਤੋਂ ਬਾਅਦ 2 ਫਲੱਡ ਗੇਟ ਖੋਲ੍ਹਣੇ ਪਏ ਸਨ। ਸੁਖਨਾ ਝੀਲ ਦਾ ਪਾਣੀ ਬਾਹਰ ਆ ਗਿਆ।

ਸਿਹਤ ਵਿਭਾਗ ਨੇ ਕੀਤੀ ਐਡਵਾਇਜ਼ਰੀ ਜਾਰੀ
ਸ਼ਹਿਰ 'ਚ ਲਗਾਤਾਰ ਹੋ ਪੈ ਰਹੇ ਮੀਂਹ ਦੇ ਮੱਦੇਨਜ਼ਰ ਚੰਡੀਗੜ੍ਹ ਸਿਹਤ ਵਿਭਾਗ ਨੇ ਵੀ ਹੈਲਥ ਐਡਵਾਇਜ਼ਰੀ ਜਾਰੀ ਕੀਤੀ, ਜਿਸ 'ਚ ਖਾਣ-ਪੀਣ ਅਤੇ ਵੈਕਟਰ ਬੋਰਨ ਡਿਜ਼ੀਜ਼ ਸਬੰਧੀ ਲੋਕਾਂ ਨੂੰ ਸੁਚੇਤ ਰਹਿਣ ਦੀ ਗੱਲ ਕਹੀ ਗਈ ਹੈ।

ਵਿਭਾਗ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਦੌਰਾਨ ਖ਼ਾਸ ਕਰ ਕੇ ਪੀਣ ਵਾਲੇ ਪਾਣੀ ਸਬੰਧੀ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਨਾਲ ਹੀ ਆਪਣੀ ਪ੍ਰਸਨਲ ਹਾਈਜ਼ੀਨ ਅਤੇ ਸਫਾਈ ਬਣਾਈ ਰੱਖੋ। ਬਾਹਰੀ ਖਾਣੇ ਤੋਂ ਬਚੋ ਤੇ ਕੱਟੇ ਹੋਏ ਫਲ ਨਾ ਖਾਓ। ਕੱਚੀਆਂ ਸਬਜ਼ੀਆਂ ਚੰਗੀ ਤਰ੍ਹਾਂ ਪਕਾ ਕੇ ਖਾਓ। ਖਾਣ-ਪੀਣ 'ਚ ਥੋੜ੍ਹੀ ਜਿਹੀ ਲਾਪਰਵਾਹੀ ਡਾਇਰੀਆ ਅਤੇ ਦੂਜੀਆਂ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਮੀਂਹ ਦੀ ਤਬਾਹੀ ਦਰਮਿਆਨ CM ਭਗਵੰਤ ਮਾਨ ਦੀ ਲੋਕਾਂ ਨੂੰ ਖ਼ਾਸ ਅਪੀਲ

ਮਲੋਆ ’ਚ ਟੋਭੇ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਤੇਜ਼ ਮੀਂਹ 'ਚ ਐਤਵਾਰ ਸਵੇਰੇ ਮਲੋਆ ਬੱਸ ਅੱਡੇ ਸਥਿਤ ਪਾਣੀ ਦੇ ਟੋਭੇ 'ਚ ਨੌਜਵਾਨ ਡੁੱਬ ਗਿਆ। ਕਾਂਸਟੇਬਲ ਜਸਬੀਰ ਨੌਜਵਾਨ ਨੂੰ ਡੁੱਬਦਾ ਵੇਖ ਉਸ ਨੂੰ ਬਚਾਉਣ ਲਈ ਟੋਭੇ 'ਚ ਗਏ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਅਤੇ ਪੀ. ਸੀ. ਆਰ. ਨੇ ਉਸਨੂੰ ਸੈਕਟਰ-16 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਦੌਰਾਨ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਬਿਨਾਂ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਨਿਕਲਣ ਲੋਕ

ਸੜਕਾਂ 'ਤੇ ਭਰਿਆ ਪਾਣੀ, ਡਾਇਵਰਟ ਕੀਤਾ ਗਿਆ ਟ੍ਰੈਫਿਕ
ਤੇਜ਼ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਹੀ ਪਾਣੀ ਹੋ ਗਿਆ। ਜ਼ਿਆਦਾਤਰ ਪਾਣੀ ਚੌਰਸਤਿਆਂ ਅਤੇ ਲਾਇਟ ਪੁਆਇੰਟਾਂ ’ਤੇ ਖੜ੍ਹਾ ਹੋਇਆ। ਸੁਖ਼ਨਾ ਲੇਕ ਦਾ ਗੇਟ ਖੋਲ੍ਹਣ ’ਤੇ ਚੋਅ ਨੂੰ ਚਾਰੇ ਪਾਸੇ ਆਉਣ-ਜਾਣ ਵਾਲੀਆਂ ਸੜਕਾਂ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਬੰਦ ਕਰ ਦਿੱਤਾ ਅਤੇ ਟ੍ਰੈਫਿਕ ਡਾਇਵਰਟ ਕਰ ਦਿੱਤਾ।

ਪੀ. ਸੀ. ਆਰ. ਦੇ ਜਵਾਨ ਸੁਖਨਾ ਚੋਅ ਦੇ ਦੋਵੇਂ ਪਾਸੇ ਬੈਰੀਕੇਡ ਲਾ ਕੇ ਖੜ੍ਹੇ ਹੋ ਕੇ ਲੋਕਾਂ ਨੂੰ ਰੋਕਦੇ ਰਹੇ। ਇਸ ਤੋਂ ਇਲਾਵਾ ਪੁਲਸ ਮੁਲਾਜ਼ਮ ਲਾਈਟ ਪੁਆਇੰਟ ਅਤੇ ਚੌਰਸਤੇ ’ਤੇ ਟ੍ਰੈਫ਼ਿਕ ਨੂੰ ਕੰਟਰੋਲ ਕਰਦੇ ਰਹੇ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਸੰਸਥਾਵਾਂ ਨੂੰ ਖ਼ਾਸ ਅਪੀਲ
NEXT STORY