ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਜ਼ਮੀਨੀ ਵਿਵਾਦ ਵਿਚ ਅਹਿਮ ਫ਼ੈਸਲਾ ਸੁਣਾਇਆ ਹੈ। ਬਠਿੰਡਾ ਦੀ 64 ਕਨਾਲ 12 ਮਰਲੇ ਖੇਤੀਬਾੜੀ ਵਾਲੀ ਜ਼ਮੀਨ ਦੇ ਵਿਵਾਦ 'ਚ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ 32 ਸਾਲਾ ਵਿਅਕਤੀ ਵੱਲੋਂ ਬਣਾਈ ਗਈ ਵਸੀਅਤ ਨੂੰ ਫਰਜ਼ੀ ਅਤੇ ਸ਼ੱਕੀ ਮੰਨਦਿਆਂ ਰੱਦ ਕਰ ਦਿੱਤਾ ਹੈ।
ਜਸਟਿਸ ਵਿਕਰਮ ਅਗਰਵਾਲ ਨੇ ਕਿਹਾ ਕਿ ਆਮ ਹਾਲਤਾਂ ਵਿਚ ਇਕ 32 ਸਾਲ ਦਾ ਤੰਦਰੁਸਤ ਵਿਅਕਤੀ ਵਸੀਅਤ ਨਹੀਂ ਬਣਾਉਂਦਾ। ਜੇਕਰ ਅਜਿਹੀ ਕੋਈ ਵਸੀਅਤ ਸਾਹਮਣੇ ਆਉਂਦੀ ਹੈ, ਤਾਂ ਉਸ ਨੂੰ ਸਾਬਤ ਕਰਨ ਅਤੇ ਸਾਰੇ ਸ਼ੰਕਿਆਂ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਉਸ ਪੱਖ ਦੀ ਹੁੰਦੀ ਹੈ ਜੋ ਇਸ ਦਾ ਦਾਅਵਾ ਕਰ ਰਿਹਾ ਹੈ। ਵਸੀਅਤ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਕ ਚਾਰ ਸਾਲ ਦੇ ਬੱਚੇ ਨੇ ਵਿਅਕਤੀ ਦੀ ਸੇਵਾ ਕੀਤੀ ਸੀ, ਜਿਸ ਤੋਂ ਖੁਸ਼ ਹੋ ਕੇ ਸਾਰੀ ਜਾਇਦਾਦ ਉਸ ਦੇ ਨਾਂ ਕਰ ਦਿੱਤੀ ਗਈ। ਅਦਾਲਤ ਨੇ ਇਸ 'ਤੇ ਸਵਾਲ ਚੁੱਕਿਆ ਕਿ ਇਕ ਚਾਰ ਸਾਲ ਦਾ ਬੱਚਾ ਕਿਸੇ ਦੀ ਸੇਵਾ ਕਿਵੇਂ ਕਰ ਸਕਦਾ ਹੈ?
ਦਰਅਸਲ, ਇਹ ਮਾਮਲਾ ਮ੍ਰਿਤਕ ਗੁਰਸੇਵਕ ਸਿੰਘ ਦੀ ਬੇਟੀ ਰਮਨਦੀਪ ਕੌਰ ਵੱਲੋਂ ਦਾਇਰ ਕੀਤਾ ਗਿਆ ਸੀ। ਉਸ ਨੇ ਆਪਣੇ ਚਚੇਰੇ ਭਰਾ ਜਗਵਿੰਦਰ ਸਿੰਘ ਦੇ ਹੱਕ ਵਿਚ ਦਰਜ ਕਰਵਾਈ ਗਈ 23 ਫਰਵਰੀ 1984 ਦੀ ਵਸੀਅਤ ਨੂੰ ਫਰਜ਼ੀ ਦੱਸਦਿਆਂ ਚੁਣੌਤੀ ਦਿੱਤੀ ਸੀ। ਇਸ ਮਾਮਲੇ ਵਿਚ ਕਾਫ਼ੀ ਚੀਜ਼ਾਂ ਸ਼ੱਕੀ ਸਨ, ਜਿਵੇਂ ਵਸੀਅਤ ਵਿਅਕਤੀ ਦੀ ਮੌਤ ਤੋਂ ਬਾਅਦ ਰਜਿਸਟਰ ਕਰਵਾਈ ਗਈ ਸੀ। ਅਦਾਲਤ ਵਿਚ ਅਸਲ ਵਸੀਅਤ ਪੇਸ਼ ਨਹੀਂ ਕੀਤੀ ਗਈ ਅਤੇ ਉਸ ਦੇ ਗੁੰਮ ਹੋਣ ਦਾ ਕੋਈ ਤਸੱਲੀਬਖਸ਼ ਕਾਰਨ ਵੀ ਨਹੀਂ ਦਿੱਤਾ ਗਿਆ। ਵਸੀਅਤ ਵਿੱਚ ਇਹ ਸਪੱਸ਼ਟ ਨਹੀਂ ਸੀ ਕਿ ਮ੍ਰਿਤਕ ਨੇ ਆਪਣੀਆਂ ਧੀਆਂ ਨੂੰ ਜਾਇਦਾਦ ਤੋਂ ਵਾਂਝਾ ਕਿਉਂ ਰੱਖਿਆ। ਹਾਈ ਕੋਰਟ ਨੇ ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਨੂੰ ਬਰਕਰਾਰ ਰੱਖਦਿਆਂ ਇਸ ਦੂਜੀ ਅਪੀਲ ਨੂੰ ਖਾਰਜ ਕਰ ਦਿੱਤਾ।
ਪੰਜਾਬ ਭਾਜਪਾ 'ਚ ਨਿਯੁਕਤੀਆਂ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ ਐਲਾਨ
NEXT STORY