ਬੰਗਾ, (ਚਮਨ ਲਾਲ/ਰਾਕੇਸ਼)- ਅੱਜਕੱਲ ਮੁੱਖ ਮਾਰਗ ਦੇ ਕਿਨਾਰੇ ਫੜ੍ਹੀਆਂ ਲਾ ਕੇ ਆਪਣਾ ਮਾਲ ਵੇਚਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ, ਜਿਸ ਨਾਲ ਜਿਥੇ ਹਾਦਸਿਆਂ ਦਾ ਖਦਸ਼ਾ ਵੀ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਉਥੇ ਹੀ ਸ਼ਹਿਰ ਵਾਸੀ ਵੀ ਇਨ੍ਹਾਂ ਵੱਧ ਰਹੇ ਫੜ੍ਹੀ ਮਾਲਕਾਂ ਤੋਂ ਡਾਢੇ ਪ੍ਰੇਸ਼ਾਨ ਹਨ ਪਰ ਪ੍ਰਸ਼ਾਸਨ ਹੈ ਦਾ ਇਸ ਵੱਲ ਧਿਆਨ ਹੀ ਨਹੀਂ ਦੇ ਰਿਹਾ।
ਸ਼ਹਿਰ ਵਾਸੀਆਂ ਜਗਜੀਤ ਸਿੰਘ, ਰਾਜਿੰਦਰ ਕੁਮਾਰ, ਵਿਪਨ ਕੁਮਾਰ, ਰਾਜ ਕੁਮਾਰ, ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਬੰਗਾ ਦੇ ਐੱਸ.ਡੀ.ਐੱਮ. ਜੋਤੀ ਬਾਲਾ ਮੱਟੂ ਵੱਲੋਂ ਨਾਜਾਇਜ਼ ਕਬਜ਼ਿਆਂ, ਰੇਹੜੀਆਂ, ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਵਧਾ ਕੇ ਰੱਖੇ ਸਾਮਾਨ, ਗਲਤ ਢੰਗ ਨਾਲ ਪਾਰਕ ਵਾਹਨਾਂ ਖਿਲਾਫ ਆਪਣੀ ਮੁਹਿੰਮ ਛੇੜੀ ਗਈ ਸੀ ਪਰ ਕੁਝ ਕੁ ਦੁਕਾਨਦਾਰਾਂ ਨੇ ਆਪਣੇ ਰਾਜਨੀਤਕ ਦਬਦਬੇ ਨਾਲ ਇਸ ਮੁਹਿੰਮ ਨੂੰ ਠੁੱਸ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬੰਗਾ ਮੁੱਖ ਮਾਰਗ 'ਤੇ ਵੱਧ ਰਹੀਆਂ ਫੜ੍ਹੀਆਂ, ਰੇਹੜੀਆਂ ਤੇ ਨਾਜਾਇਜ਼ ਢੰਗ ਨਾਲ ਪਾਰਕ ਕੀਤੇ ਜਾ ਰਹੇ ਵਾਹਨ ਚਿੰਤਾ ਦਾ ਵਿਸ਼ਾ ਹਨ।
ਕੁਝ ਕੁ ਸ਼ਹਿਰ ਵਾਸੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਨਗਰ ਕੌਂਸਲ ਅਧਿਕਾਰੀਆਂ ਦੀ ਸ਼ਹਿ 'ਤੇ ਇਹ ਫੜ੍ਹੀਆਂ ਵੱਧ ਰਹੀਆਂ ਹਨ, ਨਹੀਂ ਤਾਂ ਕੋਈ ਇਸ ਤਰ੍ਹਾਂ ਕਿਵੇਂ ਸ਼ਰੇਆਮ ਫੜ੍ਹੀ ਲਾ ਕੇ ਮਾਲ ਵੇਚ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਟਵਾਈਆਂ ਜਾਣਗੀਆਂ ਰੇਹੜੀਆਂ : ਕਾਰਜ ਸਾਧਕ ਅਫਸਰ
ਬੰਗਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਸੀ। ਜੇਕਰ ਮੁੱਖ ਮਾਰਗ 'ਤੇ ਇਸ ਤਰ੍ਹਾਂ ਨਾਲ ਫੜ੍ਹੀਆਂ ਲੱਗ ਰਹੀਆਂ ਹਨ ਤਾਂ ਉਹ ਆਪਣੇ ਅਧਿਕਾਰੀ ਭੇਜ ਕੇ ਹੁਣੇ ਹੀ ਇਨ੍ਹਾਂ ਨੂੰ ਹਟਵਾ ਦਿੰਦੇ ਹਨ।
ਨਸ਼ੀਲੀਆਂ ਗੋਲੀਆਂ ਅਤੇ ਹਰਿਆਣਾ ਸ਼ਰਾਬ ਸਣੇ 2 ਗ੍ਰਿਫ਼ਤਾਰ
NEXT STORY