ਹੁਸ਼ਿਆਰਪੁਰ (ਅਮਰਿੰਦਰ)— ਦਸੰਬਰ 2016 'ਚ ਜੂਨੀਅਰ ਵਿਸ਼ਵ ਕੱਪ (ਅੰਡਰ-19) ਖਿਤਾਬ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਇਸ ਸਮੇਂ ਸੀਨੀਅਰ ਹਾਕੀ ਟੀਮ ਦੇ ਮਹੱਤਵਪੂਰਨ ਮਿਡਫਿਲਡਰ ਖਿਡਾਰੀ ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਖਿਡਾਰੀਆਂ ਦਾ ਮਕਸਦ ਇਸ ਸਮੇਂ ਹੁਣ ਆਪਣੇ ਹੀ ਦੇਸ਼ 'ਚ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਹੋਣ ਵਾਲੇ ਵਿਸ਼ਵ-ਕੱਪ 2018 'ਚ ਜਿੱਤ ਹਾਸਲ ਕਰਨਾ ਹੈ। ਇਸ ਦੇ ਨਾਲ ਹੀ ਸਾਡੀ ਟੀਮ ਦਾ ਅਗਲਾ ਮਕਸਦ ਜਾਪਾਨ ਦੀ ਰਾਜਧਾਨੀ ਟੋਕੀਓ 'ਚ ਆਯੋਜਿਤ ਹੋਣ ਵਾਲੀ ਓਲੰਪਿਕਸ 2020 'ਤੇ ਵੀ ਟਿਕੀ ਹੋਈ ਹੈ।
ਦੇਸ਼ ਨੂੰ ਖੁਸ਼ੀ ਦੇ ਕੇ ਕੀਤਾ ਮਾਣ ਮਹਿਸੂਸ
'ਪੰਜਾਬ ਕੇਸਰੀ' ਨਾਲ ਗੱਲਬਾਤ ਦੌਰਾਨ ਹਰਜੀਤ ਸਿੰਘ ਨੇ ਕਿਹਾ ਕਿ ਭਾਰਤ ਨੂੰ 15 ਸਾਲ ਦੇ ਵਕਫੇ ਤੋਂ ਬਾਅਦ ਜੂਨੀਅਰ ਵਿਸ਼ਵ ਕੱਪ ਦੇ ਲਖਨਊ 'ਚ ਫਾਈਨਲ ਮੈਚ 'ਚ ਜਦੋਂ ਉਨ੍ਹਾਂ ਦੀ ਟੀਮ ਨੇ ਬੈਲਜ਼ੀਅਮ ਨੂੰ 2-1 ਨਾਲ ਹਰਾਇਆ ਤਾਂ ਇੰਝ ਲੱਗਾ ਜਿਵੇਂ ਆਸਮਾਨ ਹੇਠਾਂ ਆ ਗਿਆ ਹੋਵੇ। ਜਿਵੇਂ ਹੀ ਅਸੀਂ ਜਿੱਤੇ ਤਾਂ ਦਰਸ਼ਕਾਂ ਦਾ ਜੋਸ਼ ਚਰਮ 'ਤੇ ਪਹੁੰਚ ਗਿਆ ਸੀ। ਦੇਸ਼ ਨੂੰ ਇੰਨੀ ਵੱਡੀ ਖੁਸ਼ੀ ਦਾ ਮੌਕਾ ਦੇ ਕੇ ਅਸੀਂ ਬੇਹੱਦ ਮਾਣ ਮਹਿਸੂਸ ਕੀਤਾ। ਇਹ ਖਿਤਾਬ ਕਈ ਸਾਲਾਂ ਤੋਂ ਟੀਮ ਵੱਲੋਂ ਕੀਤੀ ਗਈ ਸਖਤ ਮਿਹਨਤ ਅਤੇ ਤਿਆਰੀਆਂ ਦਾ ਨਤੀਜਾ ਸੀ। ਘਰੇਲੂ ਦਰਸ਼ਕਾਂ ਦੇ ਸਾਹਮਣੇ ਭਾਰਤੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਪੂਰੇ ਮੈਚ ਦੌਰਾਨ ਬੈਲਜ਼ੀਅਮ 'ਤੇ ਭਾਰੀ ਰਹੇ ਸਨ।
ਮੁਫਤ ਕਿਟਸ ਦੇਖ ਬਚਪਨ ਵਿੱਚ ਹੱਥ 'ਚ ਸੰਭਾਲ ਲਈ ਸੀ ਸਟਿੱਕ
ਹਰਜੀਤ ਨੇ ਦੱਸਿਆ ਕਿ ਉਹ ਮੂਲ ਰੂਪ ਨਾਲ ਕੁਰਾਲੀ ਸ਼ਹਿਰ ਦੇ ਰਹਿਣ ਵਾਲੇ ਹਨ। ਜਦੋਂ ਉਹ ਸਕੂਲ 'ਚ ਪੜ੍ਹ ਰਹੇ ਸਨ, ਉਦੋਂ ਹਾਕੀ ਖਿਡਾਰੀਆਂ ਨੂੰ ਮਿਲਣ ਵਾਲੀ ਕਿਟਸ ਨੂੰ ਦੇਖ ਬਚਪਨ 'ਚ ਹੀ ਹਾਕੀ ਨਾਲ ਲਗਾਅ ਹੋ ਗਿਆ ਸੀ। ਪਰਿਵਾਰ ਵਾਲਿਆਂ ਸਮੇਤ ਅਧਿਆਪਕਾਂ ਨੇ ਜਦੋਂ ਉਤਸ਼ਾਹ ਵਧਾਇਆ ਤਾਂ ਉਸ ਨੇ ਹਾਕੀ ਸਟਿੱਕ ਫੜ ਲਈ। ਅੱਜ ਹਾਕੀ ਦੀ ਬਦੌਲਤ ਹੀ ਉਹ ਭਾਰਤੀ ਪੈਟਰੋਲੀਅਮ ਕੰਪਨੀ ਨੋਇਡਾ 'ਚ ਅਧਿਕਾਰੀ ਅਹੁਦੇ 'ਤੇ ਤਾਇਨਾਤ ਰਹਿੰਦੇ ਹੋਏ ਦੇਸ਼ ਦੇ ਸੀਨੀਅਰ ਟੀਮ 'ਚ ਵੀ ਹੁਣ ਤੱਕ 50 ਤੋਂ ਵੀ ਵੱਧ ਇੰਟਰਨੈਸ਼ਨਲ ਲੈਵਲ ਦੇ ਮੈਚ ਖੇਡ ਚੁਕੇ ਹਨ। ਹਾਕੀ ਦੇ ਪ੍ਰਤੀ ਸਮਰਪਣ ਦੇ ਨਾਲ-ਨਾਲ ਜਜ਼ਬਾ ਅਤੇ ਜਨੂੰਨ ਹੀ ਸੀ ਕਿ ਕਈ ਮੁਸ਼ਕਿਲਾਂ ਦੇ ਵਿੱਚਕਾਰ ਜੂਨੀਅਰ ਵਿਸ਼ਵ ਕਪ 'ਚ ਹਾਕੀ ਖੇਡ ਦੇਸ਼ ਦੇ ਲਈ ਖਿਤਾਬ ਜਿੱਤਿਆ ਸੀ।
ਭਾਰਤ ਤੀਜੀ ਵਾਰ ਪਹੁੰਚਿਆ ਸੀ ਫਾਈਨਲ 'ਚ
ਜ਼ਿਕਰਯੋਗ ਹੈ ਕਿ ਭਾਰਤ ਤੀਜੀ ਵਾਰ ਜੁਨੀਅਰ ਵਰਲਡ ਕੱਪ-2016 ਦੇ ਫਾਈਨਲ 'ਚ ਪਹੁੰਚਿਆ ਸੀ। ਇਸ ਤੋਂ ਪਹਿਲਾਂ 2001 'ਚ ਆਸਟ੍ਰੇਲੀਆ ਦੇ ਹੋਬਰਟ 'ਚ ਭਾਰਤੀ ਟੀਮ ਨੇ ਅਰਜਨਟੀਨਾ ਨੂੰ 6-1 ਨਾਲ ਹਰਾ ਕੇ ਜੂਨੀਅਰ ਵਰਲਡ ਕੱਪ ਜਿੱਤਿਆ ਸੀ, ਉਥੇ ਹੀ 1997 'ਚ ਇੰਗਲੈਂਡ 'ਚ ਹੋਏ ਟੂਰਨਾਮੈਂਟ ਦੇ ਫਾਈਨਲ 'ਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾਇਆ ਸੀ। ਭਾਰਤ 11 ਸਾਲ ਪਹਿਲਾਂ ਰੋਟਰਡਮ 'ਚ ਕਾਂਸੀ ਤਮਗੇ ਦੇ ਮੁਕਾਬਲੇ 'ਚ ਸਪੇਨ ਤੋਂ ਪੈਨਲਟੀ ਸ਼ੂਟਆਊਟ 'ਚ ਹਾਰ ਗਿਆ ਸੀ।
ਉਪਭੋਗਤਾ ਕਮਿਸ਼ਨ ਦਾ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਹੁਕਮ
NEXT STORY