ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਹੋਲੇ ਮਹੱੱਲੇ ਦੇ ਸ਼ੁਰੂ ਹੋਣ ਨੂੰ ਸਿਰਫ ਦੋ ਦਿਨ ਬਾਕੀ ਰਹਿ ਗਏ ਹਨ ਪਰ ਸ੍ਰੀ ਕੀਰਤਪੁਰ ਸਾਹਿਬ ਦੀਆਂ ਲਿੰਕ ਸੜਕਾਂ, ਗੁ. ਬਾਬਾ ਗੁਰਦਿੱਤਾ ਜੀ ਤੇ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਨੂੰ ਜਾਂਦੀਆਂ ਲਿੰਕ ਸੜਕਾਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਪੁਲ ਦੇ ਦੋਵੇਂ ਪਾਸੇ ਬਿਲਾਸਪੁਰ ਕੌਮੀ ਮਾਰਗ ਬੇਹੱਦ ਖਸਤਾ ਹਾਲਤ ਵਿਚ ਹਨ।
ਇਨ੍ਹਾਂ ਦਾ ਇਸ ਵਾਰ ਨਵੀਨੀਕਰਨ, ਮੁਰੰਮਤ ਕਰਨਾ ਤਾਂ ਇਕ ਪਾਸੇ, ਕੋਈ ਲੀਪਾ-ਪੋਚੀ ਕਰਨ ਲਈ ਵੀ ਹੁਣ ਤੱਕ ਨਹੀਂ ਆਇਆ। ਸੜਕਾਂ ਦੀ ਖਸਤਾ ਹਾਲਤ ਕਾਰਨ ਬਾਹਰੋਂ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਜਾਣਕਾਰੀ ਅਨੁਸਾਰ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਦੇ ਹੇਠਲੇ ਪਾਸੇ ਰਾਸ਼ਟਰੀ ਮਾਰਗ ਨੰਬਰ 21(205) ਅਤੇ ਗੁਰਦੁਆਰਾ ਡੇਰਾ ਬਾਬਾ ਸ੍ਰੀ ਚੰਦ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਕੋਟ ਸਾਹਿਬ, ਗੁਰਦੁਆਰਾ ਬਿਬਾਣਗੜ੍ਹ ਸਾਹਿਬ ਸਮੇਤ ਸਾਰੇ ਗੁਰਧਾਮਾਂ ਨੂੰ ਜਾਣ ਵਾਲੀਆਂ ਸਾਰੀਆਂ ਲਿੰਕ ਸੜਕਾਂ ਦੀ ਮਾੜੀ ਹਾਲਤ ਹੈ।
ਸ੍ਰੀ ਕੀਰਤਪੁਰ ਸਾਹਿਬ ਭਾਖੜਾ ਨਹਿਰ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੀਆਂ ਪਟੜੀਆਂ ਸਾਰੀਆਂ ਹੀ ਖਸਤਾ ਹਾਲਤ ਵਿਚ ਹਨ। ਜਦੋਂਕਿ ਇਨ੍ਹਾਂ ਨਹਿਰ ਦੀਆਂ ਪਟੜੀਆਂ ਰਾਹੀਂ ਵੀ ਵੱਖ-ਵੱਖ ਥਾਵਾਂ ਤੋਂ ਸ਼ਰਧਾਲੂਆਂ ਦਾ ਮੇਲੇ ਦੌਰਾਨ ਆਉਣਾ ਜਾਣਾ ਰਹਿੰਦਾ ਹੈ। ਪੱਕੀਆਂ ਪਟੜੀਆਂ ਹੋਣ ਦੇ ਬਾਵਜੂਦ ਇਸ ਸਮੇਂ ਇਹ ਖਿੱਲਰੀਆਂ ਹੋਈਆਂ ਹਨ।
ਸੜਕ 'ਤੇ ਪਈ ਲੁੱਕ ਬੱਜਰੀ ਅਲੱਗ ਹੋ ਚੁਕੀ ਹੈ ਕਈ ਥਾਵਾਂ 'ਤੇ ਕੱਚੀ ਸੜਕ ਨਿਕਲਣ ਕਾਰਨ ਛੋਟੇ-ਵੱਡੇ ਵਾਹਨ ਲੰਘਣ ਨਾਲ ਹਰ ਸਮੇਂ ਮਿੱਟੀ ਉੱਡਦੀ ਰਹਿੰਦੀ ਹੈ, ਜਿਸ ਕਾਰਨ ਪੈਦਲ ਲੰਘਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਤਰਸਯੋਗ ਹਾਲਤ 'ਚ ਹਨ ਨਹਿਰਾਂ ਦੀਆਂ ਪਟੜੀਆਂ
ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਤੇ ਬਾਬਾ ਗੁਰਦਿੱਤਾ ਨੂੰ ਜਾਂਦੀ ਸੜਕ ਦੇ ਬਿਲਕੁਲ ਸਾਹਮਣੇ ਵਾਲੀਆਂ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੀਆਂ ਦੋਵੇਂ ਪਟੜੀਆਂ ਤਰਸਯੋਗ ਹਾਲਤ ਵਿਚ ਹਨ। ਇਹੀ ਹਾਲਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਮੇਨ ਬਾਜ਼ਾਰ, ਨਵੇਂ ਬੱਸ ਸਟੈਂਡ ਤੋਂ ਪੁਰਾਣੇ ਬੱਸ ਸਟੈਂਡ ਤੇ ਨੱਕੀਆਂ ਕਾਲੇ ਗੇਟਾਂ ਤੱਕ ਬਣੀ ਹੋਈ ਸੜਕ ਦੀ ਹੈ। ਪੁਰਾਣੇ ਬੱਸ ਅੱਡੇ ਨਜ਼ਦੀਕ ਪਟੜੀ ਦੇ ਆਲੇ-ਦੁਆਲੇ ਗੰਦਗੀ ਦੀ ਭਰਮਾਰ ਹੈ। ਆਵਾਰਾ ਪਸ਼ੂ ਇਥੇ ਅਕਸਰ ਝੁੰਡ ਬਣਾ ਕੇ ਗੰਦਗੀ ਦੇ ਉਪਰ ਬੈਠੇ ਰਹਿੰਦੇ ਹਨ। ਮੰਡੀ ਵਿਚ ਸਬਜ਼ੀ ਖਰੀਦਣ ਤੇ ਵੇਚਣ ਆਉਂਦੇ ਲੋਕਾਂ ਨੇ ਇਸ ਪਟੜੀ ਨੂੰ ਪਖਾਨੇ ਦੇ ਤੌਰ 'ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਨਵੇਂ ਬੱਸ ਸਟੈਂਡ ਨੂੰ ਜਾਣ ਵਾਲੀ ਸਲਿਪ ਰੋਡ ਵੀ ਖਸਤਾ ਹਾਲਤ ਵਿਚ ਹੈ ਅਤੇ ਇਸ 'ਤੇ ਵੀ ਟੋਏ ਪੈ ਚੁੱਕੇ ਹਨ।
ਕੀ ਕਹਿੰਦੇ ਹਨ ਐੱਸ. ਡੀ. ਓ.
ਇਸ ਬਾਰੇ ਐੱਸ.ਡੀ.ਓ. ਦਵਿੰਦਰ ਕੁਮਾਰ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੈਚਵਰਕ ਦਾ ਕੰਮ ਮੁਕੰਮਲ ਹੋਣ ਉਪਰੰਤ ਸ੍ਰੀ ਕੀਰਤਪੁਰ ਸਾਹਿਬ ਦੀਆਂ ਸੜਕਾਂ ਦਾ ਪੈਚਵਰਕ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਵਿਭਾਗ ਨੇ ਪੈਚਵਰਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ, ਜਿਸ ਨੂੰ ਸਮੇਂ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ।
ਵਿਦਿਆਰਥੀਆਂ ਦੀ ਸੁਵਿਧਾ ਲਈ 3 ਪ੍ਰੀਖਿਆ ਕੇਂਦਰ ਤਬਦੀਲ
ਰੂਪਨਗਰ, (ਵਿਜੇ)-ਹੋਲੇ ਮਹੱਲੇ ਦੇ ਕੌਮੀ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦੀ ਹਦੂਦ ਅੰਦਰ ਪੈਂਦੇ 3 ਪ੍ਰੀਖਿਆ ਕੇਂਦਰਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ, ਜੀ.ਐੱਸ.ਜੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਨੂੰ ਵਿਦਿਆਰਥੀਆਂ ਦੀ ਸਹੂਲਤ ਨੂੰ ਵੇਖਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਅਗੰਮਪੁਰ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਹਿੰਮਤ ਸਿੰਘ ਹੁੰਦਲ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆ ਕੇਂਦਰਾਂ 'ਚ 28 ਫਰਵਰੀ ਤੇ 1 ਮਾਰਚ ਨੂੰ 12ਵੀਂ ਦੇ ਇਮਤਿਹਾਨ ਹੋਣੇ ਸਨ। ਉਨ੍ਹਾਂ ਇਨ੍ਹਾਂ ਕੇਂਦਰਾਂ ਵਿਚ ਜਿਹੜੇ ਵਿਦਿਆਰਥੀਆਂ ਨੇ ਪ੍ਰੀਖਿਆ ਦੇਣੀ ਸੀ, ਨੂੰ ਅਪੀਲ ਕੀਤੀ ਕਿ ਉਹ 28 ਫਰਵਰੀ ਅਤੇ 1 ਮਾਰਚ ਨੂੰ ਆਪਣਾ ਇਮਤਿਹਾਨ ਦੇਣ ਲਈ ਹੁਣ ਸ੍ਰੀ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਅਗੰਮਪੁਰ ਵਿਖੇ ਪਹੁੰਚਣ।
ਪਿੰਡ ਬਿੰਜੋਂ ਵਿਖ ਮੰਦਰ ਨੂੰ ਜਾਣ ਵਾਲੀ ਗਲੀ ਦੀ ਹਾਲਤ ਖਸਤਾ
NEXT STORY