ਗੜ੍ਹਸ਼ੰਕਰ, (ਸ਼ੋਰੀ) - ਜ਼ਿਲਾ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਨੂੰ ਜੋੜਨ ਵਾਲੀ ਸੜਕ ਗੜ੍ਹਸ਼ੰਕਰ-ਨਵਾਂਸ਼ਹਿਰ ਦੀ ਬੀਤੇ 6 ਸਾਲਾਂ ਤੋਂ ਖਸਤਾ ਹਾਲਤ ਕਾਰਨ ਇਸ 'ਤੇ ਅਨੇਕਾਂ ਦੁਰਘਟਨਾਵਾਂ ਹੋ ਚੁੱਕੀਆਂ ਹਨ। ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਤੇ ਕਈ ਜ਼ਖਮੀ ਹੋ ਗਏ ਹਨ ਪਰ ਇਸ ਦੇ ਬਾਵਜੂਦ ਇਸ ਵੱਲ ਕੋਈ ਗੌਰ ਨਹੀਂ ਕਰ ਰਿਹਾ, ਨਾ ਲੋਕ ਨਿਰਮਾਣ ਵਿਭਾਗ ਤੇ ਨਾ ਰਾਜ ਕਰਨ ਵਾਲੀ ਸੱਤਾ ਧਿਰ ਦੇ ਨੇਤਾ ਅਤੇ ਨਾ ਹੀ ਵਿਰੋਧੀ ਦਲ। ਆਲਮ ਇਹ ਹੈ ਕਿ ਲੋਕ ਇਸ ਸੜਕ 'ਤੇ ਸਫ਼ਰ ਕਰਨ ਤੋਂ ਬਚਦੇ ਹਨ। ਉਨ੍ਹਾਂ ਦੀ ਪੂਰੇ ਸਫ਼ਰ ਦੌਰਾਨ ਜਾਨ ਮੁੱਠੀ 'ਚ ਰਹਿੰਦੀ ਹੈ।
ਸੜਕ ਦੇ ਹੇਠਾਂ ਤੋਂ ਲੰਘਦੀ ਬਿਸਤ ਦੋਆਬ ਨਹਿਰ ਉਪਰ ਬਣਿਆ ਪੁਲ ਬਹੁਤ ਹੀ ਤਰਸਯੋਗ ਹਾਲਤ 'ਚ ਜਾ ਪੁੱਜਾ ਹੈ। ਪੁਲ 'ਤੇ ਪਏ ਟੋਏ ਮਹਿਕਮੇ ਨੇ ਮਿੱਟੀ ਨਾਲ ਭਰ ਕੇ ਡੰਗ ਟਪਾਉਣ ਵਾਲਾ ਕੰਮ ਕੀਤਾ ਹੈ, ਸ਼ਾਇਦ ਮਹਿਕਮਾ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ, ਇਹ ਲੋਕ ਚਰਚਾ ਹੈ।
ਸੜਕ ਦੀ ਕਈ ਥਾਵਾਂ 'ਤੇ ਲੁੱਕ ਕਿਨਾਰਿਆਂ 'ਤੇ ਇਕੱਠੀ ਹੋਈ ਪਈ ਹੈ, ਜਿਸ ਕਾਰਨ ਵਾਹਨਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ ਪਰ ਮਹਿਕਮੇ ਦੇ ਅਧਿਕਾਰੀਆਂ ਦੀ ਨਜ਼ਰ ਇਥੇ ਪੈਂਦੀ ਨਹੀਂ, ਜਿਸ ਕਰ ਕੇ ਸਮੱਸਿਆ ਬਦਸਤੂਰ ਜਾਰੀ ਹੈ।
ਇਸ 9 ਕਿਲੋਮੀਟਰ ਲੰਬੀ ਸੜਕ 'ਤੇ ਸੜਕ ਹਾਦਸਿਆਂ ਦਾ ਕਾਰਨ ਇਹ ਵੀ ਹੈ ਕਿ ਸੜਕ ਦੇ ਦੋਵੇਂ ਪਾਸੇ ਬਰਮ ਹੈ ਹੀ ਨਹੀਂ। ਕਈ ਥਾਵਾਂ 'ਤੇ ਘਾਹ ਫੂਸ ਤੇ ਝਾੜੀਆਂ ਇੰਨੀਆਂ ਜ਼ਿਆਦਾ ਹਨ ਕਿ ਬਿਲਕੁਲ ਸੜਕ ਦੇ ਕਿਨਾਰੇ ਤੱਕ ਫੈਲੀਆਂ ਹੋਈਆਂ ਹਨ ਤੇ ਪੈਦਲ ਚੱਲਣ ਵਾਲੇ ਜਾਂ ਸਾਈਕਲ ਸਵਾਰ ਮਜਬੂਰੀ 'ਚ ਸੜਕ 'ਤੇ ਚੱਲਦੇ ਹਨ। ਤੇਜ਼ ਰਫ਼ਤਾਰ ਵਾਹਨ ਅਕਸਰ ਦੋ ਪਹੀਆ ਵਾਹਨਾਂ ਨੂੰ ਫੇਟ ਇਸੇ ਕਾਰਨ ਮਾਰ ਜਾਂਦੇ ਹਨ। ਸਵਾਲ ਇਹ ਹੈ ਕਿ ਲੋਕ ਨਿਰਮਾਣ ਵਿਭਾਗ ਦੇ ਬੇਲਦਾਰ ਕਿੱਥੇ ਰਹਿੰਦੇ ਹਨ, ਜਿਨ੍ਹਾਂ ਨੇ ਇਹ ਸਫ਼ਾਈ ਕਰਨੀ ਹੁੰਦੀ ਹੈ।
ਪੰਜਾਬ-ਹਰਿਆਣਾ ਨੂੰ ਹਾਈਕੋਰਟ ਦੀ ਝਾੜ, ''ਹੁਕਮਾਂ ਦੀ ਪਾਲਣਾ ਕਰਾਉਣੀ ਸਾਨੂੰ ਆਉਂਦੀ ਏ''
NEXT STORY