ਹੁਸ਼ਿਆਰਪੁਰ (ਜਸਵੀਰ)-ਸਮਾਜ-ਸੇਵੀ ਐੱਸ. ਪੀ. ਸਿੰਘ ਓਬਰਾਏ ਦੀ ਪ੍ਰਧਾਨਗੀ ਹੇਠ ਚੱਲ ਰਹੀ ਸਮਾਜ ਭਲਾਈ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਹੁਸ਼ਿਆਰ ਅਤੇ ਲੋਡ਼ਵੰਦ ਵਿਦਿਆਰਥੀਆਂ ਲਈ ਢਾਈ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਇਸ ਸਬੰਧੀ ਕਰਵਾਏ ਸਮਾਰੋਹ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਇਹ ਰਾਸ਼ੀ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਦੀ ਪ੍ਰਬੰਧਕ ਕਮੇਟੀ, ਸਟਾਫ਼ ਅਤੇ ਵਿਦਿਆਰਥੀ ਟਰੱਸਟ ਦੇ ਇਸ ਉਪਰਾਲੇ ਲਈ ਬੇਹੱਦ ਧੰਨਵਾਦੀ ਹਨ। ਉਨ੍ਹਾਂ ਹੋਣਹਾਰ ਵਿਦਿਆਰਥੀਆਂ ਦੀ ਟਰੱਸਟ ਦੇ ਅਹੁਦੇਦਾਰਾਂ ਨਾਲ ਜਾਣ-ਪਛਾਣ ਕਰਵਾਈ। ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਰਾਸ਼ੀ ਨਾਲ ਕਾਲਜ ਦੇ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਆਰਥਕ ਮਦਦ ਕੀਤੀ ਜਾਵੇਗੀ। ਕਾਲਜ ਪ੍ਰਬੰਧਕਾਂ ਨੇ ਟਰੱਸਟ ਦੇ ਅਹੁਦੇਦਾਰਾਂ ਦਲਜੀਤ ਸਿੰਘ ਗਿੱਲ, ਆਗਿਆਪਾਲ ਸਿੰਘ, ਜਗਮੀਤ ਸਿੰਘ, ਪਰਸ਼ੋਤਮ ਸੈਣੀ ਅਤੇ ਮੈਡਮ ਮਨਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਸਮਾਰੋਹ ਮੌਕੇ ਉਪ ਪ੍ਰਿੰਸੀਪਲ ਮੈਡਮ ਪਵਨਦੀਪ ਚੀਮਾ, ਪ੍ਰੋ. ਰਾਕੇਸ਼ ਕੁਮਾਰ, ਪ੍ਰੋ. ਪਰਮਵੀਰ ਸਿੰਘ ਸ਼ੇਰਗਿੱਲ ਅਤੇ ਵਿਦਿਆਰਥੀ ਹਾਜ਼ਰ ਸਨ।
ਲੋਡ਼ਵੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ਲਈ ਸਹਾਇਤਾ ਰਾਸ਼ੀ ਭੇਟ
NEXT STORY