ਹੁਸ਼ਿਆਰਪੁਰ (ਘੁੰਮਣ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਲਈ ਕੀਤੇ ਗਏ ਉਪਰਾਲਿਆਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਅੱਜ ਨਿਵੇਕਲੀ ਪਹਿਲ ਕੀਤੀ। ਪਿੰਡ ਚੱਬੇਵਾਲ ਲਈ 23.5 ਲੱਖ ਰੁਪਏ ਦੀ ਲਾਗਤ ਵਾਲੇ ਵੱਡੇ ਬੋਰ ਦੇ ਉਦਘਾਟਨ ਸਮਾਰੋਹ ਮੌਕੇ ਡਾ. ਰਾਜ ਨੇ ਪਿੰਡ ਦੇ ਬਜ਼ੁਰਗ ਮੇਹਰ ਚੰਦ ਨੂੰ ਸਮਾਗਮ ਦਾ ਮੁੱਖ ਮਹਿਮਾਨ ਬਣਾ ਕੇ ਉਨ੍ਹਾਂ ਕੋਲੋਂ ਨੀਂਹ ਪੱਥਰ ਰਖਵਾਇਆ। ਡਾ. ਰਾਜ ਦੀ ਇਸ ਨਿਵੇਕਲੀ ਪਹਿਲ ਨੂੰ ਹਾਜ਼ਰੀਨ ਜਨਤਾ ਦਾ ਭਰਵਾਂ ਹੁੰਗਾਰਾ ਮਿਲਿਆ। ਵਰਣਨਯੋਗ ਹੈ ਕਿ ਨਵੇਂ ਟਿਊਬਵੈੱਲ ਦੀ ਮਨਜ਼ੂਰੀ ਅਤੇ ਜਲ ਸਪਲਾਈ ਵਿਭਾਗ ਨੇ ਇਸ ਦਾ ਕੰਮ ਰਿਕਾਰਡ ਸਮੇਂ ਵਿਚ ਸ਼ੁਰੂ ਕਰਵਾਇਆ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਕਿ ੳੁਨ੍ਹਾਂ ਟਿਊਬਵੈੱਲ ਲਈ ਪਿੰਡ ਵਾਸੀਆਂ ਦਾ 3 ਲੱਖ ਦਾ ਬਣਦਾ ਯੋਗਦਾਨ ਵੀ ਮੁਆਫ਼ ਕਰ ਕੇ ਪੂਰਾ ਖਰਚ ਚੁੱਕਣ ਦੀ ਮਨਜ਼ੂਰੀ ਦਿੱਤੀ ਹੈ। ਸਮਾਗਮ ਵਿਚ ਚੱਬੇਵਾਲ ਵਾਸੀ ਦਿਲਬਾਗ ਸਿੰਘ ਬਾਗੀ ਅਤੇ ਸੁਰਿੰਦਰ ਸਿੰਘ ਸਖੀਆ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਸ. ਬਾਗੀ ਨੇ ਪੁਰਾਣਾ ਬੋਰ ਖਰਾਬ ਹੋਣ ’ਤੇ ਆਪਣੇ ਨਿੱਜੀ ਟਿਊਬਵੈੱਲ ਤੋਂ ਪਿੰਡ ਨੂੰ ਨਿਰੰਤਰ ਪਾਣੀ ਸਪਲਾਈ ਕੀਤਾ ਅਤੇ ਹੁਣ ਵੀ ਨਵਾਂ ਟਿਊਬਵੈੱਲ ਚਾਲੂ ਹੋਣ ਤੱਕ ਉਹ ਪਿੰਡ ਨੂੰ ਪਾਣੀ ਦਿੰਦੇ ਰਹਿਣਗੇ। ਸ. ਸਖੀਆ ਇਸ ਨਵੇਂ ਬੋਰ ਲਈ ਹੋਣ ਵਾਲੀ ਪਾਣੀ ਦੀ ਜ਼ਰੂਰਤ ਨੂੰ ਆਪਣੇ ਨਿੱਜੀ ਟਿਊਬਵੈੱਲ ਤੋਂ ਪੂਰਾ ਕਰ ਰਹੇ ਹਨ। ਉਕਤ ਦੋਵਾਂ ਦੀ ਸ਼ਲਾਘਾ ਕਰਦੇ ਹੋਏ ਡਾ. ਰਾਜ ਨੇ ਕਿਹਾ ਕਿ ਹਰ ਪਿੰਡ ਵਾਸੀ ਨੂੰ ਇਨ੍ਹਾਂ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਅਤੇ ਭਲਾਈ ਕਾਰਜਾਂ ਵਿਚ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਡਾ. ਰਾਜ ਨੇ ਦੱਸਿਆ ਕਿ ਪਿੰਡ ਰਾਮਪੁਰ ਵਿਖੇ ਵੀ ਨਵੇਂ ਟਿਊਬਵੈੱਲ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਹੱਲੂਵਾਲ ਵਿਖੇ ਕੰਮ ਦੀ ਸ਼ੁਰੂਆਤ ਹੋ ਗਈ ਹੈ। ਇਸ ਤੋਂ ਇਲਾਵਾ ਕਾਲੇਵਾਲ ਭਗਤਾਂ, ਲਲਵਾਣ ਅਤੇ ਜੈਤਪੁਰ ਲਈ ਵੀ ਟਿਊਬਵੈੱਲਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਜਲਦ ਇਨ੍ਹਾਂ ਪਿੰਡਾਂ ਵਿਚ ਵੀ ਬੋਰ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਡਾ. ਜਤਿੰਦਰ ਕੁਮਾਰ, ਮੈਡਮ ਸੋਨੀਆ, ਕਰਮਜੀਤ ਪਰਮਾਰ, ਸ਼ਿਵਰੰਜਨ ਰੋਮੀ, ਡਾ. ਪਾਲ, ਜਸਪਾਲ ਸਿੰਘ, ਜੀਵਨ ਸਸੋਲੀ, ਹਰਜਿੰਦਰ ਕੌਰ, ਸੁਖਵੰਤ ਸਿੰਘ, ਜਸਜੀਤ ਕੌਰ, ਮਾਸਟਰ ਰਛਪਾਲ, ਮਨਜੀਤ ਸਿੰਘ, ਜੱਸਾ ਮਰਨਾਈਆਂ ਸਮੇਤ ਸਮੂਹ ਹਲਕਾ ਵਾਸੀ ਮੌਜੂਦ ਸਨ।
ਹਰਪ੍ਰੇਮ ਬਣੇ ਬਲਾਕ ਕਾਂਗਰਸ ਭੂੰਗਾ ਦੇ ਪ੍ਰਧਾਨ
NEXT STORY