ਹੁਸ਼ਿਆਰਪੁਰ (ਘੁੰਮਣ)-ਤਪਦਿਕ ਰੋਗ ਇਕ ਮਾਇਕਰੋਬੈਕਟੀਰੀਆ ਨਾਂ ਦੇ ਕਿਟਾਣੂ ਨਾਲ ਫੈਲਦਾ ਹੈ। ਇਹ ਛੂਤ ਦਾ ਰੋਗ ਹੁੰਦਾ ਹੈ, ਜੋ ਕਿ ਕਿਸੇ ਵੀ ਤੰਦਰੁਸਤ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਸਕਦਾ ਹੈ। ਇਸ ਰੋਗ ਤੋਂ ਪੀਡ਼ਤ ਵਿਅਕਤੀ ਜੇਕਰ ਖੁੱਲ੍ਹੇ ਵਿਚ ਖੰਘਦਾ ਜਾਂ ਛਿੱਕ ਮਾਰਦਾ ਹੈ ਤਾਂ ਬੀਮਾਰੀ ਪੈਦਾ ਕਰਨ ਵਾਲੇ ਕੀਟਾਣੂ ਬਾਹਰ ਵਾਤਾਵਰਣ ਵਿਚ ਫੈਲ ਜਾਂਦੇ ਹਨ ਤੇ ਦੂਜੇ ਵਿਅਕਤੀ ਨੂੰ ਸਾਹ ਰਾਹੀਂ ਆਪਣੀ ਲਪੇਟ ਵਿਚ ਲੈ ਜਾਂਦੇ ਹਨ। ਕਿਸੇ ਵੀ ਵਿਅਕਤੀ ਨੂੰ ਦੋ ਹਫਤੇ ਤੋਂ ਜ਼ਿਆਦਾ ਖੰਘ ਜਾਂ ਬੁਖਾਰ, ਬਲਗਮ ਵਿਚ ਖੂਨ ਆਉਣਾ, ਭਾਰ ਵਿਚ ਕਮੀ, ਰਾਤ ਨੂੰ ਸੂਤੇ ਪਏ ਨੂੰ ਪਸੀਨਾ ਆਉਣਾ, ਸਰੀਰਕ ਕਮਜ਼ੋਰੀ, ਭੁੱਖ ਨਾ ਲੱਗਣਾ ਆਦਿ ਇਸ ਬੀਮਾਰੀ ਦੇ ਲੱਛਣ ਹਨ। ਜੇਕਰ ਅਜਿਹੇ ਲੱਛਣ ਕਿਸੇ ਵਿਅਕਤੀ ਵਿਚ ਪਾਏ ਜਾਂਦੇ ਹਨ ਤਾਂ ਤੁਰੰਤ ਨੇਡ਼ੇ ਦੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਰੇਣੂ ਸੂਦ ਨੇ ਵਿਸ਼ਵ ਤਪਦਿਕ ਦਿਵਸ ਨੂੰ ਸਮਰਪਿਤ ਸੈਮੀਨਾਰ ਵਿਚ ਸਾਂਝੇ ਕੀਤੇ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਤਪਦਿਕ ਕੰਟਰੋਲ ਅਫ਼ਸਰ ਡਾ. ਜਤਿੰਦਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਦਾ ਥੀਮ ਕਿ ‘ਹੁਣ ਸਮਾਂ ਆ ਗਿਆ ਕਿ ਪੰਜਾਬ ਨੂੰ ਤਪਦਿਕ ਮੁਕਤ ਕਰੀਏ’ ਦੇ ਤਹਿਤ ਕਰਵਾਇਆ ਜਾ ਰਿਹਾ ਹੈ। ਡਾਟਸ ਪ੍ਰੋਗਰਾਮ ਤਹਿਤ ਤਪਿਦਕ ਦੇ ਮਰੀਜ਼ਾਂ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ’ਚ ਮੁਫ਼ਤ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਮਰੀਜ਼ ਦੀ ਜਲਦ ਤੰਦਰੁਸਤੀ ਲਈ ਚੰਗੀ ਖੁਰਾਕ ਲਈ ਇਲਾਜ ਦੌਰਾਨ ਵਿਤੀ ਸਹਾਇਤਾ ਵੀ ਦਿੱਤੀ ਜਾਦੀ ਹੈ। ਇਸ ਉਪਰੰਤ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਵੱਲੋਂ ਤਪਦਿਕ ਮੁਕਤ ਭਾਰਤ ਦੇ ਸਬੰਧ ਵਿਚ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ, ਡਿਪਟੀ ਮਾਸ ਮੀਡੀਆ ਗੁਰਦੀਸ਼ ਕੌਰ, ਬੀ. ਸੀ. ਸੀ. ਅਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।
ਚੋਰਾਂ ਨੇ ਇਲੈਕਟ੍ਰਾਨਿਕ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
NEXT STORY