ਹੁਸ਼ਿਆਰਪੁਰ (ਘੁੰਮਣ)-ਕੈਪ. ਅਮਰਿੰਦਰ ਸਿੰਘ ਹੁਣ ਤੱਕ ਦਾ ਸਭ ਤੋਂ ਨਖਿੱਧ ਮੁੱਖ ਮੰਤਰੀ ਸਾਬਤ ਹੋਇਆ ਹੈ, ਜਿਸ ਨੇ ਢਾਈ ਸਾਲ ਦਾ ਅਰਸਾ ਬੀਤ ਜਾਣ ਤੋਂ ਬਾਅਦ ਵੀ ਕੋਈ ਕੰਮ ਨਹੀਂ ਕੀਤਾ ਤੇ ਪੰਜਾਬ ਦੇ ਲੋਕਾਂ ਦੀ ਬਾਤ ਨਹੀਂ ਪੁੱਛੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਹਲਕਾ ਸ਼ਾਮਚੁਰਾਸੀ ਵਿਖੇ ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਦੀ ਅਗਵਾਈ ’ਚ ਆਯੋਜਿਤ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੋ ਵੀ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਤੋਂ ਕਾਂਗਰਸ ਸਰਕਾਰ ਭਗੌੜੀ ਹੋ ਗਈ ਹੈ। ਘਰ-ਘਰ ਨੌਕਰੀ ਦੇਣ ਦਾ ਵਾਅਦਾ ਅੱਜ ਹਵਾ ਹੋ ਗਿਆ ਹੈ। ਪ੍ਰਾਈਵੇਟ ਸੈਕਟਰ ਦੇ ਲੋਕਾਂ ਨੂੰ ਦਬਾਅ ਪਾ ਕੇ ਰੋਜ਼ਗਾਰ ਮੇਲੇ ਲਵਾਏ ਜਾ ਰਹੇ ਹਨ ਅਤੇ ਇਨ੍ਹਾਂ ਮੇਲਿਆਂ ’ਚ ਪਡ਼੍ਹੇ-ਲਿਖੇ ਬੱਚਿਆਂ ਨੂੰ ਉਨ੍ਹਾਂ ਦੀ ਵਿੱਦਿਅਕ ਯੋਗਤਾ/ਡਿਗਰੀ ਅਨੁਸਾਰ ਨਾ ਹੀ ਤਨਖ਼ਾਹ ਤੇ ਨਾ ਹੀ ਕੰਮ ਦਿੱਤਾ ਜਾਂਦਾ ਹੈ ਜੋ ਇਨ੍ਹਾਂ ਕੰਮਾਂ ਨੂੰ ਛੱਡ ਕੇ ਵਾਪਸ ਆ ਰਹੇ ਹਨ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲੇ ਸਿਰਫ ਇਕ ਡਰਾਮਾ ਹੈ, ਜਦਕਿ ਹਕੀਕਤ ’ਚ ਯੋਗ ਨੌਕਰੀ ਕਿਸੇ ਵੀ ਪਡ਼੍ਹੇ-ਲਿਖੇ ਬੇਰੋਜ਼ਗਾਰ ਨੂੰ ਨਹੀਂ ਮਿਲ ਰਹੀ। ਨੌਜਵਾਨ ਅੱਜ ਵੀ ਕੈਪਟਨ ਦੇ ਵਾਅਦੇ ਮੁਤਾਬਿਕ ਮੋਬਾਇਲ ਫੋਨਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਮੇਂ ਵਰਲਡ ਕਬੱਡੀ ਕੱਪ ਕਰਵਾਏ ਜਾ ਰਹੇ ਸਨ ਤਾਂ ਜੋ ਨੌਜਵਾਨ ਪੀਡ਼੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਹੀ ਸੇਧ ਦਿੱਤੀ ਜਾ ਸਕੇ, ਇਨ੍ਹਾਂ ਨੇ ਉਹ ਵੀ ਬੰਦ ਕਰਵਾ ਦਿੱਤੇ। ਸਰਕਾਰ ਬਣਦਿਆਂ ਹੀ ਕੈਪਟਨ ਨੇ ਕਹਿ ਦਿੱਤਾ ਕਿ ਉਹ ਮੁਡ਼ ਸਿਆਸਤ ’ਚ ਨਹੀਂ ਆਉਣਗੇ, ਜਿਸ ਨਾਲ ਪੰਜਾਬ ਦੇ ਲੋਕ ਆਪਣੇ-ਆਪ ਨੂੰ ਫਿਰ ਠੱਗੇ ਹੋਏ ਮਹਿਸੂਸ ਕਰਨ ਲੱਗ ਪਏ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਅੱਜ ਪਾਰਲੀਮਾਨੀ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਿੱਤੀ ਜਾਵੇ ਤੇ ਕਾਂਗਰਸੀ ਹੀ ਕੈਪ. ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਗੱਲ ਦਾ ਪਤਾ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਲਈ ਦਿਨ-ਰਾਤ ਮਿਹਨਤ ਕੀਤੀ ਜਾਂਦੀ ਸੀ ਤੇ ਉਹ ਲੋਕਾਂ ਦੀ ਕਚਹਿਰੀ ਵਿਚ ਹੀ ਰਹਿੰਦੇ ਸਨ। ਕਾਂਗਰਸੀਆਂ ਵੱਲੋਂ ਇਹ ਚਾਲ ਚੱਲੀ ਗਈ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਕੇ ਸੱਤਾ ਹਾਸਲ ਕਰਨੀ ਹੈ, ਸਾਰਾ ਕੁੱਝ ਇਕ ਸਾਜਿਸ਼ ਤਹਿਤ ਕਰਨ ਤੋਂ ਬਾਅਦ ਅੱਜ ਲੋਕਾਂ ਤੋਂ ਮੁੱਖ ਮੋਡ਼ ਲਿਆ ਹੈ। ਇਸ ਮੌਕੇ ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਜਥੇ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲਾ ਪ੍ਰਧਾਨ ਦਿਹਾਤੀ, ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲਾ ਪ੍ਰਧਾਨ ਸ਼ਹਿਰੀ, ਕਰਮਵੀਰ ਸਿੰਘ ਬਬਲੂ ਜੋਸ਼ ਸਾਬਕਾ ਚੇਅਰਮੈਨ ਆਦਿ ਸਮੇਤ ਹੋਰ ਕਈ ਆਗੂ ਤੇ ਵਰਕਰ ਵੱਡੀ ਗਿਣਤੀ ’ਚ ਹਾਜ਼ਰ ਸਨ।
ਪਾਬੰਦੀਸ਼ੁਦਾ ਕੈਪਸੂਲ ਤੇ ਨਸ਼ੇ ਵਾਲੇ ਪਾਊਡਰ ਸਣੇ ਕਾਬੂ
NEXT STORY