ਹੁਸ਼ਿਆਰਪੁਰ (ਘੁੰਮਣ)-ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅਤੇ ਮੁਲਾਜ਼ਮ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਅੱਗੇ ਤੋਰਦੇ ਹੋਏ 8 ਤੋਂ 12 ਅਪ੍ਰੈਲ ਤੱਕ ਕਾਂਗਰਸ ਦੇ ਜ਼ਿਲਾ ਦਫਤਰਾਂ, ਮੰਤਰੀਆਂ, ਵਿਧਾਇਕਾਂ ਦੇ ਦਫਤਰ ਜਾਂ ਘਰਾਂ ਅੱਗੇ ਜ਼ਿਲਾ ਪੱਧਰੀ ਅਰਥੀ-ਫੂਕ ਮੁਜ਼ਾਹਰੇ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਸੂਬਾਈ ਕਨਵੀਨਰ ਵੇਦ ਪ੍ਰਕਾਸ਼ ਸ਼ਰਮਾ, ਸੱਜਣ ਸਿੰਘ, ਹਰੀ ਸਿੰਘ ਟੌਹਡ਼ਾ, ਸੁਖਦੇਵ ਸਿੰਘ ਸੈਣੀ, ਭੁਪਿੰਦਰ ਵਡ਼ੈਚ, ਸੁਖਦੇਵ ਸਿੰਘ ਰੋਪਡ਼ ਨੇ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਨੂੰ ਹੱਲ ਕਰਨ ਲਈ ਬਣਾਈ ਕੈਬਨਿਟ ਸਬ ਕਮੇਟੀ ਦੇ ਮੈਂਬਰਾਂ ਵੱਲੋਂ ਮੰਗਾਂ ਨੂੰ ਹੱਲ ਨਾ ਕਰਨ ਵਿਰੁੱਧ 11 ਮਾਰਚ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਹਲਕੇ ਪਟਿਆਲਾ ਅਤੇ 26 ਮਾਰਚ ਨੂੰ ਮਨਪ੍ਰੀਤ ਬਾਦਲ ਦੇ ਹਲਕਾ ਬਠਿੰਡਾ ਵਿਖੇ ਰੋਸ ਰੈਲੀਆਂ ਅਤੇ ਮਾਰਚ ਕਰਨ ਉਪਰੰਤ ਸੰਘਰਸ਼ ਨੂੰ ਅੱਗੇ ਤੋਰਦਿਆਂ ਜ਼ਿਲਾ ਪੱਧਰੀ ਰੈਲੀਆਂ ਕਰ ਕੇ ਆਪਣਾ ਵਿਰੋਧ ਪ੍ਰਗਟ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ 8 ਅਪ੍ਰੈਲ ਨੂੰ ਅੰਮ੍ਰਿਤਸਰ, ਜਲੰਧਰ ਬਰਨਾਲਾ, ਫਿਰੋਜ਼ਪੁਰ, 9 ਅਪ੍ਰੈਲ ਨੂੰ ਪਠਾਣਕੋਟ, ਰੋਪਡ਼, ਪਟਿਆਲਾ, ਮੁਕਤਸਰ, 10 ਅਪ੍ਰੈਲ ਨੂੰ ਮੋਗਾ, ਕਪੂਰਥਲਾ, ਫਤਿਹਗਡ਼੍ਹ ਸਾਹਿਬ, ਗੁਰਦਾਸਪੁਰ, ਮਾਨਸਾ, 11 ਅਪ੍ਰੈਲ ਨੂੰ ਤਰਨਤਾਰਨ, ਮੋਹਾਲੀ, ਫਾਜ਼ਿਲਕਾ, ਚੰਡੀਗਡ਼੍ਹ, ਬਠਿੰਡਾ, 12 ਅਪ੍ਰੈਲ ਨੂੰ ਫਰੀਦਕੋਟ, ਨਵਾਂਸ਼ਹਿਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਸੰਗਰੂਰ ਵਿਖੇ ਇਹ ਰੈਲੀਆਂ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਸੰਘਰਸ਼ ਕਮੇਟੀ ਕੋ-ਕਨਵੀਨਰ ਸਤੀਸ਼ ਰਾਣਾ, ਰਣਵੀਰ ਢਿੱਲੋਂ, ਜਰਮਨਜੀਤ ਸਿੰਘ, ਕੁਲਵੀਰ ਸਿੰਘ ਸੈਦਖੇਡ਼ੀ, ਮੰਗਤ ਖਾਨ, ਰਵਿੰਦਰ ਲੂਥਰਾ ਨੇ ਕਿਹਾ ਕਿ ਜੇਕਰ ਕੈਬਨਿਟ ਸਬ ਕਮੇਟੀ ਵੱਲੋਂ ਮੰਨੀਆਂ ਮੰਗਾਂ ਨੂੰ ਕੈਬਨਿਟ ਵਿਚ ਲਿਜਾ ਕੇ ਪਾਸ ਨਾ ਕਰਵਾਇਆ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਸੰਘਰਸ਼ ਕਮੇਟੀ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਲੋਕ ਸਭਾ ਚੋਣਾਂ ਦੌਰਾਨ ਹਰੇਕ ਹਲਕੇ ਵਿਚ ਜਾ ਦੇ ਕਾਂਗਰਸ ਦਾ ਮੁਲਾਜ਼ਮ ਅਤੇ ਲੋਕ ਵਿਰੋਧੀ ਚਿਹਰਾ ਲੋਕਾਂ ਦੀ ਕਚਹਿਰੀ ਵਿਚ ਨੰਗਾ ਕੀਤਾ ਜਾਵੇਗਾ। ਇਸ ਮੌਕੇ ਸੰਘਰਸ਼ ਕਮੇਟੀ ਦੇ ਸੂਬਾਈ ਆਗੂਆਂ ਕੁਲਦੀਪ ਸਿੰਘ ਖੰਨਾ, ਦਰਸ਼ਨ ਸਿੰਘ ਲੁਬਾਣਾ, ਅਸ਼ੀਸ਼, ਕੁਲਦੀਪ ਸ਼ਰਮਾ, ਗੁਰਸੇਵਕ ਸਿੰਘ ਸੰਧੂ, ਜਸਵੰਤ ਸਿੰਘ ਸੰਧੂ, ਕਰਮ ਚੰਦ ਭਾਰਦਵਾਜ, ਭੁਪਿੰਦਰ ਸਿੰਘ, ਨਰਿੰਦਰ ਸਿੰਘ ਸੈਣੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਪ੍ਰਕਾਰ ਦੇ ਕੱਚੇ ਕਾਮਿਆਂ ਦੀਆਂ ਸੇਵਾਵਾਂ ਨੂੰ ਪੂਰੇ ਗ੍ਰੇਡਾਂ ਅਤੇ ਭੱਤਿਆਂ ਸਹਿਤ ਰੈਗੂਲਰ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆਂ ਦਾ ਨਕਦ ਰੂਪ ਵਿਚ ਭੁਗਤਾਨ ਤੁਰੰਤ ਕੀਤਾ ਜਾਵੇ, ਤਨਖਾਹ ਕਮਿਸ਼ਨ ਦੀ ਰਿਪੋਟਰ ਨੂੰ ਜਨਵਰੀ 2016 ਤੋਂ ਤੁਰੰਤ ਲਾਗੂ ਕੀਤਾ ਜਾਵੇ, 1-1-2004 ਤੋਂ ਭਰਤੀ ਮੁਲਾਜ਼ਮਾਂ ਤੇ ਕੰਟਰੀਬਿਊਟਰੀ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਆਂਗਣਵਾਡ਼ੀ, ਮਿਡ-ਡੇ ਮੀਲ, ਆਸ਼ਾ ਵਰਕਰਾਂ ਤੇ ਘੱਟੋ-ਘੱਟ ਉਜਰਤ ਲਾਗੂ ਕੀਤੀ ਜਾਵੇ, ਖਜ਼ਾਨਿਆਂ ’ਤੇ ਲਗਾਈ ਰੋਕ ਨੂੰ ਤੁਰੰਤ ਹਟਾਇਆ ਜਾਵੇ, ਸਾਲਾਨਾ 2400 ਰੁਪਏ ਕੱਟਿਆ ਜਾਂਦਾ ਜਜੀਆ ਟੈਕਸ ਬੰਦ ਕੀਤਾ ਜਾਵੇ, ਮੁਲਾਜ਼ਮ ਦੋਖੀ ਪੱਤਰ ਵਾਪਸ ਲਏ ਜਾਣ, ਦਰਜਾ ਚਾਰ, ਡਰਾਈਵਰਾਂ ਅਤੇ ਹੋਰ ਵਰਦੀਧਾਰੀ ਮੁਲਾਜ਼ਮਾਂ ਨੂੰ ਨਕਦ ਵਰਦੀ ਭੱਤਾ ਦਿੱਤਾ ਜਾਵੇ। ਆਗੂਆਂ ਨੇ ਸੂਬੇ ਦੇ ਸਮੂਹ ਮੁਲਾਜ਼ਮ ਮੁਲਾਜ਼ਮ ਵਰਗ ਨੂੰ ਇਨ੍ਹਾਂ ਐਕਸ਼ਨਾਂ ਨੂੰ ਕਾਮਯਾਬ ਕਰਨ ਅਤੇ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ।
ਚੋਅ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰ ਰਹੇ ਨੇ ਲੋਕ
NEXT STORY