ਜਲੰਧਰ : ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਦਾ ਹੁਸ਼ਿਆਰਪੁਰ ਤੋਂ ਮੁਕਤਸਰ ਵਿਖੇ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਤਬਾਦਲੇ ਨੂੰ ਲੈ ਕੇ ਸਿਆਸਤ ਭਖ਼ ਚੁੱਕੀ ਹੈ। ਇਸੇ ਦਰਮਿਆਨ ਕਾਂਗਰਸੀ ਵਿਧਾਇਕਾਂ ਪ੍ਰਤਾਪ ਸਿੰਘ ਬਾਜਵਾ ਤੇ ਪਰਗਟ ਸਿੰਘ ਨੇ ਟਵੀਟ ਕਰ ਇਸ ਤਬਾਦਲੇ ’ਤੇ ਸਵਾਲ ਚੁੱਕੇ ਹਨ। ਇਸ ਤਬਾਦਲੇ ਨੂੰ ਲੈ ਕੇ ਟਵੀਟ ਕਰਦਿਆਂ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਪ’ ਦੇ ਵਾਅਦੇ ਅਨੁਸਾਰ ਬਦਲਾਅ ਦੀ ਬਜਾਏ ਅਫ਼ਸਰ ਨੂੰ ਬਦਲੀ ਨਾਲ ਨਿਵਾਜਿਆ ਗਿਆ ਹੈ। ਇਕ ਰੇਤ ਮਾਈਨਿੰਗ ਗਿਰੋਹ ਨੂੰ ਤੋੜ ਕੇ 1.53 ਕਰੋੜ ਰੁਪਏ ਜ਼ਬਤ ਕਰਨ ਵਾਲੇ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਦਾ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਹੈ।
ਇਹ ਵੀ ਪੜ੍ਹੋ : ਹਰਪਾਲ ਚੀਮਾ ਵੱਲੋਂ ਦੁੱਧ ਦੀਆਂ ਖਰੀਦ ਕੀਮਤਾਂ ’ਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧੇ ਦਾ ਐਲਾਨ
ਇਸੇ ਤਰ੍ਹਾਂ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਟਵੀਟ ਕੀਤਾ ਕਿ ਮਾਈਨਿੰਗ ਮਾਫ਼ੀਆ ਖ਼ਿਲਾਫ਼ ਕੇਸ ਦਰਜ ਕਰਨ ਦੀ ਹਿੰਮਤ ਕਰਨ ਵਾਲੇ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ 5 ਦਿਨ ਪਹਿਲਾਂ ਗੁੰਡਾ ਟੈਕਸ ਰੈਕੇਟ ਦਾ ਪਰਦਾਫਾਸ਼ ਕਰਕੇ 1.53 ਕਰੋੜ ਰੁਪਏ ਜ਼ਬਤ ਕੀਤੇ ਸਨ। ਉਨ੍ਹਾਂ ਕਿਹਾ ਕਿ ਇਕ ਈਮਾਨਦਾਰ ਅਫ਼ਸਰ ਨੂੰ ਹੱਲਾਸ਼ੇਰੀ ਦੇਣ ਦੀ ਬਜਾਏ ਭਗਵੰਤ ਮਾਨ ਦੀ ਸਰਕਾਰ ਨੇ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਹੈ। ਮੈਨੂੰ ਉਮੀਦ ਇਹ ਬਦਲਾਅ ਨਹੀਂ ਹੈ। ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਵੱਲੋਂ 13 ਐੱਸ. ਐੱਸ. ਪੀਜ਼ ਦੇ ਪਹਿਲੇ ਫੇਰਬਦਲ ’ਚ IPS ਅਧਿਕਾਰੀ ਧਰੁਮਨ ਐੱਚ. ਨਿੰਬਾਲੇ ਦਾ ਹੁਸ਼ਿਆਰਪੁਰ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਧਰੁਮਨ ਐੱਚ. ਨਿੰਬਲੇ ਨੇ ਹਾਜੀਪੁਰ ’ਚ ਵੱਡੀ ਕਾਰਵਾਈ ਕਰਦਿਆਂ ਰੇਤ ਮਾਈਨਿੰਗ ਵਾਲਿਆਂ ਤੋਂ ਜਬਰਨ ਵਸੂਲੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ ਦੌਰਾਨ ਇਸ ਗਿਰੋਹ ਦੇ 14 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਕਰੋੜਾਂ ਰੁਪਏ ਬਰਾਮਦ ਕੀਤੇ ਸਨ। ਐੱਸ. ਐੱਸ. ਪੀ. ਨਿੰਬਾਲੇ ਗੈਰ ਕਾਨੂੰਨੀ ਮਾਫ਼ੀਆ ਖ਼ਿਲਾਫ਼ ਬਹੁਤ ਸਖ਼ਤ ਕਦਮ ਚੁੱਕਣ ਲਈ ਜਾਣੇ ਜਾਂਦੇ ਹਨ।
ਹੁਣ ਨਾਲ ਲੱਗਦੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਡਿਊਟੀ ਦੇਣਗੇ ਦਿੱਲੀ ਤੇ ਪੰਜਾਬ ਦੇ 'ਆਪ' ਵਿਧਾਇਕ
NEXT STORY