ਅੰਮ੍ਰਿਤਸਰ, (ਦਲਜੀਤ ਸ਼ਰਮਾ)- ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ਰੱਬ ਭਰੋਸੇ ਚੱਲ ਰਹੀ ਹੈ। ਐਮਰਜੈਂਸੀ 'ਚ ਬੀਤੀ ਰਾਤ ਗੰਭੀਰ ਹਾਲਤ 'ਚ ਆਈ ਔਰਤ ਮਰੀਜ਼ ਇਲਾਜ ਲਈ 3 ਘੰਟੇ ਤੜਫਦੀ ਰਹੀ। ਮਰੀਜ਼ ਦੀ ਤਰਸਯੋਗ ਹਾਲਤ ਦੇਖ ਕੇ ਨਾ ਹੀ ਕੋਈ ਸੀਨੀਅਰ ਡਾਕਟਰ ਮੌਕੇ 'ਤੇ ਪਹੁੰਚਿਆ ਤੇ ਨਾ ਹੀ ਮੌਕੇ 'ਤੇ ਮੌਜੂਦ ਪੀ. ਜੀ. ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਪੀ. ਜੀ. ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਸਪੱਸ਼ਟ ਕਿਹਾ ਕਿ ਉਨ੍ਹਾਂ ਦੇ ਹੱਥ ਖੜ੍ਹੇ ਹਨ ਤੇ ਉਨ੍ਹਾਂ ਕੋਲ ਇਲਾਜ ਲਈ ਨਾ ਹੀ ਕੋਈ ਵੀ ਦਵਾਈ ਹੈ ਤੇ ਨਾ ਹੀ ਮੱਲ੍ਹਮ ਪੱਟੀ ਆਦਿ। ਪਰਿਵਾਰਕ ਮੈਂਬਰਾਂ ਨੇ ਮਰੀਜ਼ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਤੁਰੰਤ ਉਸ ਨੂੰ ਗੁਰੂ ਰਾਮਦਾਸ ਹਸਪਤਾਲ 'ਚ ਸ਼ਿਫਟ ਕਰਵਾ ਦਿੱਤਾ। ਡਾਕਟਰਾਂ ਦੀ ਨਾਲਾਇਕੀ ਕਾਰਨ ਮਰੀਜ਼ ਦੇ ਘਰ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਵਰਸ਼ਾ ਰਾਣੀ (62) ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਆਪਣੇ ਘਰ ਲੁਧਿਆਣਾ ਜਾਣ ਲਈ ਬੀਤੀ ਸ਼ਾਮ ਟਰੇਨ 'ਤੇ ਚੜ੍ਹਨ ਲੱਗੀ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ ਪਟੜੀ ਦੀਆਂ ਲਾਈਨਾਂ 'ਤੇ ਜਾ ਡਿੱਗੀ। ਇਸ ਦੌਰਾਨ ਵਰਸ਼ਾ ਨੂੰ ਕਾਫੀ ਗੰਭੀਰ ਸੱਟਾਂ ਲੱਗੀਆ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ 108 ਐਂਬੂਲੈਂਸ ਰਾਹੀਂ ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ 'ਚ ਦਾਖਲ ਕਰਵਾਇਆ। ਸ਼ਾਮ 6.15 ਵਜੇ ਮਰੀਜ਼ ਐਮਰਜੈਂਸੀ 'ਚ ਪਹੁੰਚੀ। ਮੌਕੇ 'ਤੇ ਸਰਜਰੀ ਜਾਂ ਆਰਥੋ ਵਾਰਡ ਦਾ ਕੋਈ ਵੀ ਸੀਨੀਅਰ ਡਾਕਟਰ ਮੌਜੂਦ ਨਹੀਂ ਸੀ। ਪੀ. ਜੀ. ਡਾਕਟਰ ਹੀ ਹੋਰ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ। ਉਨ੍ਹਾਂ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਟੈਸਟ ਕਰਵਾਉਣ ਲਈ ਕਮਰਾ ਨੰਬਰ 9-10 'ਚ ਭੇਜ ਦਿੱਤਾ। ਪਰਿਵਾਰਕ ਮੈਂਬਰ ਜਦੋਂ ਟੈਸਟ ਕਰਵਾਉਣ ਲਈ ਉਕਤ ਕਮਰੇ 'ਚ ਗਏ ਤਾਂ ਉਥੇ ਮੌਜੂਦ ਸਟਾਫ ਨੇ ਸਪੱਸ਼ਟ ਕਹਿ ਦਿੱਤਾ ਕਿ ਇਥੇ ਤਾਂ ਟੈਸਟਿੰਗ ਕਿੱਟਾਂ ਆਉਂਦੀਆਂ ਹੀ ਨਹੀਂ ਹਨ, ਤੁਸੀਂ ਬਾਹਰ ਪ੍ਰਾਈਵੇਟ ਲੈਬ ਤੋਂ ਟੈਸਟ ਕਰਵਾ ਲਓ। ਪਰਿਵਾਰਕ ਮੈਂਬਰ ਜਦੋਂ ਪ੍ਰਾਈਵੇਟ ਲੈਬ ਤੋਂ ਟੈਸਟ ਕਰਵਾ ਕੇ ਪੁੱਜੇ ਤਾਂ ਉਦੋਂ ਵੀ ਪੀ. ਜੀ. ਡਾਕਟਰਾਂ ਨੇ ਇਲਾਜ ਸ਼ੁਰੂ ਨਹੀਂ ਕੀਤਾ। ਡਾਕਟਰ ਇਹ ਕਹਿੰਦੇ ਰਹੇ ਕਿ ਸਾਡੇ ਹੱਥ ਖੜ੍ਹੇ ਹਨ, ਸਾਡੇ ਕੋਲ ਕੋਈ ਇਲਾਜ ਲਈ ਸਾਮਾਨ ਨਹੀਂ ਹੈ, ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਦਵਾਈਆਂ ਲੈ ਆਓ, ਇਲਾਜ ਕਰ ਦੇਵਾਂਗੇ।
ਮੈਡੀਕਲ ਸੁਪਰਡੈਂਟ ਦੇ ਆਦੇਸ਼ਾਂ ਨੂੰ ਕੀਤਾ ਦਰਕਿਨਾਰ : ਇਸ ਦੌਰਾਨ ਮਰੀਜ਼ ਦੇ ਇਕ ਰਿਸ਼ਤੇਦਾਰ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਪੀ. ਜੀ. ਡਾਕਟਰ ਦੀ ਫੋਨ 'ਤੇ ਗੱਲ ਕਰਵਾਈ ਪਰ ਡਾਕਟਰਾਂ ਨੇ ਮੈਡੀਕਲ ਸੁਪਰਡੈਂਟ ਦੇ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮਰੀਜ਼ ਦੀ ਸੁੱਧ ਨਹੀਂ ਲਈ। ਮਰੀਜ਼ ਦਾ ਐਕਸਰੇ ਕਰਵਾਉਣ ਲਈ ਜਦੋਂ ਪਰਿਵਾਰਕ ਮੈਂਬਰ ਐਮਰਜੈਂਸੀ ਦੇ ਦਰਜਾ-4 ਕਰਮਚਾਰੀ ਨੂੰ ਮਿਲਣ ਗਏ ਤਾਂ ਉਹ ਵੀ ਮੌਕੇ 'ਤੇ ਮੌਜੂਦ ਨਹੀਂ ਸੀ ਤੇ ਨਾ ਹੀ ਐਮਰਜੈਂਸੀ 'ਚ ਕੋਈ ਸਟਰੇਚਰ ਪਿਆ ਸੀ। ਕਾਫ਼ੀ ਘੰਟੇ ਬੀਤ ਜਾਣ ਤੋਂ ਬਾਅਦ ਮਰੀਜ਼ ਨੂੰ ਟਾਂਕੇ ਲਾਏ ਗਏ ਪਰ ਮਰੀਜ਼ ਦੀ ਹਾਲਤ ਵਿਗੜਦੀ ਦੇਖ ਕੇ ਪਰਿਵਾਰ ਵਾਲੇ ਉਸ ਨੂੰ ਗੁਰੂ ਰਾਮਦਾਸ ਹਸਪਤਾਲ ਲੈ ਗਏ।
ਮੋਟੀ ਤਨਖਾਹ ਲੈਣ ਵਾਲੇ ਡਾਕਟਰ ਮਰੀਜ਼ਾਂ ਦੀ ਨਹੀਂ ਲੈ ਰਹੇ ਸਾਰ : ਮਰੀਜ਼ ਨਾਲ ਆਏ ਮਹੰਤ ਰਾਮੇਸ਼ਾਨੰਦ ਸਰਸਵਤੀ ਨੇ ਕਿਹਾ ਕਿ ਹਸਪਤਾਲ ਦਾ ਕੰਮ ਭਗਵਾਨ ਭਰੋਸੇ ਚੱਲ ਰਿਹਾ ਹੈ। ਡਾਕਟਰਾਂ ਦੇ ਦਿਲ ਪੱਥਰ ਹੋ ਗਏ ਹਨ। ਮੋਟੀ ਤਨਖਾਹ ਲੈਣ ਵਾਲੇ ਡਾਕਟਰ ਮਰੀਜ਼ਾਂ ਦੀ ਸਾਰ ਨਹੀਂ ਲੈ ਰਹੇ। ਪੀ. ਜੀ. ਦੇ ਸਹਾਰੇ ਐਮਰਜੈਂਸੀ ਚਲਾਈ ਜਾ ਰਹੀ ਹੈ। ਡਾਕਟਰਾਂ ਦੀ ਨਾਲਾਇਕੀ ਕਾਰਨ ਗੰਭੀਰ ਹਾਲਤ ਵਿਚ ਆਉਣ ਵਾਲੇ ਮਰੀਜ਼ਾਂ ਦੀ ਦੇਖਭਾਲ ਨਾ ਹੋਣ ਕਾਰਨ ਅਕਸਰ ਮੌਤ ਹੋ ਜਾਂਦੀ ਹੈ। ਪੰਜਾਬ ਸਰਕਾਰ ਉਂਝ ਤਾਂ ਉਕਤ ਹਸਪਤਾਲ ਨੂੰ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਕਰਾਰ ਦਿੰਦੀ ਹੈ ਪਰ ਸਹੂਲਤ ਟਕੇ ਦੀ ਵੀ ਨਹੀਂ ਮਿਲ ਰਹੀ। ਅਜਿਹੇ ਡਾਕਟਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਔਜਲਾ ਛਾਪੇਮਾਰੀ ਛੱਡ ਕੇ ਦਵਾਈਆਂ ਕਰਵਾਉਣ ਮੁਹੱਈਆ : ਸਮਾਜ ਸੇਵਕ ਜੈ ਗੋਪਾਲ ਲਾਲੀ ਨੇ ਕਿਹਾ ਕਿ ਮਰੀਜ਼ ਦੀ ਹਾਲਤ ਅਜੇ ਵੀ ਤਰਸਯੋਗ ਬਣੀ ਹੋਈ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਹਸਪਤਾਲ 'ਚ ਕਈ ਵਾਰ ਅਚਾਨਕ ਜਾਂਚ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਜਾਂਚ ਅਖਬਾਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਤ ਹੈ। ਹਸਪਤਾਲ 'ਚ ਜਾਂਚ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੋਇਆ। ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ 250 ਦੇ ਕਰੀਬ ਦਵਾਈਆਂ 'ਚੋਂ 2 ਦਰਜਨ ਦੇ ਕਰੀਬ ਹੀ ਦਵਾਈਆਂ ਮਿਲ ਰਹੀਆਂ ਹਨ ਪਰ ਗੰਭੀਰ ਹਾਲਤ 'ਚ ਆਉਣ ਵਾਲੇ ਮਰੀਜ਼ਾਂ ਨੂੰ ਰੂੰ, ਪੱਟੀਆਂ, ਸਰਜਰੀ ਆਦਿ ਸਾਮਾਨ ਬਾਹਰ ਤੋਂ ਹੀ ਲਿਆਉਣਾ ਪੈ ਰਿਹਾ ਹੈ। ਔਜਲਾ ਛਾਪੇਮਾਰੀ ਛੱਡ ਕੇ ਹਸਪਤਾਲ ਵਿਚ ਪੰਜਾਬ ਸਰਕਾਰ ਵੱਲੋਂ ਦਵਾਈਆਂ ਉਪਲਬਧ ਕਰਵਾਉਣ ਤਾਂ ਕਿ ਲੋਕ ਉਨ੍ਹਾਂ ਨੂੰ ਦਿਲੋਂ ਅਸੀਸਾਂ ਦੇ ਸਕਣ।
ਮਾਮਲੇ ਦੀ ਕਰਵਾਈ ਜਾਵੇਗੀ ਜਾਂਚ : ਇਸ ਸਬੰਧੀ ਜਦੋਂ ਹਸਪਤਾਲ ਦੇ ਸੁਪਰਡੈਂਟ ਐੱਚ. ਐੱਸ. ਸੋਹਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਇਸ ਸਬੰਧ 'ਚ ਉਹ ਡਿਊਟੀ 'ਤੇ ਮੌਜੂਦ ਪੀ. ਜੀ. ਡਾਕਟਰਾਂ ਨਾਲ ਵੀ ਗੱਲਬਾਤ ਕਰਨਗੇ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਨੂੰ ਸੀ. ਬੀ. ਐੱਸ. ਈ. ਵਲੋਂ ਮਾਨਤਾ
NEXT STORY