ਜਲੰਧਰ (ਵਿਸ਼ੇਸ਼)- ਅਜੋਕੇ ਸਮਿਆਂ ਵਿਚ ਹਰ ਵਿਦਿਆਰਥੀ, ਵਿਸ਼ੇਸ਼ਕਰ ਪੰਜਾਬੀ ਵਿਦਿਆਰਥੀਆਂ ਦਾ ਇਕੋ-ਇਕ ਸੁਪਨਾ ਹੈ ਕਿ ਕਿਸੇ ਤਰ੍ਹਾਂ ਕੈਨੇਡਾ ਜਾ ਕੇ ਵਸਿਆ ਜਾਵੇ। ਮਾਪੇ ਵੀ ਇਹੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਹੁਣ ਪੰਜਾਬ ਵਿਚ ਨਾ ਰਹਿ ਕੇ ਕੈਨੇਡਾ ਜਾਂ ਦੂਜੇ ਦੇਸ਼ਾਂ ਵਿਚ ਜਾ ਕੇ ਵਸ ਜਾਣ। ਇਸ ਲਈ ਭਾਵੇਂ ਮਾਪਿਆਂ ਨੂੰ ਆਪਣੀਆਂ ਜ਼ਮੀਨਾਂ ਅਤੇ ਘਰ ਵੇਚਣੇ ਪੈਣ ਜਾਂ ਗਹਿਣੇ ਰੱਖਣੇ ਪੈਣ ਉਹ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਕੁਝ ਵੀ ਕਰਨ ਲਈ ਤਿਆਰ ਹਨ। ਬੱਚਿਆਂ ਨੂੰ ਵਿਦੇਸ਼ਾਂ ਵਿਚ ਵਸਾਉਣ ਪਿੱਛੇ ਕਈ ਕਾਰਣ ਹਨ। ਕੈਨੇਡਾ ਵਿਚ ਬਿਹਤਰ ਜ਼ਿੰਦਗੀ ਦਾ ਸੁਪਨਾ ਅਤੇ ਏਜੰਟਾਂ ਵਲੋਂ ਦਿਖਾਏ ਜਾ ਰਹੇ ਸਬਜ਼ਬਾਗ ਇਸ ਦਾ ਇਕ ਪਹਿਲੂ ਹੈ ਪਰ ਜ਼ਿਆਦਾ ਵਿਦਿਆਰਥੀ ਕਿਹੋ ਜਿਹਾ ਜੀਵਨ ਬਸਰ ਕਰਦੇ ਹਨ, ਕਿਹੋ ਜਿਹੇ ਧੰਦੇ (ਜਾਇਜ਼ ਜਾਂ ਨਾਜਾਇਜ਼) ਕਰਦੇ ਹਨ। ਇਸ ਪੱਖ ਤੋਂ ਮਾਪੇ ਬੇਖਬਰ ਰਹਿੰਦੇ ਹਨ।
ਕਿਨ੍ਹਾਂ ਕਾਰਣਾਂ ਕਰ ਕੇ ਵਿਦਿਆਰਥੀਆਂ ਦਾ ਰੁਖ਼ ਹੋ ਰਿਹੈ ਵਿਦੇਸ਼ਾਂ ਵੱਲ
ਸਰਕਾਰ ਕੋਈ ਵੀ ਆਵੇ ਕੇਂਦਰ ਵਿਚ ਜਾਂ ਸੂਬਿਆਂ ਵਿਚ ਸਭ ਰੋਜ਼ਗਾਰ ਦੇ ਨਾਂ 'ਤੇ ਨੌਜਵਾਨਾਂ ਦੇ ਸੁਪਨਿਆਂ ਦਾ ਭਰਪੂਰ ਫਾਇਦਾ ਲੈਂਦੇ ਹਨ। ਨੌਜਵਾਨਾਂ ਨੂੰ ਨੌਕਰੀਆਂ ਦੇ ਸਬਜ਼ਬਾਗ ਦਿਖਾਏ ਜਾਂਦੇ ਹਨ ਅਤੇ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਪ੍ਰਾਈਵੇਟ ਅਦਾਰਿਆਂ ਵਿਚ 7-7, 8-8 ਹਜ਼ਾਰ ਦੀਆਂ ਨੌਕਰੀਆਂ ਦਿਵਾਈਆਂ ਜਾ ਰਹੀਆਂ ਹਨ। ਲੱਖਾਂ ਨੌਜਵਾਨ ਸੜਕਾਂ 'ਤੇ ਡਿਗਰੀਆਂ ਲੈ ਕੇ ਘੁੰਮ ਰਹੇ ਹਨ ਪਰ ਕਿਤੇ ਨੌਕਰੀਆਂ ਨਹੀਂ ਹਨ। ਚਿੰਤਤ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਇਰਾਦਾ ਕਰਦੇ ਹਨ।
ਕੈਨੇਡਾ ਦੀਆਂ ਉਦਾਰਵਾਦੀ ਨੀਤੀਆਂ ਅਤੇ ਉਸ ਦੇ ਪਿੱਛੇ ਦਾ ਸੱਚ
ਪੰਜਾਬ ਤੇ ਪੰਜਾਬੀਆਂ ਵਿਚ ਕੈਨੇਡਾ ਸਰਕਾਰ ਦੀਆਂ ਉਦਾਰਵਾਦੀ ਨੀਤੀਆਂ ਬਾਰੇ ਅਤੇ ਕੈਨੇਡਾ ਦੇ ਲੋਕਾਂ ਦੇ ਜੀਵਨ ਪੱਧਰ ਬਾਰੇ ਧੂੰਆਂਧਾਰ ਪ੍ਰਚਾਰ ਕੀਤਾ ਜਾਂਦਾ ਹੈ। ਅਜਿਹਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਥੇ ਪੰਜਾਬੀ ਮੌਜ ਵਿਚ ਰਹਿ ਰਹੇ ਹਨ, ਹਰ ਖੇਤਰ ਵਿਚ, ਸਮੇਤ ਰਾਜਨੀਤੀ ਦੇ ਪੰਜਾਬੀਆਂ ਦੀ ਬੱਲੇ-ਬੱਲੇ ਹੈ ਅਤੇ ਪਿੱਛੇ ਜਿਹੇ ਹੋਈਆਂ ਚੋਣਾਂ ਵਿਚ 18 ਪੰਜਾਬੀਆਂ ਦਾ ਸੰਸਦ ਮੈਂਬਰ ਚੁਣੇ ਜਾਣਾ ਨੌਜਵਾਨਾਂ ਵਿਚ ਕਈ ਭੁਲੇਖੇ ਪੈਦਾ ਕਰਦਾ ਹੈ।
ਇਹ ਪ੍ਰਚਾਰ ਪੰਜਾਬ ਦੇ ਹਜ਼ਾਰਾਂ ਟ੍ਰੈਵਲ ਏਜੰਟਾਂ ਆਈਲੈਟਸ ਕੇਂਦਰਾਂ ਦੇ ਸੰਚਾਲਕਾਂ ਅਤੇ ਕਈ ਹੋਰਨਾਂ ਵਲੋਂ ਕੀਤਾ ਜਾਂਦਾ ਹੈ। ਸਾਡੀਆਂ ਵਿੱਦਿਅਕ ਸੰਸਥਾਵਾਂ, ਕੁਝ ਯੂਨੀਵਰਸਿਟੀਆਂ ਅਤੇ ਸਰਕਾਰਾਂ ਵੀ ਆਪਣੇ ਸਾਮਰਾਜੀ ਮਾਲਕਾਂ ਦੀਆਂ ਸੇਵਾਵਾਂ ਵਿਚ ਲੱਗੀਆਂ ਹੋਈਆਂ ਹਨ। ਕੈਨੇਡਾ ਦੀ ਕੁਲ ਆਬਾਦੀ ਦਾ 1 ਫੀਸਦੀ ਹਰ ਸਾਲ ਬਾਹਰੋਂ ਪ੍ਰਵਾਸੀਆਂ ਨੂੰ ਲਿਆ ਕੇ ਕੰਮ ਚਲਾਉਣਾ ਪੈਂਦਾ ਹੈ ਪਰ ਕੈਨੇਡਾ ਪੰਜਾਬ ਤੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਸੱਦ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਹੈ ਸਗੋਂ ਇਸ ਅਮਲ ਵਿਚ ਉਹ ਪੰਜਾਬ ਦੀ ਪੂੰਜੀ ਦੀ ਵੀ ਲੁੱਟ ਕਰ ਕੇ ਪੰਜਾਬ ਨੂੰ ਕੰਗਾਲ ਬਣਾ ਰਿਹਾ ਹੈ।
ਪੂਰੀ ਸੱਚਾਈ ਜ਼ਾਹਰ ਹੀ ਨਹੀਂ ਹੁੰਦੀ
ਕੈਨੇਡਾ ਇਹ ਪ੍ਰਚਾਰ ਕਰ ਰਿਹਾ ਹੈ ਕਿ ਨੌਜਵਾਨਾਂ ਨੂੰ ਉਚੀ ਸਿੱਖਿਆ ਲਈ ਉਥੇ ਸੱਦਿਆ ਜਾ ਰਿਹਾ ਹੈ ਪਰ ਸੱਚਾਈ ਤਾਂ ਇਹ ਹੈ ਕਿ ਕੈਨੇਡਾ ਦੀ ਸਰਕਾਰ ਨੌਜਵਾਨਾਂ ਨੂੰ ਉਨ੍ਹਾਂ ਕੰਮਾਂ ਲਈ ਸੱਦ ਰਹੀ ਹੈ ਜਿਹੜੇ ਕੈਨੇਡਾ ਦੇ ਲੋਕ ਕਰਨਾ ਨਹੀਂ ਚਾਹੁੰਦੇ ਜਿਵੇਂ ਟਰੱਕ ਡਰਾਈਵਰ, ਸਫਾਈ ਮੁਲਾਜ਼ਮ, ਗੈਸ ਸਟੇਸ਼ਨਾਂ ਤੇ ਪੈਟਰੋਲ ਪੰਪਾਂ 'ਤੇ ਕੰਮ ਕਰਨ ਵਾਲੇ, ਖੇਤਾਂ ਵਿਚ ਕੰਮ ਕਰਨ ਵਾਲੇ, ਘਰੇਲੂ ਨੌਕਰ ਅਤੇ ਹਰ ਛੋਟੀਆਂ-ਮੋਟੀਆਂ ਅਜਿਹੀਆਂ ਨੌਕਰੀਆਂ ਜਿਹੜੇ ਕੈਨੇਡਾ ਦੇ ਲੋਕ ਕਰ ਕੇ ਖੁਸ਼ ਨਹੀਂ ਹਨ ਤੇ ਭਾਰਤੀ ਨੌਜਵਾਨਾਂ ਨੂੰ ਲਾਇਆ ਜਾ ਰਿਹਾ ਹੈ। ਕੈਨੇਡਾ ਨੇ ਕਦੇ ਵੀ ਪੰਜਾਬੀ ਨੌਜਵਾਨਾਂ ਦੇ ਭਵਿੱਖ ਬਾਰੇ ਪੂਰੀ ਸੱਚਾਈ ਜ਼ਾਹਰ ਨਹੀਂ ਹੋਣ ਦਿੱਤੀ ਹੈ। ਉਚ ਸਿੱਖਿਆ ਲਈ ਜਾਣ ਵਾਲੇ ਨੌਜਵਾਨਾਂ ਵਿਚ 5 ਤੋਂ 10 ਫੀਸਦੀ ਹੀ ਅਸਲ ਵਿਚ ਉਚ ਸਿੱਖਿਆ ਹਾਸਲ ਕਰਦੇ ਹਨ। 90 ਫੀਸਦੀ ਤੋਂ ਵੱਧ ਉਚ ਸਿੱਖਿਆ ਤੋਂ ਵਿਰਵੇ ਰਹਿ ਜਾਂਦੇ ਹਨ ਅਤੇ ਉਹ ਕੰਮ ਕਰਦੇ ਹਨ ਜਿਨ੍ਹਾਂ ਲਈ ਉੱਚੀ ਪੜ੍ਹਾਈ ਦੀ ਜ਼ਰੂਰਤ ਨਹੀਂ ਹੁੰਦੀ। ਬਹੁਤ ਸਾਰੇ ਏਜੰਟਾਂ ਤੇ ਨੌਜਵਾਨਾਂ ਨੂੰ ਇਹ ਪਤਾ ਹੈ ਕਿ ਉਚ ਸਿੱਖਿਆ ਤਾਂ ਸਿਰਫ ਇਕ ਬਹਾਨਾ ਹੈ ਅਤੇ ਅਸਲ ਵਿਚ ਤਾਂ ਇਹ ਸਿਰਫ ਵੀਜ਼ਾ ਲੈਣ ਦਾ ਸਾਧਨ ਹੈ। ਕੰਮ ਉਨ੍ਹਾਂ ਨੂੰ ਉਹ ਕਰਨੇ ਪੈਂਦੇ ਹਨ ਜਿਨ੍ਹਾਂ ਦਾ ਪੜ੍ਹਾਈ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੁੰਦਾ। ਬਹੁਤ ਸਾਰੀਆਂ ਯੂਨੀਵਰਸਿਟੀਆਂ, ਜਿਥੇ ਇਹ ਨੌਜਵਾਨ ਦਾਖਲਾ ਲੈਂਦੇ ਹਨ, ਸਿਰਫ ਫਰਜ਼ੀ ਯੂਨੀਵਰਸਿਟੀਆਂ ਹਨ। ਉਨ੍ਹਾਂ ਨੇ ਇਕ-ਦੋ ਕਮਰੇ ਕਿਰਾਏ 'ਤੇ ਲਏ ਹੁੰਦੇ ਹਨ ਜਿਥੇ ਸਿਰਫ ਵਿਦਿਆਰਥੀਆਂ ਤੋਂ ਫੀਸਾਂ ਜਮ੍ਹਾ ਕਰਵਾਉਣ ਦੀ ਹੀ ਵਿਵਸਥਾ ਹੁੰਦੀ ਹੈ। ਉਚ ਸਿੱਖਿਆ ਦੀ ਕੋਈ ਵਿਵਸਥਾ ਹੁੰਦੀ ਹੀ ਨਹੀਂ। ਜਿਹੜੀਆਂ ਯੂਨੀਵਰਸਿਟੀਆਂ ਅਸਲ ਵਿਚ ਹਨ ਉਥੇ ਪੰਜਾਬੀ ਵਿਦਿਆਰਥੀਆਂ ਤੋਂ ਕੈਨੇਡਾ ਦੇ ਵਿਦਿਆਰਥੀਆਂ ਦੇ ਮੁਕਾਬਲੇ ਲਗਭਗ 3 ਗੁਣਾ ਵੱਧ ਲਈਆਂ ਜਾਂਦੀਆਂ ਹਨ। ਕਿਸੇ ਨੌਜਵਾਨ ਨੂੰ ਕੈਨੇਡਾ ਲੈ ਜਾਣ ਲਈ 40 ਲੱਖ ਰੁਪਏ ਤਕ ਖਰਚ ਕਰਨੇ ਪੈਂਦੇ ਹਨ। ਹਰ ਸਾਲ ਹਜ਼ਾਰਾਂ ਕਰੋੜ ਰੁਪਏ ਪੰਜਾਬ ਤੋਂ ਜਾ ਰਹੇ ਹਨ। ਫਿਰ ਪੱਕੇ ਹੋਣ ਲਈ ਲੱਗਣ ਵਾਲਾ ਖਰਚ ਵੱਖਰਾ ਹੈ।
ਜੁਰਮ ਤੇ ਬਦਨਾਮ ਗਲੀਆਂ 'ਚ ਗੱਭਰੂ ਤੇ ਮੁਟਿਆਰਾਂ
ਕੈਨੇਡਾ ਨੇ ਪੰਜਾਬੀਆਂ 'ਚ ਪ੍ਰਵਾਸ ਉਤਸ਼ਾਹਿਤ ਕਰਨ ਲਈ ਸਿਰਫ ਅੱਧਾ ਸੱਚ ਹੀ ਉਜਾਗਰ ਹੋਣ ਦਿੱਤਾ ਹੈ। ਪੰਜਾਬੀਆਂ ਦੀਆਂ ਪ੍ਰਾਪਤੀਆਂ ਬਾਰੇ ਹੀ ਪ੍ਰਚਾਰ ਕੀਤਾ ਜਾਂਦਾ ਹੈ। ਪੰਜਾਬੀਆਂ ਦੇ ਜੀਵਨ ਦੇ ਨਾਂਹ-ਪੱਖੀ ਪਹਿਲੂਆਂ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ। ਮਿਸਾਲ ਵਜੋਂ ਪੰਜਾਬੀ ਨੌਜਵਾਨ ਜੁਰਮ ਦਾ ਜੀਵਨ ਬਸਰ ਕਰ ਰਹੇ ਹਨ। ਬਹੁਤ ਸਾਰੇ ਗਿਰੋਹਾਂ ਦੇ ਮੈਂਬਰ ਬਣ ਕੇ ਹਿੰਸਕ ਕਾਰਵਾਈਆਂ ਕਰ ਕੇ ਆਪਣੀਆਂ ਜਾਨਾਂ ਗੁਆ ਰਹੇ ਹਨ ਜਾਂ ਮਾਸੂਮਾਂ ਦੀਆਂ ਜਾਨਾਂ ਲੈ ਰਹੇ ਹਨ। ਵੱਡੀ ਗਿਣਤੀ ਵਿਚ ਨੌਜਵਾਨ ਨਸ਼ੀਲੀਆਂ ਵਸਤਾਂ ਦੇ ਧੰਦੇ ਵਿਚ ਸ਼ਾਮਲ ਹੋ ਰਹੇ ਹਨ। ਕਈ ਗੈਰ-ਕਾਨੂੰਨੀ ਤੌਰ 'ਤੇ ਮਨੁੱਖੀ ਸਮਗਲਿੰਗ ਦਾ ਪੇਸ਼ਾ ਅਪਣਾ ਰਹੇ ਹਨ। ਕਈ ਲੜਕੀਆਂ ਨੇ ਵੇਸਵਾਗਿਰੀ ਦਾ ਧੰਦਾ ਅਪਣਾ ਲਿਆ ਹੈ। ਉਪਰੋਕਤ ਸਭਨਾਂ ਧੰਦਿਆਂ ਵਿਚ ਲੜਕੀਆਂ ਵੀ ਸ਼ਾਮਲ ਹਨ। ਕੁਝ ਗਲੀਆਂ ਤੇ ਕੁਝ ਸੜਕਾਂ 'ਤੇ ਹਲਕੀ ਕਿਸਮ ਦੀ ਵੇਸਵਾਗਿਰੀ ਚੱਲਦੀ ਹੈ। ਸਭ ਤੋਂ ਉਪਰਲੇ ਪੱਧਰ 'ਤੇ ਕੈਨੇਡਾ ਦੇ ਮਹਿੰਗੇ ਇਲਾਕਿਆਂ ਵਿਚ ਮਾਲਸ਼ਾਂ ਕਰਨ ਦੇ ਪਾਰਲਰਾਂ ਵਿਚ ਉਚੀ ਕਿਸਮ ਦੀ ਵੇਸਵਾਗਿਰੀ ਚੱਲ ਰਹੀ ਹੈ।
ਕਈ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਆਪਣੇ ਭਾਈਚਾਰੇ ਤੋਂ ਦੂਰ ਚਲੇ ਜਾਂਦੇ ਹਨ। ਇਨ੍ਹਾਂ ਨੌਜਵਾਨਾਂ ਵਿਚ ਗੁਰਦਿਆਂ ਦਾ ਨੁਕਸਾਨ ਹੋਣਾ, ਦਿਲ ਦੀਆਂ ਬੀਮਾਰੀਆਂ ਤੇ ਹੋਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਣਾ ਆਮ ਗੱਲ ਹੈ।
ਇਹ ਸਹੀ ਹੈ ਕਿ ਕੁਝ ਪੰਜਾਬੀ ਰਾਜਨੀਤੀ, ਵਪਾਰ ਅਤੇ ਅਕਾਦਮਿਕ ਖੇਤਰਾਂ ਵਿਚ ਵੱਡੀਆਂ ਸਫਲਤਾਵਾਂ ਹਾਸਲ ਕਰ ਲੈਂਦੇ ਹਨ ਪਰ ਕਿਸੇ ਪੰਜਾਬੀ ਦੀ ਕਾਮਯਾਬੀ ਲਈ ਹੋਰ ਕਿੰਨੇ ਪੰਜਾਬੀਆਂ ਦੀ ਬਲੀ ਚੜ੍ਹਾÀਉਣੀ ਪੈਂਦੀ ਹੈ, ਇਸ ਦਾ ਅੰਦਾਜ਼ਾ ਸਾਡੇ ਨੌਜਵਾਨਾਂ ਨੂੰ ਨਹੀਂ ਹੈ।
'ਸਾਡੇ ਮਾਣਯੋਗ ਮੁੱਖ ਮੰਤਰੀ ਨੂੰ ਕੀ ਹੋ ਗਿਆ'
NEXT STORY