ਫਿਰੋਜ਼ਪੁਰ, (ਕੁਮਾਰ)- ਸ਼ਹਿਰ ਦਾ ਸੁੰਦਰੀਕਰਨ ਕਰਨ ਲਈ ਅਕਾਲੀ-ਭਾਜਪਾ ਦੀ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਚੌਕ ਤੇ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਵਾਰਕ 'ਚ ਲੱਖਾਂ ਰੁਪਏ ਖਰਚ ਕਰ ਕੇ ਮਿਊਜ਼ੀਕਲ ਫੁਹਾਰੇ ਲਾਏ ਗਏ ਸਨ, ਜੋ ਕੁਝ ਹੀ ਦਿਨ ਚੱਲੇ ਤੇ ਬੰਦ ਹੋ ਗਏ ਤੇ ਉਸ ਤੋਂ ਬਾਅਦ ਕਦੇ ਵੀ ਉਨ੍ਹਾਂ ਨੂੰ ਚੈੱਕ ਨਹੀਂ ਕਰਵਾਇਆ ਗਿਆ। ਫਿਰੋਜ਼ਪੁਰ ਦੇ ਲੋਕ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਟੈਕਸਾਂ ਨਾਲ ਖਰਚ ਕੀਤੇ ਗਏ ਇਨ੍ਹਾਂ ਲੱਖਾਂ ਰੁਪਏ ਦੀ ਜਾਂਚ ਕਰਵਾਉਣ 'ਤੇ ਮੌਜੂਦਾ ਸਰਕਾਰ ਜਾਂ ਪੰਜਾਬ ਵਿਜੀਲੈਂਸ ਬਿਊਰੋ ਦਾ ਕੋਈ ਧਿਆਨ ਨਹੀਂ ਹੈ ਤੇ ਕੁਝ ਦਿਨ ਚੱਲਣ ਤੋਂ ਬਾਅਦ ਇਨ੍ਹਾਂ ਫੁਹਾਰਿਆਂ ਦਾ ਬੰਦ ਹੋ ਜਾਣਾ ਸਰਕਾਰੀ ਵਿਭਾਗਾਂ ਲਈ ਹੀ ਨਹੀਂ, ਬਲਕਿ ਫੁਹਾਰੇ ਲਾਉਣ ਵਾਲੇ ਇੰਜੀਨੀਅਰਾਂ ਲਈ ਵੀ ਬਹੁਤ ਵੱਡੀ ਸ਼ਰਮ ਦੀ ਗੱਲ ਹੈ।
ਸ਼ਹੀਦ ਊਧਮ ਸਿੰਘ ਚੌਕ ਫਿਰੋਜ਼ਪੁਰ ਸ਼ਹਿਰ 'ਚ 15 ਸਤੰਬਰ 2015 ਨੂੰ ਐੱਮ. ਪੀ. ਲੈਂਡ ਫੰਡ 'ਚੋਂ ਲੱਖਾਂ ਰੁਪਏ ਖਰਚ ਕਰ ਕੇ ਪੀ. ਡਬਲਯੂ. ਡੀ. (ਬੀ. ਐਂਡ ਆਰ.) ਵਿਭਾਗ ਫਿਰੋਜ਼ਪੁਰ ਵੱਲੋਂ ਇਹ ਫੁਹਾਰੇ ਲਾਏ ਗਏ ਸਨ ਤੇ ਜਿਸ ਦਿਨ ਇਹ ਫੁਹਾਰੇ ਚਲੇ ਸਨ, ਉਸੇ ਦਿਨ ਇਸ ਪ੍ਰਾਜੈਕਟ 'ਚ ਲੱਖਾਂ ਰੁਪਏ ਦੀ ਹੇਰਾ-ਫੇਰੀ ਤੇ ਘਟੀਆ ਮਟੀਰੀਅਲ ਲਾ ਕੇ ਸਰਕਾਰ ਤੋਂ ਜ਼ਿਆਦਾ ਪੈਸੇ ਵਸੂਲਣ ਤੇ ਕਥਿਤ ਘਪਲੇਬਾਜ਼ੀ ਹੋਣ ਦੇ ਦੋਸ਼ ਲੱਗਣ ਲੱਗ ਪਏ ਅਤੇ ਕੁਝ ਦਿਨ ਚੱਲਣ ਤੋਂ ਬਾਅਦ ਜਦ ਇਹ ਫੁਹਾਰੇ ਬੰਦ ਹੋ ਗਏ ਤਾਂ ਲੋਕਾਂ ਨੂੰ ਉਨ੍ਹਾਂ ਦੋਸ਼ਾਂ 'ਚ ਸੱਚਾਈ ਨਜ਼ਰ ਆਉਣ ਲੱਗੀ ਤੇ ਆਖਰ ਮਾਮਲੇ ਨੂੰ ਉਥੇ ਹੀ ਦਬਾ ਦਿੱਤਾ ਗਿਆ ਤੇ ਅੱਜ ਵੀ ਇਸ ਚੌਕ ਤੋਂ ਆਉਂਦੇ-ਜਾਂਦੇ ਲੋਕ ਪੀ. ਡਬਲਯੂ. ਡੀ. ਵਿਭਾਗ, ਨਗਰ ਕੌਂਸਲ, ਫਿਰੋਜ਼ਪੁਰ ਪ੍ਰਸ਼ਾਸਨ ਤੇ ਵਿਜੀਲੈਂਸ ਵਿਭਾਗ 'ਤੇ ਹੱਸਦੇ ਹਨ ਤੇ ਮਜ਼ਾਕ ਉਡਾਉਂਦੇ ਹਨ। ਅਜਿਹਾ ਹੀ ਹਾਲ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਪਾਰਕ ਦਾ ਹੈ।
ਜਦ ਮਨਜੀਤ ਸਿੰਘ ਨਾਰੰਗ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸਨ, ਉਦੋਂ ਉਨ੍ਹਾਂ ਇਥੇ ਲੋਕਾਂ ਦੀ ਸਹੂਲਤ ਲਈ ਫੁਹਾਰੇ ਲਾਏ ਸਨ ਪਰ ਇਨ੍ਹਾਂ ਫੁਹਾਰਿਆਂ ਦੀ ਸੰਭਾਲ ਨਹੀਂ ਕੀਤੀ ਗਈ ਤੇ ਹੌਲੀ-ਹੌਲੀ ਚੋਰ ਇਸ ਪਾਰਕ ਦੇ ਫੁਹਾਰਿਆਂ 'ਚੋਂ ਸਾਰਾ ਸਾਮਾਨ ਚੌਰੀ ਕਰ ਕੇ ਲੈ ਗਏ।
ਇਸੇ ਤਰ੍ਹਾਂ ਪੀ. ਡਬਲਯੂ. ਡੀ. ਵਿਭਾਗ ਵੱਲੋਂ ਫਿਰੋਜ਼ਪੁਰ ਸ਼ਹਿਰ 'ਚ ਲੱਖਾਂ ਰੁਪਏ ਖਰਚ ਕਰ ਕੇ ਰਾਏ ਸਿੱਖ ਭਵਨ ਬਣਾਇਆ ਗਿਆ ਸੀ ਤੇ ਦੋਸ਼ ਲਾਇਆ ਜਾਂਦਾ ਹੈ ਕਿ ਉਸ ਭਵਨ ਦੀ ਉਸਾਰੀ 'ਚ ਘਟੀਆ ਕੁਆਲਟੀ ਦਾ ਮਟੀਰੀਅਲ ਲਾਇਆ ਗਿਆ ਹੈ ਤੇ ਇਕ ਹੀ ਤਰ੍ਹਾਂ ਦੀਆਂ ਆਈਟਮਾਂ ਦੀ ਕਥਿਤ ਮਿਲੀਭੁਗਤ ਨਾਲ 2-2 ਵਾਰ ਅਦਾਇਗੀ ਕਰ ਕੇ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਗਿਆ ਹੈ।
ਵਿਜੀਲੈਂਸ ਨੂੰ ਜਾਂਚ ਕਰਨੀ ਚਾਹੀਦੀ ਹੈ : ਸੂਰਜ ਮਹਿਤਾ
ਫਿਰੋਜ਼ਪੁਰ ਸ਼ਹਿਰ ਦੇ ਐੱਨ. ਜੀ. ਓ. ਸੂਰਜ ਮਹਿਤਾ ਨੇ ਮੰਗ ਕੀਤੀ ਕਿ ਵਿਜੀਲੈਂਸ ਵਿਭਾਗ ਨੂੰ ਅਜਿਹੀਆਂ ਸ਼ਿਕਾਇਤਾਂ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਇਸ ਸਬੰਧੀ ਸਾਰਾ ਦਫਤਰੀ ਰਿਕਾਰਡ ਸੀਲ ਕਰ ਕੇ ਪਤਾ ਲਾਉਣਾ ਚਾਹੀਦਾ ਹੈ ਕਿ ਕੀ ਲਾਇਆ ਗਿਆ ਮਟੀਰੀਅਲ ਸਰਕਾਰ ਦੀ ਸਪੈਸੀਫਿਕੇਸ਼ਨ ਅਨੁਸਾਰ ਹੈ ਤੇ ਸਰਕਾਰੀ ਖਾਤੇ 'ਚੋਂ ਆਈਟਮਾਂ ਦੇ ਜੋ ਬਿੱਲ ਦਿੱਤੇ ਗਏ ਹਨ, ਕੀ ਉਹ ਸਹੀ ਹਨ ਤੇ ਉਨ੍ਹਾਂ 'ਚ ਕੋਈ ਹੇਰਾ-ਫੇਰੀ ਤਾਂ ਨਹੀਂ ਹੈ? ਉਨ੍ਹਾਂ ਕਿਹਾ ਕਿ ਉਸਾਰੀ ਕੀਤੇ ਗਏ ਰਾਏ ਸਿੱਖ ਭਵਨ ਦਾ ਰਿਕਾਰਡ ਵੀ ਸੀਲ ਕੀਤਾ ਜਾਵੇ ਤੇ ਨਿਰਪੱਖ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਖੂਬਸੂਰਤੀ ਲਈ ਲਾਏ ਗਏ ਇਹ ਫੁਹਾਰੇ ਪੱਕੇ ਤੌਰ 'ਤੇ ਚਾਲੂ ਕੀਤੇ ਜਾਣ ਤੇ ਸ਼ਹਿਰ ਦੀ ਸੁੰਦਰਤਾ ਲਈ ਹੋਰ ਵੀ ਪ੍ਰਾਜੈਕਟ ਚਾਲੂ ਕੀਤੇ ਜਾਣ।
ਫੁਹਾਰੇ ਚਾਲੂ ਕਰਨ 'ਚ ਦੇਰੀ ਨਾ ਹੋਵੇ : ਕੈਲਾਸ਼ ਸ਼ਰਮਾ
ਸੇਵਾਮੁਕਤ ਜੁਡੀਸ਼ੀਅਲ ਕਰਮਚਾਰੀ ਤੇ ਸਮਾਜਕ ਸੰਗਠਨਾਂ ਦੇ ਪ੍ਰਤੀਨਿਧ ਕੈਲਾਸ਼ ਸ਼ਰਮਾ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਚੌਕ 'ਚ ਲਾਏ ਗਏ ਫੁਹਾਰਿਆਂ ਦੀਆਂ ਤਾਰਾਂ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ, ਇਸ ਲਈ ਉਨ੍ਹਾਂ ਬਿਜਲੀ ਦੀਆਂ ਤਾਰਾਂ ਦੀ ਸੰਭਾਲ ਕੀਤੀ ਜਾਵੇ ਤੇ ਸ਼ਹੀਦ ਊਧਮ ਸਿੰਘ ਚੌਕ ਤੇ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਬੰਦ ਪਏ ਫੁਹਾਰੇ ਬਿਨਾਂ ਕਿਸੇ ਦੇਰੀ ਦੇ ਚਲਾਏ ਜਾਣ।
ਕਾ. ਬੰਤ ਬਰਾੜ ਬਣੇ ਸੀ. ਪੀ. ਆਈ. ਪੰਜਾਬ ਦੇ ਸਕੱਤਰ
NEXT STORY