ਤਪਾ ਮੰਡੀ (ਸ਼ਾਮ,ਗਰਗ) : ਤਪਾ ਦੀ ਜੂਹ ਨਾਲ ਬਠਿੰਡਾ ਜ਼ਿਲੇ 'ਚ ਪੈਂਦੇ ਪਿੰਡ ਘੜੈਲੀ ਦੇ ਖੇਤਾਂ 'ਚ ਵੱਸਦੇ ਪਤੀ ਵੱਲੋਂ ਤੇਜ਼ਧਾਰ ਛੁਰੀ ਨਾਲ ਪਤਨੀ ਦਾ ਕਤਲ ਕਰਕੇ ਖੁਦ ਵੀ ਖੁਦਕੁਸ਼ੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਘੜੈਲੀ ਦਾ ਵਿਆਹ 18 ਸਾਲ ਪਹਿਲਾਂ ਸੁਖਵਿੰਦਰ ਕੌਰ ਵਾਸੀ ਢਿਪਾਲੀ ਨਾਲ ਹੋਇਆ ਸੀ ਪਰ ਜਗਸੀਰ ਸਿੰਘ ਕਥਿਤ ਤੌਰ 'ਤੇ ਨਸ਼ਾ ਕਰਨ ਦੀ ਆਦੀ ਸੀ ਪਰ ਮੌਜੂਦਾ ਸਮੇਂ ਵਿਚ ਉਕਤ ਵਿਅਕਤੀ ਅੰਦਰ ਕੁਝ ਸੁਧਾਰ ਸੀ ਜਦਕਿ ਬੀਤੇ ਕੱਲ ਉਸ ਦਾ ਸਾਲਾ ਮਨਜੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਢਿਪਾਲੀ ਆਪਣੇ ਇਕ ਹੋਰ ਚਚੇਰੇ ਭਰਾ ਨਾਲ ਆਪਣੀ ਭੈਣ ਨੂੰ ਮਿਲਣ ਆਏ ਸਨ। ਰਾਤ ਹੋਣ 'ਤੇ ਦੋਵੇਂ ਆਪਣੇ ਭਾਣਜੇ-ਭਾਣਜੀਆਂ ਕੋਲ ਵਿਹੜੇ ਵਿਚ ਸੁੱਤੇ ਜਦਕਿ ਦੋਵੇਂ ਪਤੀ-ਪਤਨੀ ਕਮਰੇ ਵਿਚ ਸੁੱਤੇ ਹੋਏ ਸਨ ਪਰ ਅਚਾਨਕ ਹੀ ਅੰਦਰੋਂ 2 ਵਜੇ ਦੇ ਕਰੀਬ ਚੀਕ ਚਿਹਾੜੇ ਦੀ ਆਵਾਜ਼ ਸੁਣਾਈ ਦਿੱਤੀ।
ਉਨ੍ਹਾਂ ਅੱਗੇ ਦੱਸਿਆ ਕਿ ਜਗਸੀਰ ਸਿੰਘ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਸੁਖਵਿੰਦਰ ਕੌਰ ਦੇ ਸਰੀਰ 'ਤੇ ਤੇਜ਼ਧਾਰ ਛੁਰੀ ਨਾਲ ਇਕ ਵਾਰ ਕੀਤਾ ਜੋ ਬਦਕਿਸਮਤੀ ਨਾਲ ਉਸ ਦੇ ਦਿਲ ਵਿਚ ਜਾ ਲੱਗਣ ਕਾਰਨ ਉਹ ਢਹਿ ਢੇਰੀ ਹੋ ਗਈ ਅਤੇ ਜਗਸੀਰ ਸਿੰਘ ਨੇ ਖੁਦ ਵੀ ਆਪਣੇ ਪੇਟ ਅੰਦਰ ਉਕਤ ਛੁਰੀ ਨਾਲ ਵਾਰ ਕਰ ਲਿਆ। ਜਿਸ ਕਾਰਨ ਉਹ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਗੰਭੀਰ ਰੂਪ 'ਚ ਜ਼ਖਮੀ ਸੁਖਵਿੰਦਰ ਕੌਰ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਗਿਆ। ਜਦਕਿ ਜਗਸੀਰ ਸਿੰਘ ਦਾ ਆਪ੍ਰੇਸ਼ਨ ਰਾਜਿੰਦਰਾ ਹਸਪਤਾਲ ਪਟਿਆਲਾ ਅੰਦਰ ਚਲ ਰਿਹਾ ਹੈ।
ਘਟਨਾ ਦਾ ਪਤਾ ਲੱਗਦਾ ਹੀ ਥਾਣਾ ਮੁਖੀ ਗਿੱਲਕਲਾਂ ਇੰਸਪੈਕਟਰ ਨਿਰਮਲ ਸਿੰਘ ਨੇ ਘਟਨਾ ਥਾਂ 'ਤੇ ਪੁੱਜੇ ਤੇ ਲਾਸ਼ ਕਬਜ਼ੇ 'ਚ ਲੈ ਲਈ। ਮ੍ਰਿਤਕਾਂ ਦੇ ਭਰਾ ਮਨਜੀਤ ਸਿੰਘ ਪੁੱਤਰ ਜਗਰੂਪ ਸਿੰਘ ਦੇ ਬਿਆਨਾਂ 'ਤੇ ਪਤੀ ਜਗਸੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਘੁੜੈਲੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾ ਆਪਣੇ ਪਿਛੇ ਦੋ ਧੀਆਂ ਅਤੇ ਇਕ ਪੁੱਤਰ ਛੱਡ ਗਈ ਹੈ।
ਪੰਜਾਬ ਭਰ 'ਚ ਖਾਧ ਪਦਾਰਥਾਂ ਦੇ 25 ਫੀਸਦੀ ਸੈਂਪਲ ਫੇਲ
NEXT STORY