ਡੇਰਾਬੱਸੀ (ਅਨਿਲ) : ਨੇੜਲੇ ਪਿੰਡ ਬੀਜਨਪੁਰ ਵਿਖੇ ਇਕ ਵਿਆਹੁਤਾ ਦੀ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋਣ ਦੇ ਮਾਮਲੇ ਵਿਚ ਪੁਲਸ ਨੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਪਤੀ ਅਤੇ ਜੇਠ-ਜੇਠਾਣੀ ’ਤੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ 33 ਸਾਲਾ ਮਨਪ੍ਰੀਤ ਕੌਰ ਦਾ ਵਿਆਹ 10 ਸਾਲ ਪਹਿਲਾਂ ਪਿੰਡ ਬੀਜਨਪੁਰ ਦੇ ਰਵਿੰਦਰ ਸਿੰਘ ਨਾਲ ਹੋਇਆ ਸੀ ਅਤੇ ਪਰਿਵਾਰ ਵਿਚ 9 ਸਾਲ ਦਾ ਇਕ ਪੁੱਤਰ ਵੀ ਹੈ।
ਮਨਪ੍ਰੀਤ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ, ਜਿਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਸੈਕਟਰ-32 ਦੇ ਸਰਕਾਰੀ ਹਸਪਤਾਲ ਰੈਫ਼ਰ ਕਰ ਦਿੱਤਾ। ਚੰਡੀਗੜ੍ਹ ਸੈਕਟਰ-32 ਦੇ ਹਸਪਤਾਲ ਵਿਚ ਮਨਪ੍ਰੀਤ ਕੌਰ ਨੇ ਦਮ ਤੋੜ ਦਿੱਤਾ। ਮਨਪ੍ਰੀਤ ਕੌਰ ਜ਼ੀਰਕਪੁਰ ਦੇ ਨੇੜੇ ਬਲਟਾਣਾ ਦੀ ਰਹਿਣ ਵਾਲੀ ਸੀ। ਉਸ ਦੀ ਮਾਂ ਰਾਜੂ ਦੇਵੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਰਵਿੰਦਰ ਪੈਸਿਆਂ ਦੀ ਮੰਗ ਨੂੰ ਲੈ ਕੇ ਉਸ ਦੀ ਧੀ ਮਨਪ੍ਰੀਤ ਨੂੰ ਤੰਗ-ਪਰੇਸ਼ਾਨ ਕਰਦਾ ਆ ਰਿਹਾ ਸੀ। ਦੋਵੇਂ ਪਰਿਵਾਰਾਂ ’ਚ 5-6 ਵਾਰ ਪੰਚਾਇਤੀ ਰਾਜ਼ੀਨਾਮਾ ਵੀ ਹੋ ਚੁੱਕਾ ਹੈ। ਸਾਲ ਪਹਿਲਾਂ ਉਨ੍ਹਾਂ ਨੇ ਕਾਰ ਖਰੀਦਣ ਲਈ ਰਵਿੰਦਰ ਨੂੰ ਢਾਈ ਲੱਖ ਰੁਪਏ ਦਿੱਤੇ ਸਨ ਪਰ ਹੁਣ ਪੈਸੇ ਦੀ ਹੋਰ ਮੰਗ ਕਰਦੇ ਹੋਏ ਮਨਪ੍ਰੀਤ ਨੂੰ ਕਾਫੀ ਤੰਗ-ਪਰੇਸ਼ਾਨ ਕਰਦਾ ਆ ਰਿਹਾ ਸੀ।
ਮਜਬੂਰਨ ਮਨਪ੍ਰੀਤ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਆਈ. ਪੀ. ਸੀ. 306 ਦੇ ਤਹਿਤ ਰਵਿੰਦਰ ਤੇ ਉਸ ਦੇ ਭਰਾ ਅਸ਼ੋਕ ਕੁਮਾਰ ਅਤੇ ਅਸ਼ੋਕ ਦੀ ਪਤਨੀ ਰਾਣੀ ਦੇਵੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਰਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ। ਸੋਮਵਾਰ ਨੂੰ ਹੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦਾ ਸੰਸਕਾਰ ਪਿੰਡ ਬਿਜਨਪੁਰ ਵਿਚ ਹੀ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਮੁਲਜ਼ਮ ਜੇਠ ਅਤੇ ਜੇਠਾਣੀ ਫਿਲਹਾਲ ਫ਼ਰਾਰ ਹਨ।
ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸਿਮਰਨਜੀਤ ਸਿੰਘ ਮਾਨ ਦਾ ਬੀਬੀ ਜਗੀਰ ਕੌਰ ਨੂੰ ਵੱਡਾ ਸਵਾਲ
NEXT STORY