ਸ੍ਰੀ ਮੁਕਤਸਰ ਸਾਹਿਬ (ਪਵਨ) - ਹਲਕਾ ਲੰਬੀ ਦੇ ਅਧੀਨ ਪੈਂਦੇ ਪਿੰਡ ਭੀਟੀਵਾਲਾ ਵਿਖੇ ਬੀਤੇ ਦਿਨ ਨਾਜਾਇਜ਼ ਸਬੰਧਾਂ ਕਾਰਨ ਜਗਤਾਰ ਸਿੰਘ ਨਾਮਕ ਵਿਅਕਤੀ ਨੂੰ ਅਗਵਾ ਕਰ ਕੇ ਕਤਲ ਕਰਨ ਅਤੇ ਲਾਸ਼ ਨੂੰ ਖੁਰਦ-ਬੁਰਦ ਕੀਤੇ ਜਾਣ ਦੇ ਮਾਮਲੇ ਨੂੰ ਜ਼ਿਲਾ ਪੁਲਸ ਵੱਲੋਂ ਸੁਲਝਾ ਲਿਆ ਗਿਆ ਹੈ। ਕਤਲ ਦੇ ਮਾਮਲੇ 'ਚ ਪੁਲਸ ਨੇ ਲੋੜੀਂਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬੀਤੀ 8 ਜੂਨ ਨੂੰ ਲੰਬੀ ਹਲਕੇ ਦੇ ਪਿੰਡ ਭੀਟੀਵਾਲਾ ਨਿਵਾਸੀ ਲਖਵਿੰਦਰ ਸਿੰਘ ਨਾਮਕ ਵਿਅਕਤੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਪਿਤਾ ਜਗਤਾਰ ਸਿੰਘ ਨਾਲ ਖੇਤਾਂ 'ਚ ਕੰਮ ਕਰਨ ਗਿਆ ਸੀ ਪਰ ਉਸ ਦੇ ਪਿਤਾ ਨੂੰ ਸੁਖਦੀਪ ਸਿੰਘ (ਸੀਪਾ) ਵੱਲੋਂ ਕਤਲ ਕਰਨ ਦੇ ਇਰਾਦੇ ਨਾਲ ਅਗਵਾ ਕਰ ਲਿਆ ਗਿਆ ਹੈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਗਤਾਰ ਸਿੰਘ ਨੇ ਕਮਜ਼ੋਰੀ ਦੀ ਵਜ੍ਹਾ ਕਾਰਨ ਆਪਣੀ ਪਤਨੀ ਕੁਲਵੀਰ ਕੌਰ ਦੇ ਸੁਖਦੀਪ ਸਿੰਘ ਸੀਪਾ ਦੇ ਨਾਲ ਆਪਣੀ ਸਹਿਮਤੀ ਨਾਲ ਨਾਜਾਇਜ਼ ਸਬੰਧ ਬਣਾ ਦਿੱਤੇ ਸਨ ਪਰ ਬਾਅਦ 'ਚ ਉਸ ਦੇ ਘਰ ਵਿਚ ਲੜਾਈ-ਝਗੜਾ ਰਹਿਣ ਲੱਗ ਪਿਆ ਸੀ ਅਤੇ ਉਹ ਅਕਸਰ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਆਪਣੇ ਪ੍ਰੇਮ ਸਬੰਧਾਂ 'ਚ ਰੁਕਾਵਟ ਬਣਦਾ ਵੇਖ ਕੇ ਪਤਨੀ ਨੇ ਸੀਪਾ ਨਾਲ ਮਿਲ ਕੇ ਆਪਣੇ ਪਤੀ ਦੇ ਕਤਲ ਦੀ ਸਾਜ਼ਿਸ਼ ਰਚੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਜਗਤਾਰ ਸਿੰਘ ਦੇ ਘਰੋਂ ਲਾਪਤਾ ਹੋਣ ਤੋਂ ਬਾਅਦ ਉਸ ਦੇ ਪੁੱਤਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ 'ਚ ਜੁਟੀ ਸੀ। ਪੁਲਸ ਨੇ ਦੋਸ਼ੀ ਸੀਪਾ ਨੂੰ ਪਿੰਡ ਕੱਖਾਂਵਾਲੀ ਤੋਂ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕੀਤੀ। ਪੁਲਸ ਰਿਮਾਂਡ ਦੇ ਦੌਰਾਨ ਜਦ ਪੁਲਸ ਵੱਲੋਂ ਦੋਸ਼ੀ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਜਗਤਾਰ ਸਿੰਘ ਨੂੰ ਬੀਤੀ 5 ਜੂਨ ਦੀ ਰਾਤ 8 ਵਜੇ ਰਾਜਸਥਾਨ ਨਹਿਰ 'ਚ ਸੁੱਟ ਦਿੱਤਾ। ਪੁਲਸ ਵੱਲੋਂ ਬੀਤੇ ਕੱਲ ਜਗਤਾਰ ਸਿੰਘ ਦੀ ਲਾਸ਼ ਮਸੀਤਾਂਵਾਲਾ ਹੈੱਡ (ਰਾਜਸਥਾਨ) ਨਹਿਰ ਵਿਚੋਂ ਬਰਾਮਦ ਕਰ ਲਈ ਗਈ। ਦੋਸ਼ੀ ਦੇ ਵਿਰੁੱਧ ਥਾਣਾ ਲੰਬੀ ਵਿਖੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਨੌਜਵਾਨ ਦਾ ਕਤਲ ਕਰਨ ਵਾਲੇ 2 ਵਿਅਕਤੀਆਂ 'ਤੇ ਮਾਮਲਾ ਦਰਜ
NEXT STORY