ਚੰਡੀਗੜ੍ਹ (ਅਸ਼ਵਨੀ)- ਹਾਈਕਮਾਨ ਦੀ 3 ਮੈਂਬਰੀ ਕਮੇਟੀ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰਿਪੋਰਟ ਸੌਂਪਣ ਤੋਂ ਇੱਕ ਦਿਨ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੱਡਾ ਬਿਆਨ ਦਿੱਤਾ ਹੈ। ਜਾਖੜ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਹਟਣ ਨਾਲ ਕਾਂਗਰਸ ਮਜ਼ਬੂਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਹਟਣ ਤੋਂ ਕੋਈ ਗੁਰੇਜ਼ ਨਹੀਂ ਹੈ।
ਇਹ ਖ਼ਬਰ ਪੜ੍ਹੋ- ‘ਆਪ’ ਦੀ ਦਿੱਲੀ ਸਰਕਾਰ ਨੇ ਕੋਰੋਨਾ ਫ਼ਤਿਹ ਕਿੱਟਾਂ ਦੇ ਮੁਕਾਬਲੇ ਬਹੁਤ ਮਹਿੰਗੇ ਮੁੱਲ ’ਤੇ ਆਕਸੀਮੀਟਰ ਖ਼ਰੀਦੇ : ਬਲਬੀਰ
ਮਹਿੰਗਾਈ ਵਿਰੁੱਧ ਕੁਰਾਲੀ 'ਚ ਵਿਰੋਧ ਪ੍ਰਦਰਸ਼ਨ ਦੌਰਾਨ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਮੰਥਨ ਵਿਚ ਜ਼ਹਿਰ ਨਿਕਲਦਾ ਹੈ ਤਾਂ ਉਹ ਜ਼ਹਿਰ ਪੀਣ ਲਈ ਤਿਆਰ ਹਨ। ਉਹ ਕਦੇ ਵੀ ਪਾਰਟੀ ਦੀ ਇਕਜੁੱਟਤਾ ਅਤੇ ਮਜ਼ਬੂਤੀ ਵਿਚ ਰੋੜਾ ਨਹੀਂ ਬਣਨਗੇ। ਅੱਜ ਜ਼ਰੂਰਤ ਇਕੱਠੇ ਹੋ ਕੇ ਲੜਨ ਦੀ ਹੈ ਕਿਉਂਕਿ ਪੰਜਾਬ ਨੂੰ ਧਰਮ, ਜਾਤੀ, ਸ਼ਹਿਰੀ, ਪੇਂਡੂ ਵਰਗ ਵਿਚ ਵੰਡ ਕੇ ਸਮਾਜ ਨੂੰ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਇਸ ਟੁਕੜੇ-ਟੁਕੜੇ ਗੈਂਗ ’ਤੇ ਨੁਕੇਲ ਕੱਸਣੀ ਚਾਹੀਦੀ ਹੈ। ਜਾਖੜ ਨੇ ਕਿਹਾ ਕਿ ਕਾਂਗਰਸ ਇਕ ਮਜ਼ਬੂਤ ਪਾਰਟੀ ਹੈ ਅਤੇ ਕਾਂਗਰਸ ਅੰਦਰ ਜੇਕਰ ਕੋਈ ਵਿਰੋਧਤਾ ਹੈ, ਉਸ ਨੂੰ ਹੱਲ ਕਰ ਲਿਆ ਜਾਵੇਗਾ। ਕਾਂਗਰਸ ਮਜ਼ਬੂਤੀ ਨਾਲ ਵਿਧਾਨਸਭਾ ਚੋਣਾਂ ਲੜੇਗੀ। ਲੋਕਾਂ ਦਾ ਅਸ਼ੀਰਵਾਦ ਕਾਂਗਰਸ ਪਾਰਟੀ ਨਾਲ ਹੈ।
ਇਹ ਖ਼ਬਰ ਪੜ੍ਹੋ- ਕੇਂਦਰ ਸਰਕਾਰ ਵੱਲੋਂ MSP ਦੇ ਐਲਾਨ ਨਾਲ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ : ਵਡਾਲਾ
2022 ’ਚ ਕੈਪਟਨ ਦਾ ਹੀ ਹੋਵੇ ਚਿਹਰਾ, ਸਿੱਧੂ ਨੂੰ ਮਿਲੇ ਸਨਮਾਨਯੋਗ ਅਹੁਦਾ
ਹਾਈਕਮਾਨ ਨੂੰ ਸੌਂਪੀ ਗਈ ਰਿਪੋਰਟ ਤੋਂ ਬਾਅਦ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਨਮਾਨਯੋਗ ਅਹੁਦਾ ਦੇਣ ਦੀਆਂ ਚਰਚਾਵਾਂ ’ਤੇ ਜਾਖੜ ਨੇ ਕਿਹਾ ਕਿ ਇਹ ਸਿਰਫ਼ ਕਿਆਸਬਾਜ਼ੀਆਂ ਹਨ। ਹਾਲਾਂਕਿ ਜਾਖੜ ਨੇ ਕਿਹਾ ਕਿ ਸਿੱਧੂ ਨੂੰ ਸਨਮਾਨਯੋਗ ਅਹੁਦਾ ਦੇਣ ਤੋਂ ਕਦੇ ਕਿਸੇ ਨੇ ਮਨ੍ਹਾ ਨਹੀਂ ਕੀਤਾ ਅਤੇ ਇਸ ਲਈ ਕਿਸੇ ਕਮੇਟੀ ਦੀ ਜ਼ਰੂਰਤ ਨਹੀਂ ਹੈ। ਇਹ ਤਾਂ ਪਹਿਲੇ ਦਿਨ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਨੂੰ ਸਨਮਾਨਯੋਗ ਅਹੁਦਾ ਮਿਲੇ। ਜਾਖੜ ਨੇ ਇਹ ਵੀ ਕਿਹਾ ਕਿ 2022 ਦੀਆਂ ਵਿਧਾਨਸਭਾ ਚੋਣਾਂ ਵਿਚ ਮੁੱਖ ਮੰਤਰੀ ਦਾ ਚਿਹਰਾ ਅਮਰਿੰਦਰ ਸਿੰਘ ਦਾ ਹੀ ਰਹਿਣਾ ਚਾਹੀਦਾ ਹੈ।
ਇਹ ਖ਼ਬਰ ਪੜ੍ਹੋ-PSL 6 : ਰਾਸ਼ਿਦ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, 4 ਓਵਰਾਂ 'ਚ ਹਾਸਲ ਕੀਤੀਆਂ 5 ਵਿਕਟਾਂ
ਕੋਵਿਡ ਤੋਂ ਬਾਅਦ ਹੁਣ ਮਹਿੰਗਾਈ ਨਾਲ ਮਾਰਨ ਲੱਗੀ ਮੋਦੀ ਸਰਕਾਰ
ਜਾਖੜ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਤਾ ਦਾ ਹੰਕਾਰ ਦੇਸ਼ ’ਤੇ ਭਾਰੀ ਪੈਣ ਲੱਗਾ ਹੈ ਅਤੇ ਲੱਖਾਂ ਲੋਕਾਂ ਦੇ ਕੋਵਿਡ-19 ਨਾਲ ਆਪਣੀ ਜਾਨ ਗੁਆ ਦੇਣ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਹੈ ਅਤੇ ਹੁਣ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਲੋਕਾਂ ਨੂੰ ਆਰਥਿਕ ਤੌਰ ’ਤੇ ਮਾਰਨਾ ਸ਼ੁਰੂ ਕਰ ਦਿੱਤਾ ਹੈ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਮ ਸਮੇਤ ਕਾਂਗਰਸੀ ਨੇਤਾਵਾਂ ਨਾਲ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਜਾਖੜ ਨੇ ਕੇਂਦਰ ਸਰਕਾਰ ’ਤੇ ਸਿੱਧੇ ਹਮਲੇ ਕੀਤੇ। ਜਾਖੜ ਨੇ ਕਿਹਾ ਕਿ ਸੱਤਾ ਦੇ ਹੰਕਾਰ ਵਿਚ ਮੋਦੀ ਸਰਕਾਰ ਨੇ ਦੇਸ਼ ਦੇ ਆਮ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਭੁਲਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕੋਵਿਡ-19 ਦੇ ਮਾੜੇ ਪ੍ਰਬੰਧਾਂ ਕਾਰਣ ਦੇਸ਼ ਦੇ ਲੱਖਾਂ ਪਰਿਵਾਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ ਹੈ ਅਤੇ ਹੁਣ ਮਹਿੰਗਾਈ ਨਾਲ ਦੇਸ਼ ਦੀ ਸਰਕਾਰ ਲੋਕਾਂ ਦਾ ਹਾਲ ਬੇਹਾਲ ਕਰਨ ’ਤੇ ਤੁਲੀ ਹੋਈ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਆਰ. ਡੀ. ਐੱਫ. ਜੀ. ਐੱਸ. ਟੀ. ਦੀ ਅਦਾਇਗੀ ਨਹੀਂ ਕਰ ਰਹੀ ਹੈ ਅਤੇ ਹਰ ਤਰੀਕੇ ਨਾਲ ਪੰਜਾਬ ਨੂੰ ਦਬਾਇਆ ਜਾ ਰਿਹਾ ਹੈ ਜਦੋਂਕਿ ਡੀਜ਼ਲ ਪੈਟਰੋਲ ’ਤੇ ਟੈਕਸ ਦੇ ਰੂਪ ਵਿਚ ਕੇਂਦਰ ਸਰਕਾਰ ਹਰ ਇਕ ਸਾਲ 3 ਲੱਖ ਕਰੋੜ ਇਕੱਠੇ ਕਰਦੀ ਹੈ ਪਰ ਆਮ ਲੋਕਾਂ ਨੂੰ ਇਸਦਾ ਕੋਈ ਲਾਭ ਨਹੀਂ ਹੋ ਰਿਹਾ ਹੈ। ਉਨ੍ਹਾਂ ਨੇ ਇਸ ਮੌਕੇ ਆਮ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਉਠ ਖੜ੍ਹੇ ਹੋਣ ਦਾ ਸੱਦਾ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
‘ਆਪ’ ਦੀ ਦਿੱਲੀ ਸਰਕਾਰ ਨੇ ਕੋਰੋਨਾ ਫ਼ਤਿਹ ਕਿੱਟਾਂ ਦੇ ਮੁਕਾਬਲੇ ਬਹੁਤ ਮਹਿੰਗੇ ਮੁੱਲ ’ਤੇ ਆਕਸੀਮੀਟਰ ਖ਼ਰੀਦੇ : ਬਲਬੀਰ
NEXT STORY