ਤਲਵੰਡੀ ਸਾਬੋ, (ਮੁਨੀਸ਼) - ਸਿੱਖਾਂ ਦੇ ਪਹਿਲੇ ਗੁਰੁ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਦੇਸ਼ ਦੇ ਚੀਨ ਦੀ ਹੱਦ ਨਾਲ ਲੱਗਦੇ ਸੂਬੇ ਸਿੱਕਿਮ 'ਚ ਸਥਿਤ ਇਤਿਹਾਸਕ ਗੁਰਦੁਆਰਾ ਡਾਂਗਮਾਰ ਸਾਹਿਬ 'ਚੋਂ ਬੀਤੇ ਦਿਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕ ਲੈਣ ਅਤੇ ਧਾਰਮਿਕ ਸਮੱਗਰੀ ਨੂੰ ਸੜਕ 'ਤੇ ਸੁੱਟ ਕੇ ਬੇਅਦਬੀ ਕਰਨ ਦੀ ਘਟਨਾ ਦਾ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਉਕਤ ਘਟਨਾ ਦੀ ਨਿਖੇਧੀ ਕਰਦਿਆਂ ਇਸ ਮਾਮਲੇ 'ਚ ਸਿੱਕਿਮ ਸਰਕਾਰ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਉਨ੍ਹਾਂ ਨੇ ਗੁਰਦੁਆਰਾ ਡਾਂਗਮਾਰ ਸਾਹਿਬ ਦੇ ਸੇਵਾਦਾਰ ਤੋਂ ਸਾਰੀ ਜਾਣਕਾਰੀ ਹਾਸਲ ਕੀਤੀ ।ਉਨ੍ਹਾਂ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਸਿੱਕਿਮ ਦੇ ਸਥਾਨਕ ਲਾਮੇ ਲੋਕ ਅਕਸਰ ਹੀ ਇਸ ਇਤਿਹਾਸਕ
ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਤੇ ਆਪਣਾ ਦਾਅਵਾ ਜਤਾਂਉਦੇ ਰਹੇ ਹਨ। ਸੰਨ 2001 'ਚ ਭਾਰਤੀ ਫੌਜ ਨੇ ਉਕਤ ਸਥਾਨ ਨੂੰ ਸਿੱਖ ਧਰਮ ਅਤੇ ਬੁੱਧ ਮਤ ਦਾ ਸਾਂਝਾ ਸਥਾਨ ਬਣਾ ਦਿੱਤਾ ਸੀ। ਇਕ ਮਹੀਨਾ ਪਹਿਲਾਂ ਸਿੱਕਿਮ ਦੇ ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਤੇ ਬੁੱਧ ਮਤ ਨਾਲ ਸਬੰਧਿਤ ਮੰਦਰ ਬਣਾਉਣ ਦਾ ਐਲਾਨ ਕਰ ਦਿੱਤਾ ਸੀ।ਇਸ ਐਲਾਨ ਤੋਂ ਬਾਅਦ 16 ਅਗਸਤ ਨੂੰ ਇਕ ਸਥਾਨਕ ਐੱਸ. ਡੀ. ਐੱਮ ਵਲੋਂ ਲਾਮੇ ਲੋਕਾਂ ਨੂੰ ਭੜਕਾ ਦਿੱਤਾ ਗਿਆ, ਜਿਸ 'ਤੇ ਲਾਮੇ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਰੁਮਾਲਾ ਸਾਹਿਬ ਕੱਢ ਕੇ ਗੁਰਦੁਆਰਾ ਸਾਹਿਬ ਦੇ ਵਿਹੜੇ 'ਚ ਰੱਖ ਦਿੱਤੇ ਤੇ ਉਕਤ ਘਟਨਾ ਦਾ ਸਥਾਨਕ ਸਿੱਖਾਂ ਨੇ ਭਰਵਾਂ ਵਿਰੋਧ ਵੀ ਕੀਤਾ ਤੇ ਸਿੱਖਾਂ ਦੇ ਵਿਰੋਧ ਦੇ ਚਲਦਿਆਂ ਹੀ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਉੱਥੋਂ ਭੱਜ ਗਏ।
ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਲੀਗੁੜੀ ਸਿੰਘ ਸਭਾ ਨੇ ਇਸ ਮਸਲੇ ਦੇ ਹੱਲ ਲਈ 5 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਤੇ ਉਕਤ ਕਮੇਟੀ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਜਾਣਕਾਰੀ ਸਿੱਕਿਮ ਦੇ ਮੁੱਖ ਮੰਤਰੀ ਨੂੰ ਵੀ ਦੇ ਦਿੱਤੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੂੰ ਭਰੋਸਾ
ਦੁਆਇਆ ਹੈ ਕਿ ਪੂਰਾ ਸਿੱਖ ਜਗਤ ਇਸ ਮਾਮਲੇ 'ਚ ਉਨ੍ਹਾਂ ਨਾਲ ਖੜਾ ਹੈ ਤੇ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਤੇ ਕਥਿਤ ਦੋਸ਼ੀਆਂ ਤੇ ਕਾਰਵਾਈ ਕਰਵਾਉਣ ਲਈ ਜੇ ਸੰਘਰਸ਼ ਨੂੰ ਵਿੱਢਣ ਦੀ ਲੋੜ ਪਈ ਤਾਂ ਸਿੱਖ ਸੰਗਤ ਪਿੱਛੇ ਨਹੀਂ ਹਟੇਗੀ। ਸਿੰਘ ਸਾਹਿਬ ਨੇ ਸਿੱਕਿਮ ਸਰਕਾਰ ਨੂੰ ਵੀ ਕਿਹਾ ਕਿ ਉਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਕਰਦਿਆਂ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਪੂਰਨ ਗੁਰਮਰਿਯਾਦਾ ਅਨੁਸਾਰ ਪ੍ਰਕਾਸ਼ ਕਰਵਾ ਕੇ ਗੁਰਦੁਆਰਾ ਸਾਹਿਬ ਸਥਾਨਕ ਸਿੱਖ ਸੰਗਤ ਦੇ ਹਵਾਲੇ ਕਰੇ ਤੇ ਬੇਅਦਬੀ ਕਰਨ ਵਾਲਿਆਂ ਤੇ ਬਣਦੀ ਕਾਨੂੰਨੀ ਕਾਰਵਾਈ ਕਰੇ ਨਹੀਂ ਤਾਂ ਦੇਸ਼ ਵਿਦੇਸ਼ ਦੀ ਸਮੁੱਚੀ ਸੰਗਤ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ। ਜਿਸਦੀ ਜਿੰਮੇਵਾਰ ਸਿੱਕਿਮ ਸਰਕਾਰ ਹੋਵੇਗੀ। ਸਿੰਘ ਸਾਹਿਬ ਨਾਲ ਇਸ ਮੌਕੇ ਭਾਈ ਮਨਜੀਤ ਸਿੰਘ ਬੱਪੀਆਣਾ ਅੰਤ੍ਰਿਗ ਮੈਂਬਰ ਧਰਮ ਪ੍ਰਚਾਰ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।
ਗੈਂਗਸਟਰ ਵਿੱਕੀ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਜੈਪਾਲ ਗੈਂਗ ਦੇ ਗੈਂਗਸਟਰ ਗ੍ਰਿਫਤਾਰ
NEXT STORY