ਲੋਪੋਕੇ, (ਸਤਨਾਮ)- ਇਕ ਪਾਸੇ ਤਾਂ ਮੁੱਖ ਮੰਤਰੀ ਨੇ ਚੋਣਾਂ ਦੌਰਾਨ ਇਹ ਪ੍ਰਚਾਰ ਕੀਤਾ ਸੀ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ 'ਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਪਾਰਟੀ ਵਰਕਰ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ ਅਤੇ ਪੁਲਸ ਬਿਨਾਂ ਕਿਸੇ ਦਬਾਅ ਹੇਠ ਕੰਮ ਕਰੇਗੀ ਪਰ ਅੱਜ ਵੀ ਪੁਲਸ ਇਨ੍ਹਾਂ ਸਿਆਸੀ ਲੀਡਰਾਂ ਦੇ ਇਸ਼ਾਰੇ ਤੋਂ ਬਿਨਾਂ ਕੋਈ ਕਦਮ ਨਹੀਂ ਚੁੱਕਦੀ। ਅਜਿਹੀ ਹੀ ਘਟਨਾ ਕਸਬਾ ਚੋਗਾਵਾਂ ਵਿਖੇ ਦੇਖਣ ਨੂੰ ਮਿਲੀ।
ਇਸ ਸਬੰਧੀ ਪੀੜਤ ਪਰਿਵਾਰ ਦੇ ਹਰਭਜਨ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਚੋਗਾਵਾਂ ਨੇ ਪੁਲਸ 'ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਅੱਜ ਦੁਪਹਿਰ 12 ਵਜੇ ਦੇ ਕਰੀਬ ਥਾਣਾ ਲੋਪੋਕੇ ਤੋਂ 3 ਪੁਲਸ ਮੁਲਾਜ਼ਮ ਸਫਿਵਟ ਗੱਡੀ 'ਚ ਆਏ, ਜਿਨ੍ਹਾਂ 'ਚੋਂ ਏ. ਐੱਸ. ਆਈ. ਜੋ ਬਿਨਾਂ ਵਰਦੀ ਦੇ ਸੀ, ਸਾਨੂੰ ਬਿਨਾਂ ਕੋਈ ਗੱਲ ਦੱਸੇ ਥਾਣੇ ਲਿਜਾਣ ਦੀਆਂ ਧਮਕੀਆਂ ਦੇਣ ਲੱਗੇ, ਜਦੋਂ ਉਨ੍ਹਾਂ ਕੋਲੋਂ ਅਸੀਂ ਕਾਰਨ ਪੁੱਛਿਆ ਤਾਂ ਉਨ੍ਹਾਂ ਮੇਰੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਫੜ ਕੇ ਘਰ ਦੇ ਅੰਦਰ ਲੈ ਗਏ ਅਤੇ ਕਿਹਾ ਕਿ ਤੁਹਾਡੇ ਘਰ ਵਿਚ ਸ਼ਰਾਬ ਹੈ ਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਕਮਰੇ ਦੀ ਅਲਮਾਰੀ ਵਿਚ ਪਏ 1 ਲੱਖ 36 ਹਜ਼ਾਰ ਰੁਪਏ ਜੋ ਕਿ ਅਸੀਂ ਟਰੈਕਟਰ ਲੈਣ ਲਈ ਰੱਖੇ ਸਨ, ਕੱਢ ਲਏ, ਜਦੋਂ ਅਸੀਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਮੇਰੇ ਨਾਲ ਤੇ ਮੇਰੀ ਮਾਤਾ ਅਮਰਜੀਤ ਕੌਰ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੇਰੀ ਮਾਤਾ ਇਨ੍ਹਾਂ ਪਿੱਛੇ ਭੱਜੀ ਤਾਂ ਇਨ੍ਹਾਂ 'ਚੋਂ ਇਕ ਮੁਲਾਜ਼ਮ ਨੇ ਧੱਕਾ ਮਾਰ ਕੇ ਉਸ ਨੂੰ ਸੁੱਟ ਦਿੱਤਾ ਜੋ ਮੌਕੇ 'ਤੇ ਬੇਹੋਸ਼ ਹੋ ਗਈ, ਜਿਸ ਨੂੰ ਸਰਕਾਰੀ ਹਸਪਤਾਲ ਲੋਪੋਕੇ ਲਿਆਂਦਾ ਗਿਆ, ਜਿਥੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। ਹਰਭਜਨ ਸਿੰਘ ਨੇ ਦੱਸਿਆ ਕਿ ਇਹ ਸਭ ਸਿਆਸੀ ਸ਼ਹਿ 'ਤੇ ਹੋ ਰਿਹਾ ਹੈ। ਪੁਲਸ ਕਾਂਗਰਸੀ ਵਰਕਰਾਂ ਸਕੱਤਰ ਸਿੰਘ ਤੇ ਮੇਜਰ ਸਿੰਘ ਦੀ ਸ਼ਹਿ 'ਤੇ ਸਾਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕਰ ਰਹੀ ਹੈ ਤੇ ਸਿਆਸੀ ਰੰਜਿਸ਼ ਤਹਿਤ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਹੈ।
ਇਸ ਸਬੰਧੀ ਵਿਰੋਧੀ ਧਿਰ ਦੇ ਸਕੱਤਰ ਸਿੰਘ ਤੇ ਮੇਜਰ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਨਿਸ਼ਾਨ ਸਿੰਘ ਵੱਲੋਂ ਸਾਡੇ ਸਰਕਾਰੀ ਖਾਲ ਦੀ ਜਗ੍ਹਾ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਦੀ ਅਸੀਂ ਪੁਲਸ ਥਾਣਾ ਲੋਪੋਕੇ ਵਿਖੇ ਦਰਖਾਸਤ ਦਿੱਤੀ ਸੀ ਅਤੇ ਪੁਲਸ ਥਾਣਾ ਲੋਪੋਕੇ ਦੇ ਏ. ਐੱਸ. ਆਈ. ਤਰਲੋਕ ਸਿੰਘ ਨੇ ਕਿਹਾ ਕਿ ਉਹ ਸਰਕਾਰੀ ਖਾਲ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਦਰਖਾਸਤ 'ਤੇ ਮੌਕਾ ਦੇਖਣ ਗਏ, ਨਾ ਤਾਂ ਅਸੀਂ ਕਿਸੇ ਨੂੰ ਧੱਕਾ ਮਾਰਿਆ ਤੇ ਨਾ ਹੀ ਕਿਸੇ ਦੇ ਪੈਸੇ ਲਏ, ਇਹ ਸਭ ਝੂਠ ਹੈ।
ਮੋਹਨੀ ਪਾਰਕ 'ਚ 200 ਕੇ. ਵੀ. ਦਾ ਟਰਾਂਸਫਾਰਮਰ ਲਾਇਆ
NEXT STORY