ਕਾਠਗੜ੍ਹ (ਰਾਜੇਸ਼) : ਭਾਵੇਂ ਸਰਕਾਰ ਵੱਲੋਂ ਰੇਤਾ ਤੇ ਮਿੱਟੀ ਦੀ ਨਿਕਾਸੀ 'ਤੇ ਮੁਕੰਮਲ ਪਾਬੰਦੀ ਦੇ ਆਦੇਸ਼ ਹਨ ਪਰ ਹੁਣ ਟਰੈਕਟਰ-ਟਰਲੀਆਂ ਦੇ ਮਾਲਕਾਂ ਵੱਲੋਂ ਇਲਾਕੇ ਦੀਆਂ ਵੱਖ-ਵੱਖ ਥਾਵਾਂ ਤੋਂ ਰੇਤਾ ਤੇ ਮਿੱਟੀ ਦੀ ਨਿਕਾਸੀ ਦਾ ਕੰਮ ਸ਼ਰੇਆਮ ਚਲਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹਲਕੇ ਦੇ ਪਿੰਡਾਂ ਪਨਿਆਲੀ ਕਲਾਂ ਤੋਂ ਮਾਜਰਾ ਜੱਟਾਂ ਵਿਚਕਾਰ ਬਰਸਾਤੀ ਚੋਅ ਤੇ ਪਿੰਡ ਬਣਾਂ ਦੇ ਜੰਗਲ 'ਚ ਦਿਨ-ਰਾਤ ਰੇਤਾ ਤੇ ਮਿੱਟੀ ਦੀ ਨਿਕਾਸੀ ਦਾ ਕੰਮ ਟਿੱਪਰਾਂ ਤੇ ਟਰੈਕਟਰ-ਟਰਾਲੀਆਂ ਰਾਹੀਂ ਜਾਰੀ ਹੈ। ਲੋਕਾਂ ਨੇ ਦੱਸਿਆ ਕਿ ਰੇਤਾ ਤੇ ਮਿੱਟੀ ਲੈ ਕੇ ਲੰਘਦੇ ਭਾਰੀ ਟਿੱਪਰਾਂ ਨੇ ਪਹਿਲਾਂ ਤੋਂ ਹੀ ਖਸਤਾਹਾਲ ਸੜਕ ਦੀ ਹਾਲਤ ਨੂੰ ਤਰਸਯੋਗ ਬਣਾ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਗੋਰਖਧੰਦਾ ਮਾਈਨਿੰਗ ਵਿਭਾਗ ਤੇ ਪੁਲਸ ਦੀ ਢਿੱਲ-ਮੱਠ ਕਾਰਨ ਹੀ ਚੱਲ ਰਿਹਾ ਹੈ, ਜਿਸ ਕਾਰਨ ਜਿਥੇ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ, ਉਥੇ ਹੀ ਹੋਰ ਵੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਬਿਨਾਂ ਮਨਜ਼ੂਰੀ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਹਨ ਮਾਈਨਿੰਗ ਇੰਸਪੈਕਟਰ
ਮਾਈਨਿੰਗ ਇੰਸਪੈਕਟਰ ਸੁਰਿੰਦਰਜੀਤ ਸਿੰਘ ਨੇ ਕਿਹਾ ਕਿ ਜਿਹੜਾ ਮਿੱਟੀ ਦਾ ਕੰਮ ਹੈ, ਉਹ ਮਨਜ਼ੂਰੀ ਨਾਲ ਚੱਲ ਰਿਹਾ ਹੈ, ਜਦਕਿ ਰੇਤਾ ਲਈ ਮਨਜ਼ੂਰੀ ਨਹੀਂ ਹੈ। ਜੇਕਰ ਰੇਤਾ ਦੀ ਨਿਕਾਸੀ ਕਰਦਾ ਕੋਈ ਫੜਿਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੈਪਟਨ ਸਰਕਾਰ ਦੇ ਖਿਲਾਫ ਉਤਰੇ ਅਧਿਆਪਕ, ਪੁਤਲਾ ਫੂਕ ਜਤਾਇਆ ਰੋਸ
NEXT STORY