ਬਨੂੜ (ਗੁਰਪਾਲ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਪੂਰੀ ਤਰ੍ਹਾਂ ਬੰਦ ਕਰਨ ਦੇ ਦਾਅਵੇ ਕਰਦੇ ਨਹੀਂ ਸੀ ਥਕਦੇ। ਹੁਣ ਉਸ ਦੇ ਗ੍ਰਹਿ ਜ਼ਿਲੇ ਪਟਿਆਲਾ ਅਧੀਨ ਪੈਂਦੇ ਪਿੰਡ ਸ਼ੰਭੂ ਕਲਾਂ ਦੇ ਸਰਕਾਰੀ ਸਕੂਲ ਦੇ ਨਜ਼ਦੀਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਾਈਨਿੰਗ ਮਾਫੀਆ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਨੇ ਪੁੱਟੇ ਜਾ ਰਹੇ ਵੱਡੇ-ਵੱਡੇ ਟੋਏ ਦਿਖਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਬੇ 'ਚ ਨਾਜਾਇਜ਼ ਮਾਈਨਿੰਗ ਨੂੰ ਪੂਰੀ ਤਰ੍ਹਾਂ ਬੰਦ ਕਰ ਕੇ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਬਾਵਜੂਦ ਦੇਖਿਆ ਗਿਆ ਕਿ ਉੱਥੇ ਪੋਕਲੇਨ ਮਸ਼ੀਨ ਨਾਲ ਟਿੱਪਰਾਂ 'ਚ ਮਿੱਟੀ ਭਰੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਨਾਜਾਇਜ਼ ਮਾਈਨਿੰਗ ਪ੍ਰਸ਼ਾਸਨਿਕ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ।
ਪਿੰਡ ਦੇ ਵਸਨੀਕਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਮਿੱਟੀ ਨਾਲ ਭਰੇ ਓਵਰਲੋਡ ਟਿੱਪਰਾਂ ਨੇ ਪਿੰਡ ਦੀ 27 ਸਾਲ ਬਾਅਦ ਬਣਾਈ ਗਈ ਫਿਰਨੀ ਥਾਂ-ਥਾਂ ਤੋਂ ਤੋੜਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਟਿੱਪਰਾਂ ਕਾਰਣ ਉੱਡਦੀ ਮਿੱਟੀ ਤੋਂ ਵੀ ਪਿੰਡ ਵਾਸੀ ਪ੍ਰੇਸ਼ਾਨ ਹਨ। ਕਿਸਾਨ ਆਗੂ ਨੇ ਇਸ ਮਾਈਨਿੰਗ ਬਾਰੇ ਮਾਣਯੋਗ ਅਦਾਲਤ 'ਚ ਜਾਣ ਦਾ ਐਲਾਨ ਵੀ ਕੀਤਾ। ਜਦੋਂ ਨਾਜਾਇਜ਼ ਮਾਈਨਿੰਗ ਬਾਰੇ ਥਾਣਾ ਸ਼ੰਭੂ ਦੇ ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਉਹ ਇਸ ਮਾਈਨਿੰਗ ਬਾਰੇ ਅੱਜ ਹੀ ਪਤਾ ਕਰਵਾਉਣਗੇ।
ਅਧਿਕਾਰੀ ਵੀ ਇਸ ਮਾਮਲੇ ਬਾਰੇ ਅਣਜਾਣ
ਪਿੰਡ ਸ਼ੰਭੂ ਕਲਾਂ ਦੇ ਸਰਕਾਰੀ ਸਕੂਲ ਨੇੜੇ ਸੜਕ ਦੇ ਨਾਲ ਹੋ ਰਹੀ ਇਸ ਮਾਈਨਿੰਗ ਬਾਰੇ ਜਦੋਂ ਵਿਭਾਗ ਦੇ ਅਧਿਕਾਰੀ ਰਾਜਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਮਾਮਲੇ ਬਾਰੇ ਅਣਜਾਣਤਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ। ਉਹ ਅੱਜ ਹੀ ਉੱਥੇ ਜਾ ਕੇ ਇਸ ਮਾਈਨਿੰਗ ਦਾ ਮੌਕਾ ਵੇਖਣਗੇ ।
ਬਹਿਬਲ ਕਲਾਂ ਗੋਲੀਕਾਂਡ ਨੂੰ ਪੂਰੇ ਹੋਏ 4 ਸਾਲ, ਕਰਵਾਏ ਸ਼ਹੀਦੀ ਸਮਾਗਮ (ਵੀਡੀਓ)
NEXT STORY