ਜਲੰਧਰ (ਅਮਿਤ)— ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਨੀਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆ ਕੇ ਗੈਰ-ਕਾਨੂੰਨੀ ਮਾਈਨਿੰਗ 'ਤੇ ਨਜ਼ਰ ਰੱਖਣ ਤੇ ਜ਼ਿਲਾ ਪ੍ਰਸ਼ਾਸਨ ਨੂੰ ਆਪਣਾ ਸਹਿਯੋਗ ਦੇ ਕੇ ਸ਼ਿਕਾਇਤ ਦਰਜ ਕਰਵਾਉਣ। ਉਨ੍ਹਾਂ ਨੇ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਆਨ ਲਾਈਨ ਪੋਰਟਲ ਬਣਾਇਆ ਗਿਆ ਹੈ, ਜਿਸ 'ਤੇ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ, ਜੇਕਰ ਕੋਈ ਵਿਅਕਤੀ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਇਸ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਲੰਧਰ ਨੂੰ ਜ਼ਿਲੇ ਦਾ ਨੋਡਲ ਅਫਸਰ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਹੈ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਮਾਈਨਿੰਗ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਇਕ ਹੈਲਪ ਲਾਈਨ ਨੰਬਰ 0181-2459664 ਜਾਰੀ ਕੀਤਾ ਗਿਆ ਹੈ, ਜੇਕਰ ਕੋਈ ਵਿਅਕਤੀ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਸੂਚਨਾ ਦੇਣਾ ਚਾਹੁੰਦਾ ਹੈ ਤਾਂ ਨੋਡਲ ਅਫ਼ਸਰ ਦੇ ਹੈਲਪ ਲਾਈਨ ਨੰਬਰ ਜਾਂ ਈ-ਮੇਲ ਰਾਹੀਂ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖੇਤਰ ਵਿਚ ਗੈਰ-ਕਾਨੂੰਨੀ ਮਾਈਨਿੰਗ ਹੁੰਦੀ ਹੈ ਤਾਂ ਇਸ ਸਬੰਧੀ ਸ਼ਿਕਾਇਤ ਆਨ-ਲਾਈਨ ਪੋਰਟਲ ਜਾਂ ਹੈਲਪ ਲਾਈਨ ਨੰਬਰ 'ਤੇ ਦਿੱਤੀ ਜਾਵੇ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਸੂਚਨਾ ਸਬੰਿਧਤ ਸਬ-ਡਵੀਜ਼ਨਲ ਮੈਜਿਸਟ੍ਰੇਟ, ਡੀ. ਐੱਸ. ਪੀ., ਐੱਸ. ਐੱਚ. ਓ. ਤੇ ਜਨਰਲ ਮੈਨੇਜਰ ਕਮ-ਮਾਈਨਿੰਗ ਅਫ਼ਸਰ, ਜ਼ਿਲਾ ਉਦਯੋਗ ਕੇਂਦਰ ਜਲੰਧਰ ਵਿਖੇ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਲੁਧਿਆਣਾ ਪੁਲਸ ਨੂੰ ਵੱਡੀ ਸਫਲਤਾ, ਖਤਰਨਾਕ ਗੈਂਗਸਟਰ ਭਿੰਦਾ ਸ਼ਾਦੀਪੁਰੀਆ ਲਈ ਕੰਮ ਕਰਨ ਵਾਲੇ ਨੂੰ ਦਬੋਚਿਆ
NEXT STORY