ਰਮਦਾਸ (ਸਾਰੰਗਲ)- ਪਿਛਲੇ ਕਾਫੀ ਸਮੇਂ ਤੋਂ ਸਰਹੱਦੀ ਖੇਤਰ 'ਚ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਕੰਮ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਰ ਕੇ ਲੋਕ ਨਾਜਾਇਜ਼ ਢੰਗ ਨਾਲ ਰੇਤਾ ਚੋਰੀ ਕਰ ਕੇ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਵੇਚਣ 'ਚ ਅਕਸਰ ਰੁੱਝੇ ਰਹਿੰਦੇ ਹਨ ਪਰ ਮਾਈਨਿੰਗ ਵਿਭਾਗ ਇਸ ਧਿਆਨ ਨਹੀਂ ਦੇ ਰਿਹਾ, ਜਿਸ ਕਰ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ।
ਇਸ ਸਬੰਧੀ ਅੱਜ ਕਸਬਾ ਰਮਦਾਸ 'ਚ ਪੈਂਦੇ ਪਿੰਡ ਰੂੜੇਵਾਲ ਦੇ ਕਿਸਾਨਾਂ ਅਰਜਨ ਸਿੰਘ ਪੁੱਤਰ ਤੇਜਾ ਸਿੰਘ ਤੇ ਸ਼ਿੰਗਾਰਾ ਸਿੰਘ ਪੁੱਤਰ ਬਚਨ ਸਿੰਘ ਤੇ ਮੰਗਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਘੁਮਰਾਏ ਨੇ ਸਾਂਝੇ ਤੌਰ 'ਤੇ ਮਾਈਨਿੰਗ ਵਿਭਾਗ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟਾਇਆ। ਉਕਤ ਕਿਸਾਨਾਂ ਨੇ ਦੱਸਿਆ ਕਿ ਰੇਤਾ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕਣ, ਜੰਗਲਾਤ ਤੇ ਡਰੇਨੇਜ ਵਿਭਾਗ ਦੀ ਜ਼ਮੀਨ ਨੂੰ ਸੁਰੱਖਿਅਤ ਕਰਨ ਤੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਸਬੰਧੀ ਉਨ੍ਹਾਂ ਦੇ ਪਿੰਡ ਰੂੜੇਵਾਲ ਵਿਖੇ ਮਾਈਨਿੰਗ ਲਈ ਖੱਡ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰ ਕੁਝ ਲੋਕ ਰੂੜੇਵਾਲ ਦੀ ਮਨਜ਼ੂਰ ਇਸ ਖੱਡ 'ਚੋਂ ਮਾਈਨਿੰਗ ਕਰਨ ਦੀ ਬਜਾਏ ਹੁਣ ਪਿੰਡ ਘੁਮਰਾਏ ਵਿਚ ਨਾਜਾਇਜ਼ ਮਾਈਨਿੰਗ ਕਰਨ ਲੱਗੇ ਪਏ ਹਨ, ਜਿਸ ਨਾਲ ਉਨ੍ਹਾਂ ਦੀਆਂ ਫਸਲਾਂ ਨੂੰ ਭਾਰੀ ਢਾਅ ਲੱਗੀ ਹੈ, ਜਿਸ ਨਾਲ ਉਨ੍ਹਾਂ ਦੀ 2-2 ਕਿੱਲੇ ਫਸਲ ਖਰਾਬ ਹੋ ਗਈ ਹੈ ਕਿਉਂਕਿ ਨਾਜਾਇਜ਼ ਮਾਈਨਿੰਗ ਜੰਗਲਾਤ ਮਹਿਕਮੇ ਦੀ ਜ਼ਮੀਨ ਅਤੇ ਡਰੇਨੇਜ ਵਿਭਾਗ ਦੀ ਡਰੇਨ 'ਚੋਂ ਹੋ ਰਹੀ ਹੈ, ਜਿਸ ਕਾਰਨ ਇਹ ਲੋਕ ਬੇਖੌਫ ਹੋ ਕੇ ਇਸ ਕਦਰ ਆਪਣੇ ਮਾਈਨਿੰਗ ਦੇ ਕਾਰੋਬਾਰ ਵਿਚ ਰੁੱਝੇ ਹੋਏ ਹਨ ਕਿ ਇਨ੍ਹਾਂ ਨੂੰ ਪੁਲਸ ਪ੍ਰਸ਼ਾਸਨ ਤੇ ਵਿਭਾਗ ਦਾ ਕੋਈ ਖੌਫ ਨਹੀਂ ਹੈ, ਜਿਸ ਨਾਲ ਸਰਕਾਰ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਹੈ।
ਅਰਜਨ ਤੇ ਮੰਗਲ ਸਿੰਘ ਨੇ ਸਾਂਝੇ ਤੌਰ 'ਤੇ ਅੱਗੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਪੰਜਾਬ, ਜੀ. ਐੱਮ. ਮਾਈਨਿੰਗ ਵਿਭਾਗ, ਡੀ. ਐੱਫ. ਓ. ਮਾਈਨਿੰਗ ਵਿਭਾਗ ਤੇ ਡਰੇਨੇਜ ਵਿਭਾਗ ਨੂੰ ਪੱਤਰ ਵੀ ਭੇਜੇ ਹਨ ਪਰ ਅਜੇ ਤੱਕ ਕਾਰਵਾਈ ਨਾ ਕੀਤੇ ਜਾਣ ਕਾਰਨ ਉਨ੍ਹਾਂ 'ਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਨਾਜਾਇਜ਼ ਹੋ ਰਹੀ ਮਾਈਨਿੰਗ ਨੂੰ ਰੋਕਿਆ ਜਾਵੇ।
ਉਕਤ ਮਾਮਲੇ ਸਬੰਧੀ ਜਦੋਂ ਜੀ. ਐੱਮ. ਮਾਈਨਿੰਗ ਵਿਭਾਗ ਅੰਮ੍ਰਿਤਸਰ ਭੋਲਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਿੰਡ ਰੂੜੇਵਾਲ ਵਿਚ ਮਾਈਨਿੰਗ ਲਈ ਖੱਡ ਮਨਜ਼ੂਰ ਕਰਵਾਈ ਹੈ ਅਤੇ ਜੇਕਰ ਫਿਰ ਵੀ ਲੋਕ ਪਿੰਡ ਘੁਮਰਾਏ ਵਿਚ ਨਾਜਾਇਜ਼ ਮਾਈਨਿੰਗ ਕਰ ਰਹੇ ਹਨ ਤਾਂ ਵਿਭਾਗ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰੇਗਾ ਅਤੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ।
ਜੀ. ਟੀ. ਰੋਡ 'ਤੇ ਸਕਾਰਪੀਓ-ਬੋਲੈਰੋ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ
NEXT STORY