ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਸ਼ਹਿਰ ਅੰਦਰ ਜਾਮ ਦਾ ਕਾਰਨ ਬਣ ਰਹੇ ਨਾਜਾਇਜ਼ ਕਬਜ਼ਾਧਾਰੀਆਂ ’ਤੇ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਕਾਰਵਾਈ ਕਰ ਕੇ ਸਾਮਾਨ ਜ਼ਬਤ ਕੀਤਾ ਗਿਆ।
ਨਗਰ ਕੌਂਸਲ ਦੇ ਇੰਸਪੈਕਟਰ ਹਰਜੀਤ ਸਿੰਘ, ਥਾਣਾ ਮੁਖੀ ਪਵਨ ਕੁਮਾਰ, ਚੌਕੀ ਇੰਚਾਰਜ ਏ. ਐੱਸ. ਆਈ. ਸੋਹਨ ਸਿੰਘ ਦੀ ਅਗਵਾਈ ਹੇਠ ਅੱਜ ਕੌਂਸਲ ਕਰਮਚਾਰੀਆਂ ਵੱਲੋਂ ਸਥਾਨਕ ਪੰਜਾਬ ਨੈਸ਼ਨਲ ਬੈਂਕ ਤੋਂ ਲੈ ਕੇ ਭਗਤ ਰਵਿਦਾਸ ਜੀ ਦੇ ਚੌਕ ਤੱਕ ਅਤੇ ਕਚਹਿਰੀ ਸਡ਼ਕ ’ਤੇ ਨਾਜਾਇਜ਼ ਕਬਜ਼ੇ ਕਰ ਕੇ ਬੈਠੇ ਸਾਰੇ ਕਬਜ਼ਾਧਾਰੀਆਂ ਦਾ ਸਾਮਾਨ ਜ਼ਬਤ ਕਰ ਕੇ ਟਰਾਲੀਆਂ ’ਚ ਲੱਦ ਲਿਆ ਗਿਆ। ਕਿਸੇ ਵਿਰੋਧ ਦੇ ਡਰੋਂ ਵੱਡੀ ਗਿਣਤੀ ਪੁਲਸ ਮੁਲਾਜ਼ਮ ਹਾਜ਼ਰ ਸਨ। ਦੱਸਣਯੋਗ ਹੈ ਕਿ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਜਾਮ ਦਾ ਕਾਰਨ ਬਣਦੇ ਇਨ੍ਹਾਂ ਕਬਜ਼ਾਧਾਰੀਆਂ ਨੂੰ ਇਹ ਕਬਜ਼ੇ ਛੱਡਣ ਲਈ ਕਈ ਵਾਰ ਅਪੀਲਾਂ ਵੀ ਕੀਤੀਆਂ ਗਈਆਂ ਸਨ ਪਰ ਇਨ੍ਹਾਂ ’ਤੇ ਕੋਈ ਅਸਰ ਨਹੀਂ ਹੋਇਆ, ਜਿਸ ’ਤੇ ਸਖਤ ਕਾਰਵਾਈ ਕੀਤੀ ਗਈ।
ਕੀ ਕਹਿਣੈ ਨਗਰ ਕੌਂਸਲ ਦੇ ਪ੍ਰਧਾਨ ਦਾ
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਚੌਕ ਅਤੇ ਕਚਹਿਰੀ ਸਡ਼ਕ ਵਲ ਮੁਡ਼ਦੇ ਮੋਡ਼ ਕੋਲ ਵੱਡੀ ਗਿਣਤੀ ਰੇਹਡ਼ੀਆਂ ਵਾਲੇ ਖਡ਼੍ਹਦੇ ਸਨ, ਜਿਸ ਕਾਰਨ ਇੱਥੇ ਹਰ ਸਮੇਂ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ।
ਸ਼ਹਿਰ ਵਾਸੀਆਂ ਦੀ ਮੰਗ ’ਤੇ ਅਸੀਂ ਇਨ੍ਹਾਂ ਰੇਹਡ਼ੀਆਂ-ਫਡ਼੍ਹੀਆਂ ਵਾਲਿਆਂ ਲਈ ਬੱਸ ਸਟੈਂਡ ਨਾਲ ਤਕਰੀਬਨ 15 ਲੱਖ ਰੁਪਏ ਲਾ ਕੇ ਜਗ੍ਹਾ ਬਣਾ ਕੇ ਦਿੱਤੀ ਹੈ, ਜਿੱਥੇ ਪਾਣੀ, ਲਾਈਟਾਂ ਅਤੇ ਪਾਰਕਿੰਗ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਹੈ ਪਰ ਕੁਝ ਲੋਕ ਰਾਜਨੀਤਕ ਸ਼ਹਿ ’ਤੇ ਫਿਰ ਚੌਕ ’ਚ ਆ ਕੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸ ਨੂੰ ਅਸੀਂ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕਰਾਂਗੇ ਅਤੇ ਕਬਜ਼ਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।
ਠੇਕੇਦਾਰ ਵੱਲੋਂ ਭੇਜੀ ਗਈ ਪੁਰਾਣੀ ਮੋਟਰ ਨੂੰ ਰੱਖਣ ਤੋਂ ਪਿੰਡ ਵਾਸੀਆਂ ਨੇ ਕੀਤਾ ਇਨਕਾਰ
NEXT STORY