ਕਾਠਗੜ੍ਹ, (ਜ.ਬ.)- ਲੰਬੇ ਸਮੇਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਦੇ ਖੇਡ ਮੈਦਾਨ 'ਚ ਮਾਰਕੀਟ ਦੇ ਦੁਕਾਨਦਾਰਾਂ, ਫੜ੍ਹੀਆਂ ਤੇ ਰੇਹੜੀਆਂ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਤੋਂ ਪਿੰਡ ਵਾਸੀ ਬਹੁਤ ਪ੍ਰੇਸ਼ਾਨ ਹਨ।
ਇਸ ਸੰਬੰਧੀ ਰੱਤੇਵਾਲ ਦੇ ਵਾਸੀ ਦਰਸ਼ਨ ਲਾਲ ਹੱਕਲਾ ਪੁੱਤਰ ਪਰਮਾ ਨੰਦ ਨੇ ਦੱਸਿਆ ਕਿ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਡੇਢ-ਦੋ ਏਕੜ ਜ਼ਮੀਨ ਪਿੰਡ ਦੇ ਸਕੂਲ ਦੇ ਗਰਾਊਂਡ ਲਈ ਛੱਡੀ ਗਈ ਸੀ, ਜਿਸ 'ਤੇ ਸਕੂਲ ਦੇ ਬੱਚਿਆਂ ਨੂੰ ਭਾਵੇਂ ਅੱਜਕਲ ਖੇਡਣਾ ਨਸੀਬ ਘੱਟ ਹੀ ਹੋ ਰਿਹਾ ਹੈ ਪਰ ਇਸ ਗਰਾਊਂਡ ਦੇ ਆਲੇ-ਦੁਆਲੇ ਬਣੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ ਚਾਦਰਾਂ ਪਾ ਕੇ ਤੇ ਬੱਜਰੀ ਸੁੱਟ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਵੱਲੋਂ ਫੜ੍ਹੀਆਂ ਲਾ ਕੇ ਸਾਮਾਨ ਵੇਚਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਕਈ ਭਾਰੇ ਵਾਹਨ ਵੀ ਗਰਾਊਂਡ 'ਚ ਖੜ੍ਹੇ ਰਹਿੰਦੇ ਹਨ। ਇਸ ਸਮੱਸਿਆ ਸੰਬੰਧੀ ਦਰਸ਼ਨ ਲਾਲ ਨੇ ਇਕ ਲਿਖਤੀ ਸ਼ਿਕਾਇਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਦੇ ਕੇ ਮੰਗ ਵੀ ਕੀਤੀ ਹੈ ਕਿ ਸਕੂਲ ਦੇ ਖੇਡ ਮੈਦਾਨ ਦੀ ਨਿਸ਼ਾਨਦੇਹੀ ਕਰਵਾ ਕੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ ਤਾਂ ਜੋ ਸਕੂਲ ਦੇ ਬੱਚੇ ਇਸ ਗਰਾਊਂਡ ਦਾ ਲਾਭ ਲੈ ਸਕਣ। ਜ਼ਿਕਰਯੋਗ ਹੈ ਕਿ ਇਸ ਮੈਦਾਨ ਤੋਂ ਇਲਾਵਾ ਪਿੰਡ 'ਚ ਬੱਚਿਆਂ ਦੇ ਖੇਡਣ ਲਈ ਹੋਰ ਕੋਈ ਵੀ ਮੈਦਾਨ ਨਹੀਂ ਹੈ। ਇਸ ਸੰਬੰਧੀ ਪਿੰਡ ਦੇ ਸਰਪੰਚ ਦੇਵਰਾਜ ਬੱਗਾ ਨੇ ਕਿਹਾ ਕਿ ਉਕਤ ਮੈਦਾਨ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪ੍ਰਸ਼ਾਸਨ ਦਾ ਸਹਾਰਾ ਲਿਆ ਜਾਵੇਗਾ, ਜਦਕਿ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਮੈਂ ਇਸ ਗਰਾਊਂਡ ਨੂੰ ਖਾਲੀ ਕਰਵਾਉਣ ਲਈ ਕਈ ਵਾਰ ਸੰਬੰਧਤ ਕਮੇਟੀ ਨਾਲ ਗੱਲ ਕਰ ਚੁੱਕੀ ਹਾਂ ਤੇ ਇਸ ਸੰਬੰਧੀ ਵਿਭਾਗ ਨੂੰ ਵੀ ਜਾਣੂ ਕਰਵਾ ਚੁੱਕੀ ਹਾਂ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਹਾਦਸਾਗ੍ਰਸਤ ਫੈਕਟਰੀ ਤੋਂ ਉਠਦੇ ਧੂੰਏਂ-ਮਿੱਟੀ ਦੇ ਗੁਬਾਰ ਕਾਰਨ ਵਧਣ ਲੱਗੀ ਸਾਹ ਦੇ ਰੋਗੀਆਂ ਦੀ ਤਕਲੀਫ
NEXT STORY