ਖਰੜ, (ਰਣਬੀਰ, ਅਮਰਦੀਪ, ਸ਼ਸ਼ੀ)- ਥਾਣਾ ਸਦਰ ਪੁਲਸ ਵਲੋਂ ਨਾਕੇ ਦੌਰਾਨ ਇਕ ਕਾਰ ਵਿਚ ਸਮੱਗਲਿੰਗ ਕਰ ਕੇ ਲਿਆਂਦੀਆਂ ਜਾ ਰਹੀਆਂ 30 ਪੇਟੀਆਂ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਮਾਮਲੇ ਦੀ ਤਫਤੀਸ਼ 'ਚ ਲੱਗੇ ਸਦਰ ਪੁਲਸ ਤੋਂ ਏ. ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ, ਜਿਸ ਦੇ ਆਧਾਰ 'ਤੇ ਖਰੜ-ਮੋਹਾਲੀ ਏਅਰਪੋਰਟ ਰੋਡ ਟੀ-ਪੁਆਇੰਟ ਨੇੜੇ ਨਾਕਾ ਲਾ ਕੇ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ ਕਿ ਇਸੇ ਦੌਰਾਨ ਏਅਰਪੋਰਟ ਸਾਈਡ ਤੋਂ ਖਰੜ ਵੱਲ ਆ ਰਹੀ ਲੁਧਿਆਣਾ ਨੰਬਰ ਦੀ ਲੈਂਸਰ ਕਾਰ ਨੂੰ ਰੋਕ ਕੇ ਜਦੋਂ ਉਸ ਦੇ ਚਾਲਕ ਕੋਲੋਂ ਪੁੱਛਗਿੱਛ ਕਰਦਿਆਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਪੁੱਛਗਿੱਛ ਕਰਨ 'ਤੇ ਕਾਬੂ ਕੀਤਾ ਵਿਅਕਤੀ ਇਸ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕਿਆ ਪਰ ਉਸ ਨੇ ਆਪਣਾ ਨਾਂ ਰਾਜੂ ਧਵਨ ਵਾਸੀ ਹਰਗੋਬਿੰਦਪੁਰਾ ਜ਼ਿਲਾ ਲੁਧਿਆਣਾ ਦੱਸਿਆ। ਉਸ ਨੇ ਇਹ ਵੀ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਠੇਕੇਦਾਰੀ ਦਾ ਕੰਮ ਕਰਦਾ ਸੀ ਪਰ ਇਸ ਦੇ ਮਗਰੋਂ ਉਸ ਨੇ ਸ਼ਰਾਬ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ, ਜੋ ਸਸਤੇ ਭਾਅ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਆਪਣੇ ਏਰੀਏ 'ਚ ਵੇਚਦਾ ਆ ਰਿਹਾ ਸੀ ਪਰ ਇਸ ਵਾਰ ਉਹ ਪੁਲਸ ਦੇ ਕਾਬੂ ਆ ਗਿਆ। ਸਦਰ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਿਸ ਨੂੰ ਕੱਲ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਚੋਰਾਂ ਨੇ ਦੁਕਾਨ ਦਾ ਤਾਲੇ ਤੋੜੇ
NEXT STORY