ਚੰਡੀਗੜ੍ਹ (ਅੰਕੁਰ) : ਭੁਲੱਥ ਤੋਂ ਵਿਧਾਇਕ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸਥਿਤ ਢਿੱਲਵਾਂ (ਕਪੂਰਥਲਾ) ਅਤੇ ਮਾਨਾਂਵਾਲਾ (ਅੰਮ੍ਰਿਤਸਰ) ਟੋਲ ਪਲਾਜ਼ਿਆਂ 'ਤੇ ਟੋਲ ਵਸੂਲੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਦੇ ਚੀਫ ਜਨਰਲ ਮੈਨੇਜਰ (ਤਕਨੀਕੀ) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਟੋਲ ਵਸੂਲੀ ਦੀ ਮਿਆਦ 29 ਮਈ ਨੂੰ ਖ਼ਤਮ ਹੋ ਚੁੱਕੀ ਹੈ, ਇਸ ਲਈ ਹੁਣ ਲੋਕਾਂ ਤੋਂ ਟੋਲ ਲੈਣਾ ਕਾਨੂੰਨੀ ਅਤੇ ਜਨਹਿੱਤ ਦੇ ਮਾਪਦੰਡਾਂ 'ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੱਸਿਆ ਕਿ ਐੱਨ. ਐੱਚ. ਏ. ਆਈ. ਦੇ ਪ੍ਰਾਜੈਕਟ ਡਾਇਰੈਕਟਰ, ਜਲੰਧਰ ਵੱਲੋਂ 28 ਅਗਸਤ 2015 ਨੂੰ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਜਾਣਕਾਰੀ ਅਨੁਸਾਰ ਮੈਸਰਜ਼ ਜਲੰਧਰ ਅੰਮ੍ਰਿਤਸਰ ਟਾਲਵੇਜ਼ ਲਿਮਟਿਡ ਨੂੰ ਦਿੱਤੀ ਗਈ ਕਨਸੈਸ਼ਨ ਮਿਆਦ 29 ਮਈ ਤੋਂ ਸ਼ੁਰੂ ਹੋ ਕੇ 20 ਸਾਲਾਂ ਲਈ ਸੀ।
ਇਹ ਵੀ ਪੜ੍ਹੋ : ਗਰਮੀ ਦੀਆਂ ਛੁੱਟੀਆਂ ਵਿਚਾਲੇ ਸਕੂਲਾਂ ਲਈ ਆਏ ਨਵੇਂ ਹੁਕਮ, ਸਿੱਖਿਆ ਵਿਭਾਗ ਵਲੋਂ ਸਖ਼ਤ ਹਦਾਇਤਾਂ ਜਾਰੀ
ਆਰ. ਟੀ. ਆਈ. ਦੇ ਜਵਾਬ ’ਚ ਸਪੱਸ਼ਟ ਤੌਰ 'ਤੇ ਦਰਜ ਕੀਤਾ ਗਿਆ ਸੀ ਕਿ ਢਿੱਲਵਾਂ ਅਤੇ ਮਾਨਾਂਵਾਲਾ ਟੋਲ ਪਲਾਜ਼ਿਆਂ 'ਤੇ ਟੋਲ ਵਸੂਲੀ 29 ਮਈ 2026 ਤੱਕ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐੱਨ. ਐੱਚ. ਏ. ਆਈ. ਵੱਲੋਂ ਖ਼ੁਦ ਦਿੱਤੀ ਗਈ ਜਾਣਕਾਰੀ ਮੁਤਾਬਕ ਕਨਸੈਸ਼ਨ ਮਿਆਦ ਪੂਰੀ ਹੋ ਚੁੱਕੀ ਹੈ, ਫਿਰ ਵੀ ਦੋਵੇਂ ਟੋਲ ਪਲਾਜ਼ਿਆਂ 'ਤੇ ਵਾਹਨ ਚਾਲਕਾਂ ਤੋਂ ਟੋਲ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੱਖਾਂ ਲੋਕਾਂ 'ਤੇ ਬੇਲੋੜਾ ਵਿੱਤੀ ਬੋਝ ਪੈ ਰਿਹਾ ਹੈ। ਖਹਿਰਾ ਨੇ ਐੱਨ. ਐੱਚ. ਏ. ਆਈ. ਨੂੰ ਸਵਾਲ ਕੀਤਾ ਕਿ ਜੇਕਰ 29 ਮਈ 2026 ਤੋਂ ਬਾਅਦ ਵੀ ਟੋਲ ਵਸੂਲੀ ਜਾਰੀ ਰੱਖਣ ਲਈ ਕੋਈ ਨਵਾਂ ਸਮਝੌਤਾ, ਮਿਆਦ ਵਾਧਾ, ਨੋਟੀਫਿਕੇਸ਼ਨ ਜਾਂ ਕਾਨੂੰਨੀ ਅਧਿਕਾਰ ਜਾਰੀ ਕੀਤਾ ਗਿਆ ਹੈ ਤਾਂ ਉਸ ਦੀ ਜਾਣਕਾਰੀ ਜਨਤਕ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਸਿਧਾਂਤਾਂ ਅਨੁਸਾਰ ਲੋਕਾਂ ਨੂੰ ਇਸ ਬਾਰੇ ਜਾਣਨ ਦਾ ਪੂਰਾ ਹੱਕ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਦੇ ਨਵੇਂ ਪ੍ਰਧਾਨ ਦੇ ਐਲਾਨ ਬਾਰੇ ਅਹਿਮ ਖ਼ਬਰ
ਖਹਿਰਾ ਨੇ ਆਪਣੇ ਪੱਤਰ ’ਚ ਐੱਨ. ਐੱਚ. ਏ. ਆਈ. ਕੋਲ ਪੰਜ ਮੁੱਖ ਮੰਗਾਂ ਰੱਖੀਆਂ ਹਨ : ਢਿੱਲਵਾਂ ਅਤੇ ਮਾਨਾਂਵਾਲਾ ਟੋਲ ਪਲਾਜ਼ਿਆਂ 'ਤੇ ਟੋਲ ਵਸੂਲੀ ਤੁਰੰਤ ਬੰਦ ਕੀਤੀ ਜਾਵੇ, ਸਾਰੇ ਯਾਤਰੀਆਂ ਅਤੇ ਵਾਹਨ ਚਾਲਕਾਂ ਲਈ ਮੁਫ਼ਤ ਆਵਾਜਾਈ ਦਾ ਰਾਹ ਖੋਲ੍ਹਿਆ ਜਾਵੇ, ਕਨਸੈਸ਼ਨ ਐਗਰੀਮੈਂਟ ਦੀ ਮੌਜੂਦਾ ਕਾਨੂੰਨੀ ਸਥਿਤੀ ਅਤੇ ਕਿਸੇ ਵੀ ਨਵੇਂ ਸਮਝੌਤੇ ਜਾਂ ਮਿਆਦ ਵਾਧੇ ਦੀ ਜਾਣਕਾਰੀ ਜਨਤਕ ਕੀਤੀ ਜਾਵੇ, 29 ਮਈ ਤੋਂ ਬਾਅਦ ਵਸੂਲੇ ਗਏ ਟੋਲ ਦੀ ਕਾਨੂੰਨੀ ਜਾਇਜ਼ਤਾ ਦੀ ਜਾਂਚ ਕੀਤੀ ਜਾਵੇ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ, ਇਸ ਮਾਮਲੇ ’ਚ ਕੀਤੀ ਗਈ ਕਾਰਵਾਈ ਬਾਰੇ ਉਨ੍ਹਾਂ ਨੂੰ ਜਲਦ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪੰਜਾਬ ਦੇ ਲੱਖਾਂ ਲੋਕਾਂ ਤੇ ਜਨਤਕ ਧਨ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਨੂੰ ਤੁਰੰਤ ਅਤੇ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਐੱਨ. ਐੱਚ. ਏ. ਆਈ. ਨੂੰ ਅਪੀਲ ਕੀਤੀ ਕਿ ਜਨਹਿੱਤ ਨੂੰ ਧਿਆਨ ’ਚ ਰੱਖਦਿਆਂ ਫੌਰੀ ਹਦਾਇਤਾਂ ਜਾਰੀ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਰਮੀ ਦੀਆਂ ਛੁੱਟੀਆਂ ਵਿਚਾਲੇ ਸਕੂਲਾਂ ਲਈ ਆਏ ਨਵੇਂ ਹੁਕਮ, ਸਿੱਖਿਆ ਵਿਭਾਗ ਵਲੋਂ ਸਖ਼ਤ ਹਦਾਇਤਾਂ ਜਾਰੀ
NEXT STORY