ਤਰਨਤਾਰਨ (ਰਮਨ ਚਾਵਲਾ)- ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚ ਆਏ ਦਿਨ ਲੁੱਟਾਂ-ਖੋਹਾਂ, ਚੋਰੀਆਂ ਅਤੇ ਕਤਲ ਦੀਆਂ ਵਾਰਦਾਤਾਂ ਨੇ ਜ਼ਿਲ੍ਹਾ ਪੁਲਸ ਦੀ ਕਾਰਜ ਪ੍ਰਣਾਲੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਆਏ ਦਿਨ ਹੋਣ ਵਾਲੀਆਂ ਇਨ੍ਹਾਂ ਘਟਨਾਵਾਂ ਨੇ ਲੋਕਾਂ ਦਾ ਜਿੱਥੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ ਉੱਥੇ ਹੀ ਚੋਰਾਂ-ਲੁਟੇਰਿਆਂ ਦੇ ਹੌਂਸਲੇ ਇੰਨੇ ਜ਼ਿਆਦਾ ਵੱਧ ਚੁੱਕੇ ਹਨ ਕਿ ਉਹ ਕਿਸੇ ਵੀ ਘਟਨਾ ਨੂੰ ਦਿਨ ਦਿਹਾੜੇ ਖੁੱਲ੍ਹੇਆਮ ਅੰਜਾਮ ਦੇਣ ਰਹੇ ਹਨ। ਜ਼ਿਕਰਯੋਗ ਹੈ ਕਿ ਅੱਡਾ ਝਬਾਲ ਵਿਖੇ ਮੌਜੂਦਾ ਸਰਪੰਚ ਸੋਨੂੰ ਚੀਮਾ ਦੇ ਕਤਲ ਨੂੰ ਥਾਣੇ ਤੋਂ ਕਰੀਬ 200 ਗਜ ਦੂਰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸ਼ਰੇਆਮ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਪੁੱਤਰ ਪਰਸ਼ੋਤਮ ਲਾਲ ਨਿਵਾਸੀ ਅੱਡਾ ਝਬਾਲ ਜੋ ਬੀਤੇ ਕਈ ਸਾਲਾਂ ਤੋਂ ਸਰਪੰਚ ਬਣਦੇ ਆ ਰਹੇ ਸਨ, ਦਾ ਐਤਵਾਰ ਸਵੇਰੇ ਕਰੀਬ 9 ਵਜੇ ਉਸ ਵੇਲੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੀ ਗੱਡੀ ਵਿਚ ਸਵਾਰ ਹੋ ਭਿੱਖੀਵਿੰਡ ਰੋਡ ਵਿਖੇ ਮੌਜੂਦ ਇਕ ਸੈਲੂਨ ਵਿਖੇ ਕਟਿੰਗ ਕਰਵਾਉਣ ਲਈ ਪੁੱਜੇ ਸਨ। ਸੈਲੂਨ ਮਾਲਕ ਅਨੁਸਾਰ ਇਕ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਦੋ ਨਕਾਬਪੋਸ਼ ਨੌਜਵਾਨ ਸੈਲੂਨ ਬਾਹਰ ਪਹੁੰਚਦੇ ਹਨ, ਜਿਨ੍ਹਾਂ ’ਚੋਂ ਇਕ ਮੋਟਰਸਾਈਕਲ ਉੱਪਰ ਬੈਠ ਆਸ-ਪਾਸ ਦਾ ਧਿਆਨ ਰੱਖਦਾ ਹੈ ਅਤੇ ਦੂਸਰਾ ਦੁਕਾਨ ਅੰਦਰ ਦਾਖ਼ਲ ਹੋ ਕਟਿੰਗ ਕਰਵਾਉਣ ਦੀ ਗੱਲ ਕਰਦਾ ਹੈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਸਰਪੰਚ ਦਾ ਗੋਲੀਆਂ ਮਾਰ ਕੀਤਾ ਕਤਲ
ਦੁਕਾਨ ਅੰਦਰ ਮੌਜੂਦ ਕਟਿੰਗ ਦੀਆਂ ਤਿੰਨਾਂ ਕੁਰਸੀਆਂ ’ਚੋਂ ਸਭ ਤੋਂ ਪਹਿਲੀ ਕੁਰਸੀ ’ਤੇ ਸੋਨੂੰ ਚੀਮਾ ਬੈਠਾ ਸੀ, ਜਦੋਂ ਹੀ ਸੋਨੂੰ ਚੀਮਾ ਕਟਿੰਗ ਕਰਵਾ ਕੇ ਖੜ੍ਹਾ ਹੁੰਦਾ ਹੈ ਤਾਂ ਦੁਕਾਨ ਅੰਦਰ ਮੌਜੂਦ ਹਥਿਆਰੇ ਵਲੋਂ ਅੰਨ੍ਹੇਵਾਹ ਚਾਰ ਗੋਲੀਆਂ ਚਲਾਈਆਂ ਜਾਂਦੀਆਂ ਹਨ। ਜਿਸ ਤੋਂ ਬਾਅਦ ਸੋਨੂੰ ਚੀਮਾ ਆਪਣਾ ਬਚਾਅ ਕਰਨ ਲਈ ਹੇਠਾਂ ਬੈਠਦਾ ਹੈ ਪਰ ਹਮਲਾਵਰ ਵਲੋਂ ਚਲਾਈ ਗਈ ਦੋ ਗੋਲੀਆਂ ਉਸਦੇ ਪੇਟ ਅਤੇ ਲੱਤ ’ਚ ਜਾ ਵੱਜਦੀਆਂ ਹਨ, ਸੋਨੂੰ ਚੀਮਾ ਨੂੰ ਮ੍ਰਿਤਕ ਸਮਝਦਾ ਹੋਇਆ ਹਥਿਆਰਾ ਮੌਕੇ ਤੋਂ ਆਪਣੇ ਦੂਸਰੇ ਸਾਥੀ ਨਾਲ ਮੋਟਰਸਾਈਕਲ ’ਤੇ ਫਰਾਰ ਹੋ ਜਾਂਦਾ ਹੈ।
ਇਸ ਘਟਨਾ ਤੋਂ ਤੁਰੰਤ ਬਾਅਦ ਦੁਕਾਨ ਅੰਦਰ ਮੌਜੂਦ ਵਿਅਕਤੀਆਂ ਵਲੋਂ ਆਸ-ਪਾਸ ਦੇ ਗੁਆਂਢੀਆਂ ਦੀ ਮਦਦ ਨਾਲ ਸੋਨੂੰ ਚੀਮਾ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਜਾਂਦਾ ਹੈ, ਜਿੱਥੇ ਇਲਾਜ ਦੌਰਾਨ ਸੋਨੂੰ ਚੀਮਾ ਦੀ ਮੌਤ ਹੋ ਜਾਂਦੀ ਹੈ। ਲੋਕਾਂ ਦੇ ਦੱਸਣ ਅਨੁਸਾਰ ਸਰਪੰਚ ਸੋਨੂੰ ਚੀਮਾ ਹਰ ਵੇਲੇ ਆਪਣੇ ਨਾਲ ਲਾਇਸੰਸੀ ਰਿਵਾਲਵਰ ਰੱਖਦਾ ਸੀ ਪਰ ਇਸ ਘਟਨਾ ਵਾਲੇ ਦਿਨ ਉਸ ਦਾ ਰਿਵਾਲਵਰ ਗੱਡੀ ’ਚ ਹੀ ਰਹਿ ਗਿਆ ਸੀ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵਾਪਰੇ ਹਾਦਸੇ ਨੇ ਉਜਾੜਿਆ ਪਰਿਵਾਰ, ਕਾਰ ਸਵਾਰ ਪਤਨੀ ਦੀ ਮੌਕੇ 'ਤੇ ਮੌਤ, ਪਤੀ ਤੇ ਦੋ ਬੱਚੇ ਜ਼ਖ਼ਮੀ
ਕਈ ਸਾਲਾਂ ਤੋਂ ਲਗਾਤਾਰ ਬਣਦਾ ਆ ਰਿਹਾ ਸੀ ਸਰਪੰਚ
ਅਵਨ ਕੁਮਾਰ ਸੋਨੂੰ ਚੀਮਾ ਬੀਤੇ ਕਈ ਸਾਲਾਂ ਤੋਂ ਲਗਾਤਾਰ ਅੱਡਾ ਝਬਾਲ ਦਾ ਸਰਪੰਚ ਚੁਣਿਆ ਜਾ ਰਿਹਾ ਸੀ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸੋਨੂੰ ਚੀਮਾ ਦਾ ਲੋਕਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ। ਜਿਸ ਦੇ ਚੱਲਦਿਆਂ ਸੋਨੂੰ ਚੀਮਾ ਦੀ ਸਰਕਾਰੇ-ਦਰਬਾਰੇ ਤੋਂ ਇਲਾਵਾ ਸਿਆਸਤ ’ਚ ਬਹੁਤ ਉੱਚੀ ਪਹੁੰਚ ਬਣ ਚੁੱਕੀ ਸੀ। ਜਿਸ ਦੇ ਸਬੰਧ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੋਂ ਇਲਾਵਾ ਕਾਂਗਰਸ ਪਾਰਟੀ ’ਚ ਮੌਜੂਦ ਸਾਬਕਾ ਮੰਤਰੀਆਂ ਨਾਲ ਠਾਠ-ਬਾਠ ਬਣੀ ਹੋਈ ਸੀ। ਇੰਨਾ ਹੀ ਨਹੀਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ’ਚ ਆਉਣ ਦੌਰਾਨ ਅਵਨ ਕੁਮਾਰ ਸੋਨੂੰ ਚੀਮਾ ਅਤੇ ਉਸਦੇ ਭਰਾ ਮਨੀਸ਼ ਕੁਮਾਰ ਮੋਨੂੰ ਚੀਮਾ ਵਲੋਂ ‘ਆਪ’ ਦੇ ਵੱਖ-ਵੱਖ ਮੰਤਰੀਆਂ ਨਾਲ ਵਧੀਆ ਸਬੰਧ ਬਣਾ ਲਏ ਗਏ ਸਨ। ਜੇ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪਿੰਡ ਮੀਆਂਪੁਰ ਦੇ ਨਿਵਾਸੀ ਅੰਮ੍ਰਿਤਪਾਲ ਸਿੰਘ ਬਾਠ ਜਿਸ ਦੇ ਖ਼ਿਲਾਫ਼ ਵੱਡੀ ਗਿਣਤੀ ’ਚ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਪੁਲਸ ਨੂੰ ਲੰਮੇਂ ਸਮੇਂ ਤੋਂ ਲੋੜੀਂਦਾ ਹੈ, ਜੋ ਇਸ ਵੇਲੇ ਵਿਦੇਸ਼ ’ਚ ਮੌਜੂਦ ਹੈ ਵਲੋਂ ਕਾਂਗਰਸ ਪਾਰਟੀ ਦੇ ਕਾਰਜਕਾਲ ਵਿਚ ਸੋਸ਼ਲ ਮੀਡੀਆ ਰਾਹੀਂ ਲਾਈਵ ਹੁੰਦੇ ਹੋਏ ਅਵਨ ਕੁਮਾਰ ਸੋਨੂੰ ਚੀਮਾ ਨੂੰ ਲਲਕਾਰਦੇ ਹੋਏ ਜਾਨੋ ਮਾਰਨ ਦੀ ਧਮਕੀ ਖੁਲ੍ਹੇਆਮ ਦਿੱਤੀ ਗਈ ਸੀ। ਇਸਦੇ ਜਵਾਬ ’ਚ ਸੋਨੂੰ ਚੀਮਾ ਵਲੋਂ ਸੋਸ਼ਲ ਮੀਡੀਆ ਉੱਪਰ ਲਾਈਵ ਹੋ ਕੇ ਉਸ ਨੂੰ ਸਾਹਮਣੇ ਆਉਣ ਲਈ ਲਲਕਾਰਿਆ ਗਿਆ ਸੀ। ਇਸ ਸੋਸ਼ਲ ਮੀਡੀਆ ’ਤੇ ਚੱਲੀ ਖੁੱਲ੍ਹੇਆਮ ਲਲਕਾਰੇ ਸਬੰਧੀ ਬਹਿਸ ਤੋਂ ਬਾਅਦ ਪੁਲਸ ਵਲੋਂ ਅਗਲੇਰੀ ਕਾਰਵਾਈ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਬਾਠ ਨੂੰ ਨਾਮਜ਼ਦ ਕਰਦੇ ਹੋਏ ਇਸ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, ਤਿੰਨ ਲੋਕਾਂ ਦੀ ਮੌਕੇ 'ਤੇ ਮੌਤ, ਕਾਰ ਦੇ ਉੱਡੇ ਪਰਖੱਚੇ
ਪੁਲਸ ਵਾਰਦਾਤਾਂ ਨੂੰ ਹੱਲ ਕਰਨ ਵਿਚ ਰਹੀ ਅਸਫ਼ਲ
ਜੇ ਪੁਲਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਬੀਤੀ 25 ਦਸੰਬਰ ਸ਼ਾਮ ਸਥਾਨਕ ਦੀਪ ਐਵਨਿਊ ਵਿਖੇ ਕੌਂਸਲਰ ਸਵਿੰਦਰ ਸਿੰਘ ਅਰੋੜਾ ਦੇ ਘਰ ’ਚ ਚਾਰ ਨਕਾਬ ਪੋਸ਼ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਉੱਪਰ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਲਿਆ ਗਿਆ, ਜਿਸ ਤੋਂ ਬਾਅਦ ਉਹ ਘਟਨਾ ਨੂੰ ਅੰਜਾਮ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਸੇ ਤਰ੍ਹਾਂ 3 ਜਨਵਰੀ ਦੀ ਸ਼ਾਮ ਕਰੀਬ 4 ਵਜੇ ਜੰਡਿਆਲਾ ਗੁਰੂ ਰੋਡ ਉੱਪਰ ਮੌਜੂਦ ਇਕ ਪੈਟਰੋਲ ਪੰਪ ਦੇ ਮਾਲਕ ਸ਼ਾਮ ਸੁੰਦਰ ਅਗਰਵਾਲ ਪੁੱਤਰ ਮੋਤੀ ਰਾਮ ਨੂੰ ਗੰਨ ਪੁਆਇੰਟ ਉੱਪਰ ਲੈਂਦੇ ਹੋਏ ਪੰਜ ਨਕਾਬ ਪੋਸ਼ ਲੁਟੇਰਿਆਂ ਵਲੋਂ ਪੈਟਰੋਲ ਪੰਪ ਦੀ 4 ਲੱਖ ਰੁਪਏ ਵਟਕ ਨੂੰ ਲੁੱਟ ਲਿਆ ਗਿਆ ਸੀ। ਇਸੇ ਤਰ੍ਹਾਂ ਬੀਤੇ 2 ਦਿਨ ਪਹਿਲਾਂ ਪਿੰਡ ਸੂਰਵਿੰਡ ਵਿਖੇ ਮੌਜੂਦ ਇਕ ਪੈਟਰੋਲ ਪੰਪ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਵਲੋਂ ਗੰਨ ਪੁਆਇੰਟ ’ਤੇ 9500 ਦੀ ਰਕਮ ਲੁੱਟ ਲਈ ਗਈ। ਇਨ੍ਹਾਂ ਵਾਰਦਾਤਾਂ ਨੂੰ ਹੱਲ ਕਰਨ ’ਚ ਪੁਲਸ ਅੱਜ ਤੱਕ ਅਸਫ਼ਲ ਸਾਬਤ ਰਹੀ ਹੈ।
ਲੋਕਾਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਚੁੱਕੇ ਸਵਾਲ
ਅੱਡਾ ਝਬਾਲ ਵਿਖੇ ਮੌਜੂਦ ਵੱਖ-ਵੱਖ ਕਾਰੋਬਾਰੀਆਂ ਅਤੇ ਹੋਰ ਸਮਾਜ ਸੇਵੀਆਂ ਵਲੋਂ ਦਿਨ ਦਿਹਾੜੇ ਸੋਨੂੰ ਚੀਮਾ ਉੱਪਰ ਕੀਤੇ ਗਏ ਕਾਤਲਾਨਾ ਹਮਲੇ ਦੌਰਾਨ ਪੁਲਸ ਦੀ ਕਾਰਗੁਜ਼ਾਰੀ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਮੌਕੇ ’ਤੇ ਮੌਜੂਦ ਵੱਖ-ਵੱਖ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਪੰਚ ਸੋਨੂੰ ਚੀਮਾ ਬਹੁਤ ਹੀ ਨੇਕ ਦਿਲ ਇਨਸਾਨ ਸੀ, ਜਿਨ੍ਹਾਂ ਵਲੋਂ ਆਏ ਦਿਨ ਲੋੜਵੰਦਾਂ ਦੀ ਜਿੱਥੇ ਮਦਦ ਕੀਤੀ ਜਾਂਦੀ ਸੀ, ਉੱਥੇ ਹੀ ਗਰੀਬ ਅਤੇ ਬੇਸਹਾਰਾ ਕੁੜੀਆਂ ਦੇ ਵਿਆਹ ਮੌਕੇ ਪਹਿਲ ਕਦਮੀ ਕੀਤੀ ਜਾਂਦੀ ਸੀ। ਮੌਕੇ ’ਤੇ ਮੌਜੂਦ ਔਰਤਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣੇ ਤੋਂ ਕਰੀਬ 200 ਗਜ਼ ਦੂਰੀ ਉੱਪਰ ਕੀਤੇ ਗਏ ਇਸ ਹਮਲੇ ਦੌਰਾਨ ਪੁਲਸ ਦੇ ਲਾਅ-ਐਂਡ ਆਰਡਰ ਨੂੰ ਫੇਲ੍ਹ ਦੱਸਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਐੱਸ.ਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਪੁਲਸ ਵਲੋਂ ਇਸ ਕਤਲ ਦੀ ਬਰੀਕੀ ਨਾਲ ਜਾਂਚ ਵਿਦੇਸ਼ ਵਿਚ ਬੈਠੇ ਮੁਲਜ਼ਮ ਅੰਮ੍ਰਿਤ ਪਾਲ ਸਿੰਘ ਬਾਠ ਨਿਵਾਸੀ ਮੀਆਂਪੁਰ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਸੀ.ਸੀ.ਟੀ.ਵੀ ਕੈਮਰੇ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਤਲ ਮਾਮਲੇ ਵਿਚ ਪੁਲਸ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਹੀਦ ਸਿੰਘਾਂ ਨੂੰ ਸਮਰਪਿਤ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ 'ਚ ਨਿਹੰਗ ਸਿੰਘ ਦਲਾਂ ਨੇ ਕੱਢਿਆ ਮਹੱਲਾ
NEXT STORY