ਚੰਡੀਗੜ੍ਹ, (ਸੁਸ਼ੀਲ)- ਸੈਕਟਰ-45 ਵਿਚ ਮਕਾਨ ਦੀ ਛੱਤ 'ਤੇ ਖੇਡ ਰਹੇ 10 ਸਾਲਾ ਬੱਚੇ ਨੇ ਕੱਪੜੇ ਸੁਕਾਉਣ ਵਾਲੀ ਰੱਸੀ ਨਾਲ ਫਾਹਾ ਲਾ ਲਿਆ। ਕਾਫੀ ਦੇਰ ਤਕ ਜਦੋਂ ਬੱਚਾ ਥੱਲੇ ਨਹੀਂ ਆਇਆ ਤਾਂ ਪਰਿਵਾਰ ਨੇ ਜਾ ਕੇ ਦੇਖਿਆ ਤਾਂ ਬੱਚੇ ਦੇ ਗਲ ਵਿਚ ਫਾਹਾ ਲੱਗਾ ਹੋਇਆ ਸੀ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਮੌਕੇ 'ਤੇ ਪਹੁੰਚ ਕੇ ਬੱਚੇ ਨੂੰ ਜੀ. ਐੱਮ. ਸੀ. ਐੱਚ.-32 ਵਿਚ ਲੈ ਕੇ ਗਈ, ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਵਾਸੂ ਦੇ ਰੂਪ ਵਿਚ ਹੋਈ ਹੈ। ਉਹ ਸੈਕਟਰ-45 ਦੇ ਸਕੂਲ ਵਿਚ ਪੰਜਵੀਂ ਕਲਾਸ ਵਿਚ ਪੜ੍ਹਦਾ ਸੀ। ਪੋਸਟਮਾਰਟਮ ਤੋਂ ਬਾਅਦ ਸੈਕਟਰ-34 ਥਾਣਾ ਪੁਲਸ ਨੇ ਬੱਚੇ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।
ਸੈਕਟਰ-34 ਥਾਣਾ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 10 ਸਾਲਾ ਵਾਸੂ ਸੈਕਟਰ-45 ਸਥਿਤ ਮਕਾਨ ਦੀ ਛੱਤ 'ਤੇ ਖੇਡ ਰਿਹਾ ਸੀ। ਛੱਤ 'ਤੇ ਕੱਪੜੇ ਸੁਕਾਉਣ ਵਾਲੀ ਰੱਸੀ ਨਾਲ ਉਸ ਦੇ ਗਲੇ ਵਿਚ ਫਾਹਾ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਵਾਸੂ ਦੇ ਦੋ ਭਰਾ ਹਨ। ਸੈਕਟਰ-34 ਥਾਣਾ ਪੁਲਸ ਨੇ ਵਾਸੂ ਦੀ ਮੌਤ ਦੀ ਜਾਂਚ ਕਈ ਪਹਿਲੂਆਂ ਤੋਂ ਕੀਤੀ ਹੈ। ਪੁਲਸ ਨੇ ਦੱਸਿਆ ਕਿ ਵਾਸੂ ਦੇ ਪਿਤਾ ਸੈਕਟਰ-45 ਵਿਚ ਕੈਮਿਸਟ ਦੀ ਦੁਕਾਨ ਕਰਦੇ ਹਨ। ਸੈਕਟਰ-34 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਿਗਮ ਦੀ ਥਾਂ ਮੌਸਮ ਦੀ ਮੇਹਰਬਾਨੀ ਨਾਲ ਹੋ ਰਿਹਾ ਡੇਂਗੂ 'ਤੇ ਕੰਟਰੋਲ
NEXT STORY