ਜਲੰਧਰ (ਮ੍ਰਿਦੁਲ) – ਸਾਬਕਾ ਮੰਤਰੀ ਅਤੇ ਪੰਜਾਬ ਵਿਚ ਕਾਂਗਰਸ ਦੇ ਵੱਡੇ ਆਗੂ ਰਾਣਾ ਗੁਰਜੀਤ ਸਿੰਘ ਦੇ ਘਰ ਸਵੇਰੇ ਜਿਥੇ ਇਕ ਪਾਸੇ ਇਨਕਮ ਟੈਕਸ ਵਿਭਾਗ ਦੀ ਰੇਡ ਪਈ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਕਥਿਤ ਪੀ. ਏ. ਜੋ ਕਿ ਜੋਤੀ ਨਗਰ ਦਾ ਰਹਿਣ ਵਾਲਾ ਹੈ, ਦੇ ਘਰ ’ਤੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਸਾਰਾ ਦਿਨ ਜਾਂਚ ਕਰਦੀਆਂ ਰਹੀਆਂ।
ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀਆਂ ਸਾਰੀਆਂ ਸ਼ੂਗਰ ਮਿੱਲਾਂ ਸਮੇਤ ਈਥੇਨੋਲ ਪਲਾਂਟਾਂ ਦਾ ਵੀ ਕੰਮ ਸੰਭਾਲਦਾ ਹੈ। ਇਨਕਮ ਟੈਕਸ ਵਿਭਾਗ ਦੇ ਲੱਗਭਗ 250 ਤੋਂ ਵੱਧ ਮੁਲਾਜ਼ਮਾਂ ਸਮੇਤ ਅਧਿਕਾਰੀਆਂ ਵੱਲੋਂ ਰਾਣਾ ਗੁਰਜੀਤ ਦੇ 35 ਤੋਂ ਵੱਧ ਟਿਕਾਣਿਆਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਕਤ ਕਾਰਵਾਈ ਲੁਧਿਆਣਾ ਸਥਿਤ ਦਫਤਰ ਦੇ ਪ੍ਰਿੰਸੀਪਲ ਡਾਇਰੈਕਟਰ ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਆਸ਼ੀਸ਼ ਅਬਰੋਲ ਅਤੇ ਜਲੰਧਰ ਸਥਿਤ ਇਨਵੈਸਟੀਗੇਸ਼ਨ ਵਿੰਗ ਦੇ ਐਡੀਸ਼ਨਲ ਡਾਇਰੈਕਟਰ ਧਰਮੇਂਦਰ ਪੂਨੀਆਂ ਦੀ ਅਗਵਾਈ ਵਿਚ ਹੋਈ। ਦੱਸਿਆ ਜਾ ਰਿਹਾ ਹੈ ਕਿ ਰੇਡ ਅਜੇ 1-2 ਦਿਨ ਤਕ ਚੱਲਣ ਦੀ ਸੰਭਾਵਨਾ ਹੈ।
ਸੂਤਰਾਂ ਦੇ ਮੁਤਾਬਕ ਇਨਕਮ ਟੈਕਸ ਵਿਭਾਗ ਵੱਲੋਂ ਅੱਜ ਸਵੇਰੇ ਇਕ ਹੀ ਸਮੇਂ ’ਤੇ ਦਿੱਲੀ, ਉੱਤਰਾਖੰਡ ਸਥਿਤ ਰਾਮਪੁਰ ਵਿਚ ਉਨ੍ਹਾਂ ਦੇ ਐਗਰੀਕਲਚਰ ਪੰਪ, ਮੁਰਾਦਾਬਾਦ (ਯੂ. ਪੀ.) ਸਥਿਤ ਐਗਰੀਕਲਚਰ ਫਾਰਮ ਅਤੇ ਮਿੱਲਾਂ ਸਮੇਤ ਪੰਜਾਬ ਵਿਚ ਜਲੰਧਰ, ਕਪੂਰਥਲਾ, ਫਗਵਾੜਾ ਅਤੇ ਅੰਮ੍ਰਿਤਸਰ ਦੇ ਬੁੱਟਰ ਪਿੰਡ ਵਿਚ ਸਥਿਤ ਈਥੇਨੋਲ ਪਲਾਂਟ ’ਤੇ ਰੇਡ ਕੀਤੀ। ਇਸ ਤੋਂ ਇਲਾਵਾ ਮੋਹਾਲੀ, ਜ਼ੀਰਕਪੁਰ ਅਤੇ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਵੀ ਰੇਡ ਕੀਤੀ ਗਈ।
ਸੂਤਰਾਂ ਦੇ ਮੁਤਾਬਕ ਜੋਤੀ ਨਗਰ ਸਥਿਤ ਰਾਣਾ ਗੁਰਜੀਤ ਦਾ ਖਾਸਮ-ਖਾਸ ਵਿਅਕਤੀ ਉਨ੍ਹਾਂ ਦੇ ਸਾਰੇ ਕਾਰੋਬਾਰ ਨੂੰ ਮੈਨੇਜ ਕਰਨ ਦਾ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਕਈ ਸਾਲਾਂ ਤੋਂ ਰਾਣਾ ਗੁਰਜੀਤ ਦੇ ਰੀਅਲ ਅਸਟੇਟ, ਸ਼ੂਗਰ ਮਿੱਲ, ਸ਼ਰਾਬ ਕਾਰੋਬਾਰ ਅਤੇ ਈਥੇਨੋਲ ਪਲਾਂਟ ਤੋਂ ਇਲਾਵਾ ਹੋਰ ਕਾਰੋਬਾਰਾਂ ਨੂੰ ਮੈਨੇਜ ਕਰਦਾ ਹੈ। ਨਾਂ ਨਾ ਦੱਸਣ ਦੀ ਸ਼ਰਤ ’ਤੇ ਇਕ ਵਿਅਕਤੀ ਦਾ ਦਾਅਵਾ ਹੈ ਕਿ ਰਾਣਾ ਗੁਰਜੀਤ ਸਿੰਘ ਦੀਆਂ ਕਈ ਕੰਪਨੀਆਂ ਵਿਚ ਉਕਤ ਵਿਅਕਤੀ ਡਾਇਰੈਕਟਰ ਜਾਂ ਭਾਈਵਾਲ ਵੀ ਹੈ, ਜਿਸ ਕਾਰਨ ਮਾਮਲਾ ਕਾਫੀ ਗੰਭੀਰ ਦੱਸਿਆ ਜਾ ਰਿਹਾ ਹੈ।
ਇਨਕਮ ਟੈਕਸ ਵਿਭਾਗ ਇਸ ਐਂਗਲ ਤੋਂ ਜਾਂਚ ਕਰ ਰਿਹਾ ਹੈ ਕਿ ਰਾਣਾ ਗੁਰਜੀਤ ਵੱਲੋਂ ਕੁਝ ਸਾਲਾਂ ਵਿਚ ਵਿਭਾਗ ਨੂੰ ਸ਼ੋਅ ਕੀਤੀ ਗਈ ਆਮਦਨ ਤੋਂ ਜ਼ਿਆਦਾ ਇਨਵੈਸਟਮੈਂਟ ਕੀਤੀ ਗਈ ਹੈ, ਜਿਸ ਨੂੰ ਲੈ ਕੇ ਵਿਭਾਗ ਵੱਲੋਂ ਹਰ ਮਹੀਨੇ ਦੇ ਤੌਰ ’ਤੇ ਬੈਂਕ ਟਰਾਂਸਜੈਕਸ਼ਨ ਅਤੇ ਰੈਵੇਨਿਊ ਰਿਕਾਰਡ ਤੋਂ ਆਉਣ ਵਾਲੇ ਡਾਟਾ ਨੂੰ ਦੇਖਣ ਅਤੇ ਜਾਂਚ ਕਰਨ ਤੋਂ ਬਾਅਦ ਉਕਤ ਕਾਰਵਾਈ ਕੀਤੀ ਗਈ ਹੈ, ਹਾਲਾਂਕਿ ਇਨ੍ਹਾਂ ਇਨਵੈਸਟਮੈਂਟਾਂ ਵਿਚ ਵਿਦੇਸ਼ਾਂ ਦੀ ਵੀ ਟਰਾਂਜੈਕਸ਼ਨ ਨੂੰ ਚੈੱਕ ਕੀਤਾ ਗਿਆ ਹੈ।
ਇਸ ਡਾਟਾ ਵਿਚ ਖਾਸ ਕਰ ਕੇ ਬੈਂਕ ਵੱਲੋਂ ਜਾਰੀ ਕੀਤੇ ਡਾਟਾ ਦੇ ਨਾਲ-ਨਾਲ ਡਿਜੀਟਲ ਟਰਾਂਜੈਕਸ਼ਨ ਸਮੇਤ ਹੋਰ ਪ੍ਰਾਪਰਟੀ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕਈ ਬੇਨਿਯਮੀਆਂ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵੱਲੋਂ ਉਕਤ ਕਾਰਵਾਈ ਕੀਤੀ ਗਈ ਹੈ। ਸੂਤਰਾਂ ਦੇ ਮੁਤਾਬਕ ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਾਪਰਟੀ ਸਮੇਤ ਹੋਰਨਾਂ ਥਾਵਾਂ ’ਤੇ ਕੀਤੀ ਗਈ ਇਨਵੈਸਟਮੈਂਟ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਰਾਣਾ ਗੁਰਜੀਤ ਸਿੰਘ ਨਾਲ ਕਾਰੋਬਾਰੀ ਤੌਰ ’ਤੇ ਸੰਬੰਧ ਰੱਖਣ ਵਾਲੇ ਹਰ ਭਾਈਵਾਲ ਸਮੇਤ ਮੈਨੇਜਰ ਅਤੇ ਸਿਆਸੀ ਪੀ. ਏ. ਤਕ ਦੇ ਘਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਿਆਸੀ ਤੌਰ ’ਤੇ ਗੰਭੀਰ ਮੁੱਦਾ ਹੋਣ ਕਾਰਨ ਵਿਭਾਗ ਨੇ ਧਾਰੀ ਚੁੱਪ
ਦੂਜੇ ਪਾਸੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਧਿਕਾਰਕ ਤੌਰ ’ਤੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿਉਂਕਿ ਸਿਆਸੀ ਤੌਰ ’ਤੇ ਮਾਮਲਾ ਗੰਭੀਰ ਹੋਣ ਕਰ ਕੇ ਵਿਭਾਗ ਨੇ ਪੂਰੀ ਤਰ੍ਹਾਂ ਚੁੱਪ ਧਾਰ ਲਈ ਹੈ। ਵਿਭਾਗੀ ਅਧਿਕਾਰੀਆਂ ਵੱਲੋਂ ਫੋਨ ਚੁੱਕਣਾ ਤਾਂ ਦੂਰ ਕਈ ਅਧਿਕਾਰੀਆਂ ਨੇ ਤਾਂ ਫੋਨ ਤਕ ਸਵਿੱਚ ਆਫ ਕਰ ਲਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਬਾਹਰ ਨਾ ਜਾ ਸਕੇ ਕਿਉਂਕਿ ਵਿਭਾਗ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਿਤੇ ਉਕਤ ਕਾਰਵਾਈ ਕਿਸੇ ਵੀ ਢੰਗ ਨਾਲ ਸਿਆਸੀ ਮੁੱਦਾ ਨਾ ਬਣ ਸਕੇ।
UK ਦਾ ਸਟੱਡੀ ਵੀਜ਼ਾ ਹੋਣ ਦੇ ਬਾਵਜੂਦ US ਤੋਂ ਇੰਡੀਆ ਡਿਪੋਰਟ ਹੋਈ 'ਮੁਸਕਾਨ', MLA ਨੇ ਘਰ ਪਹੁੰਚ ਜਾਣਿਆ ਹਾਲ
NEXT STORY