ਜਲੰਧਰ (ਸੋਨੂੰ)— ਇਕ ਪਾਸੇ ਜਿੱਥੇ ਪੂਰਾ ਦੇਸ਼ ਆਜ਼ਾਦੀ ਦਿਹਾੜੇ ਦੀਆਂ ਇਕ ਦੂਜੇ ਨੂੰ ਸ਼ੁੱਭਕਾਮਨਾਵਾਂ ਦੇ ਰਿਹਾ ਹੈ, ਉਥੇ ਹੀ ਜਲੰਧਰ ਤੋਂ ਸੈਂਟਰਲ ਹਲਕੇ ਦੇ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਦੇਸ਼ ਵਾਸੀਆਂ ਨੂੰ ਜੋਸ਼ ਦੇ ਨਾਲ 15 ਅਗਸਤ ਦੇ ਦਿਨ 'ਗਣਤੰਤਰ ਦਿਵਸ' ਦੀਆਂ ਸ਼ੁੱਭਕਾਮਨਾਵਾਂ ਦੇ ਗਏ। ਇਸ ਦੇ ਇਲਾਵਾ ਪ੍ਰੋਗਰਾਮ ਦੌਰਾਨ ਸਿਹਤ ਮਹਿਕਮੇ ਦੇ ਨਿਯਮਾਂ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ।
ਦਰਅਸਲ ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਆਜ਼ਾਦੀ ਦਿਹਾੜੇ ਮੌਕੇ ਕਾਂਗਰਸੀ ਵਿਧਾਇਕ ਰਾਜਿੰਦਰ ਸਿੰਘ ਬੇਰੀ ਕੋਰੋਨਾ ਯੋਧਿਆਂ ਨੂੰ ਸਨਮਾਨਤ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਸਮਾਜਸੇਵੀ ਲੋਕਾਂ ਦੇ ਨਾਲ-ਨਾਲ ਪੁਲਸ ਦੇ ਜਵਾਨਾਂ ਨੂੰ ਵੀ ਸਨਮਾਨਤ ਕੀਤਾ। ਇਸ ਮੌਕੇ ਕਈ ਲੋਕਾਂ ਦੇ ਚਿਹਰੇ 'ਤੇ ਮਾਸਕ ਨਹੀਂ ਦਿਖਾਈ ਦਿੱਤੇ ਅਤੇ ਸਮਾਜਿਕ ਦੂਰੀ ਦਾ ਵੀ ਜ਼ਰਾ ਧਿਆਨ ਨਾ ਰੱਖਿਆ ਗਿਆ। ਇਸ ਤੋਂ ਇਲਾਵਾ ਜਦੋਂ ਵਿਧਾਇਕ ਰਾਜਿੰਦਰ ਬੇਰੀ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦੇ ਰਹੇ ਸਨ ਤਾਂ ਸੁਤੰਤਰਤਾ ਦੀ ਜਗ੍ਹਾ ਗਣਤੰਤਰ ਦਿਵਸ ਮੂੰਹ 'ਚੋਂ ਨਿਕਲ ਗਿਆ। ਇਸ ਦੌਰਾਨ ਇਕ ਹੀ ਗਲਤੀ ਨੂੰ ਉਨ੍ਹਾਂ ਨੇ ਦੋ ਵਾਰ ਦੋਹਰਾਇਆ, ਜਿਸ ਨਾਲ ਸਪਸ਼ਟ ਹੁੰਦਾ ਹੈ ਕਿ ਵਿਧਾਇਕ ਸਾਬ੍ਹ ਨੂੰ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ 'ਚ ਫਰਕ ਨਹੀਂ ਪਤਾ।
ਇਥੇ ਦੱਸਣਯੋਗ ਹੈ ਕਿ ਹਾਲਾਂਕਿ ਜਲੰਧਰ 'ਚ ਅੱਜ ਸੁਤੰਤਰਤਾ ਦਿਵਸ ਮੌਕੇ 'ਤੇ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਸ ਨੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਣ ਅਤੇ ਮਾਸਕ ਨਾ ਪਾਉਣ ਦਾ ਮਾਮਲਾ ਦਰਜ ਕੀਤਾ ਹੈ ਪਰ ਇਸ ਸਨਮਾਨ ਸਮਾਰੋਹ 'ਚ ਜੇਕਰ ਵੇਖਿਆ ਜਾਵੇ ਤਾਂ ਸੋਸ਼ਲ ਡਿਸਟੈਂਸਿੰਗ ਕਿਤੇ ਵੀ ਨਜ਼ਰ ਨਹੀਂ ਆਈ। ਲੱਗਦਾ ਹੈ ਕਿ ਸ਼ਾਇਦ ਇਹ ਕਾਨੂੰਨ ਸਿਰਫ ਆਮ ਲੋਕਾਂ ਲਈ ਹੀ ਬਣੇ ਹਨ, ਜਿਨ੍ਹਾਂ ਨੂੰ ਤੋੜਨ ਦਾ ਕੋਈ ਹੱਕ ਨਹੀਂ ਅਤੇ ਉਨ੍ਹਾਂ ਦੇ ਲਈ ਹਰ ਤਰ੍ਹਾਂ ਦੇ ਜੁਰਮਾਨੇ ਵੀ ਹਨ। ਵਿਧਾਇਕ ਸਾਬ੍ਹ ਨੂੰ ਇਸ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਹਾਲਾਂਕਿ ਉਹ ਇਸ ਕਾਨੂੰਨ ਅਤੇ ਹੁਕਮਾਂ ਦੀ ਪਾਲਣਾ ਕਰਨ ਦੀ ਦੁਹਾਈ ਪੂਰੇ ਸਮਾਰੋਹ 'ਚ ਦਿੰਦੇ ਰਹੇ। ਇਸ ਦੇ ਇਲਾਵਾ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਵਿਧਾਇਕ ਦੇ ਖ਼ਿਲਾਫ਼ ਵੀ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਜਾਂ ਫਿਰ ਆਮ ਲੋਕਾਂ ਲਈ ਹੀ ਕਾਨੂੰਨ ਬਣਿਆ ਹੈ।
ਇਥੇ ਦੱਸ ਦਈਏ ਕਿ ਇਹ ਕੋਈ ਅਜਿਹਾ ਪਹਿਲਾਂ ਮਾਮਲਾ ਨਹੀਂ ਹੈ ਕਿ ਜਦੋਂ ਕਿਸੇ ਨੇਤਾ ਜਾਂ ਮੰਤਰੀ ਦੀ ਅਜਿਹੀ ਵੀਡੀਓ ਲੋਕਾਂ ਦੇ ਸਾਹਮਣੇ ਆਈ ਹੋਵੇ। ਚਾਹੇ 15 ਅਗਸਤ ਹੋਵੇ ਜਾਂ 26 ਜਨਵਰੀ ਸਿਆਸਤਦਾਨਾਂ ਦੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆ ਜਾਂਦੀਆਂ ਹਨ।
ਮੋਗਾ ਤੋਂ ਬਾਅਦ ਹੁਣ ਬਾਬਾ ਬਕਾਲਾ ਸਾਹਿਬ 'ਚ ਲਹਿਰਾਇਆ ਖਾਲਿਸਤਾਨ ਦਾ ਝੰਡਾ
NEXT STORY