ਮੋਹਾਲੀ, (ਪਰਦੀਪ)- ਮੋਹਾਲੀ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਅੱਜ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਆਜ਼ਾਦ ਗਰੁੱਪ ਦੇ ਮੁੱਖ ਚੋਣ ਦਫ਼ਤਰ, ਜਿਸ ਦਾ ਹਾਲੇ ਰਸਮੀ ਤੌਰ ’ਤੇ ਉਦਘਾਟਨ ਹੋਣਾ ਹੈ, ’ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਅਤੇ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਸੋਹਾਣਾ ਆਪਣੇ ਸਾਥੀਆਂ ਨਾਲ ਬਾਹਰ ਆਏ ਅਤੇ ਉਥੇ ਕੁਝ ਨੌਜਵਾਨਾਂ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਨੌਜਵਾਨ ਜਿਨ੍ਹਾਂ ਦੇ ਹੱਥਾਂ ਵਿੱਚ ਕਿਸਾਨ ਅੰਦੋਲਨ ਨਾਲ ਸਬੰਧਤ ਝੰਡੇ ਚੁੱਕੇ ਹੋਏ ਸਨ ਨੇ ਮੁੱਖ ਚੋਣ ਦਫ਼ਤਰ ਦੇ ਬਾਹਰ ਫਲੈਕਸ ’ਤੇ ਕਿਸਾਨ ਅੰਦੋਲਨ ਨਾਲ ਸਬੰਧਤ ਸਲੋਗਨ 'ਤੇ ਇਤਰਾਜ਼ ਪ੍ਰਗਟ ਕੀਤਾ, ਜਿਸ ਸਬੰਧੀ ਦੋਵਾਂ ਧਿਰਾਂ ਵਿਚ ਬਹਿਸ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪੁੱਜ ਗਈ। ਇਸੇ ਦੌਰਾਨ ਆਜ਼ਾਦ ਗਰੁੱਪ ਦੇ ਇਕ ਸਮਰਥਕ ਦੀ ਪੱਗ ਉਤਰ ਗਈ ਅਤੇ ਸਥਿਤੀ ਇੰਨੀ ਤਣਾਅਪੂਰਣ ਹੋ ਗਈ ਕਿ ਬਾਹਰੋਂ ਆਏ ਇਨ੍ਹਾਂ ਨੌਜਵਾਨਾਂ ਵਿਚੋਂ ਇੱਕ ਨੇ ਆਪਣੀ ਗੱਡੀ ਵਿਚੋਂ ਤਲਵਾਰ ਕੱਢ ਕੇ ਹਮਲਾ ਕੀਤਾ।
ਪਰਮਿੰਦਰ ਸਿੰਘ ਸੋਹਾਣਾ ਨੇ ਐੱਸ.ਐਸ.ਪੀ. ਮੋਹਾਲੀ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਅਤੇ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਨੇ ਕੁਲਵੰਤ ਸਿੰਘ ਨੇ ਮੁੱਖ ਚੋਣ ਦਫ਼ਤਰ ਵਿਖੇ ਤੁਰੰਤ ਬਾਅਦ ਦੁਪਹਿਰ ਚਾਰ ਵਜੇ ਇਕ ਪ੍ਰੈੱਸ ਕਾਨਫਰੰਸ ਵੀ ਸੱਦੀ ਅਤੇ ਇਸ ਹਮਲੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਸਿੱਧੇ ਤੌਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਤੋਂ ਆਜ਼ਾਦ ਗਰੁੱਪ ਦੀ ਸਿਆਸੀ ਚੜ੍ਹਤ ਬਰਦਾਸ਼ਤ ਨਹੀਂ ਹੋ ਰਹੀ ਅਤੇ ਉਹ ਹਾਰ ਦੇ ਡਰੋਂ ਆਜ਼ਾਦ ਗਰੁੱਪ ਦੇ ਉਮੀਦਵਾਰਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇੱਥੇ ਇਹ ਵਰਣਨਯੋਗ ਹੈ ਕਿ ਡੇਢ ਵਜੇ ਵਾਪਰੀ ਇਸ ਘਟਨਾ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ, ਜਿਸ ਵਿਚ ਇਨ੍ਹਾਂ ਇਸ ਘਟਨਾ ਵਿੱਚ ਸ਼ਾਮਲ ਇਕ ਵਿਅਕਤੀ ਵੱਲੋਂ ਸ਼ਰੇਆਮ ਇਕ ਪੱਗ ਨੂੰ ਦਿਖਾ ਕੇ ਇਹ ਪੱਗ ਪਰਵਿੰਦਰ ਸਿੰਘ ਸੋਹਾਣਾ ਦੀ ਦੱਸੀ ਅਤੇ ਕਿਹਾ ਕਿ ਜੇਕਰ ਉਸ ਵਿਚ ਹਿੰਮਤ ਹੈ ਤਾਂ ਉਹ ਆਪਣੀ ਉਨ੍ਹਾਂ ਕੋਲੋਂ ਪੱਗ ਵਾਪਸ ਲੈ ਕੇ ਦਿਖਾਵੇ। ਇਸ ਸਬੰਧੀ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਇਹ ਪੱਗ ਉਸ ਦੀ ਨਹੀਂ ਸਗੋਂ ਕਿਸੇ ਹੋਰ ਵੀਰ ਦੀ ਹੈ ਪ੍ਰੰਤੂ ਉਹ ਇਸ ਘਟਨਾ ਦੀ ਨਿੰਦਾ ਕਰਦੇ ਹਨ ਕਿਉਂਕਿ ਪੱਗ ਇੱਜ਼ਤ ਹੁੰਦੀ ਹੈ।
ਇਸ ਸਬੰਧੀ ਦੇਰ ਰਾਤ ਸੁਖਵਿੰਦਰ ਸਿੰਘ ਛਿੰਦੀ ਬੱਲੋਮਾਜਰਾ, ਜਗਤਾਰ ਸਿੰਘ ਬਿੱਲਾ ਛੱਜੂਮਾਜਰਾ , ਬਲਜਿੰਦਰ ਸਿੰਘ ਗੋਲੂ ਸਹੇੜੀ ਮੋਰਿੰਡਾ ਸਮੇਤ ਅਣਪਛਾਤੇ ਵਿਅਕਤੀਆਂ ’ਤੇ ਪੁਲਸ ਵੱਲੋਂ ਮਾਮਲਾ ਥਾਣਾ ਸੋਹਾਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਚੱਕੀ ਦੀ ਬੈਲਟ ’ਚ ਆਉਣ ਕਾਰਣ 34 ਸਾਲਾਂ ਬੀਬੀ ਦੀ ਮੌਤ
NEXT STORY