ਲੁਧਿਆਣਾ (ਵਰਮਾ) : ਮਹਾਂਨਗਰ ਦੇ ਇਕ ਪਾਸ਼ ਇਲਾਕੇ 'ਚ ਸਥਿਤ ਇਕ ਨਾਮੀ ਸਕੂਲ ਦੀ ਅਧਿਆਪਕਾ ਨੇ ਆਪਣੇ ਸਹੁਰਿਆਂ ’ਤੇ ਦਾਜ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਅਤੇ ਸੱਸ ’ਤੇ ਕੇਸ ਦਰਜ ਕਰ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਬੱਸ ਸਟੈਂਡ ਨੇੜੇ ਅਸ਼ੋਕ ਨਗਰ ਦੀ ਰਹਿਣ ਵਾਲੀ 28 ਸਾਲਾ ਦਿੱਵਿਆ ਮਲਿਕ ਦੀ ਸ਼ਿਕਾਇਤ ’ਤੇ ਇਆਲੀ ਕਲਾਂ ਦੇ ਸਾਊਥ ਸਿਟੀ ਇਲਾਕੇ ’ਚ ਰਹਿ ਰਹੇ ਉਸ ਦੇ ਪਤੀ ਧਰੁਵ ਵਰਮਾ ਅਤੇ ਸੱਸ ਨੰਦਨੀ ਵਰਮਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਐੱਮ. ਏ./ਬੀ. ਐਡ ਪਾਸ ਦਿੱਵਿਆ ਦੁੱਗਰੀ ਸਥਿਤ ਇਕ ਸਕੂਲ 'ਚ ਪਿਛਲੇ 4 ਸਾਲ ਤੋਂ ਅਧਿਆਪਕਾ ਹੈ। ਉਸ ਦਾ ਵਿਆਹ 13 ਦਸੰਬਰ, 2018 ਨੂੰ ਧਰੁਵ ਨਾਲ ਹੋਇਆ ਸੀ। ਦਿੱਵਿਆ ਦਾ ਦੋਸ਼ ਹੈ ਕਿ ਵਿਆਹ ਤੋਂ ਕੁੱਝ ਸਮੇਂ ਬਾਅਦ ਸਹੁਰੇ ਘੱਟ ਦਾਜ ਲਿਆਉਣ ਨੂੰ ਲੈ ਕੇ ਜ਼ਲੀਲ ਕਰਕੇ ਤਾਅਨੇ-ਮਿਹਣੇ ਮਾਰਦੇ ਸੀ, ਜਦੋਂ ਕਿ ਵਿਆਹ ਸਮੇਂ ਉਸ ਦੇ ਪਿਤਾ ਨਰਿੰਦਰ ਮਲਿਕ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਦਿੱਤਾ ਪਰ ਬਾਵਜੂਦ ਸਹੁਰੇ ਤੰਗ-ਪਰੇਸ਼ਾਨ ਕਰਦੇ ਹਨ। ਉਸ ਦਾ ਦੋਸ਼ ਹੈ ਕਿ ਰਿਸ਼ਤੇ ਸਮੇਂ ਉਸ ਦੇ ਪਰਿਵਾਰ ਨੂੰ ਹਨ੍ਹੇਰੇ 'ਚ ਰੱਖਿਆ ਗਿਆ ਕਿ ਧਰੁਵ ਦਾ ਚੰਗਾ ਕਾਰੋਬਾਰ ਹੈ ਪਰ ਬੀਤੇ ਮਹੀਨੇ ਸਹੁਰਿਆਂ ਨੇ ਕਾਰੋਬਾਰ ਦੇ ਨਾਂ ’ਤੇ 75 ਲੱਖ ਦੀ ਮੰਗ ਰੱਖ ਦਿੱਤੀ।
ਰਕਮ ਲਿਆਉਣ ਲਈ ਉਸ ’ਤੇ ਦਬਾਅ ਬਣਾਇਆ ਜਾਣ ਲੱਗਾ। ਇਨ੍ਹਾਂ ਹੀ ਨਹੀਂ, ਜੋ ਨਵੀਂ ਲਗਜ਼ਰੀ ਗੱਡੀ ਬੁੱਕ ਕਰਵਾਈ ਹੈ, ਉਸ ਦੀ ਬਾਕੀ ਪੇਮੈਂਟ ਵੀ ਮਾਪੇ ਵਾਲੇ ਕਰਨ। ਜਦੋਂ ਉਸ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਗਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜੋ ਤਨਖਾਹ ਉਸ ਨੂੰ ਸਕੂਲ ’ਚੋਂ ਮਿਲਦੀ, ਉਹ ਵੀ ਖੋਹ ਲਈ ਜਾਂਦੀ। ਇਹ ਵੀ ਧਮਕੀ ਦਿੱਤੀ ਜਾਂਦੀ ਕਿ ਜੇਕਰ ਮਾਪੇ ਪੈਸਾ ਲੈ ਕੇ ਨਾ ਆਏ ਤਾਂ ਧਰੁਵ ਦਾ ਵਿਆਹ ਹੋਰ ਜਗ੍ਹਾ ਕਰ ਦੇਣਗੇ। ਕਈ ਵਾਰ ਪੰਚਾਇਤੀ ਫ਼ੈਸਲੇ ਹੋਏ ਪਰ ਉਨ੍ਹਾਂ ਦੇ ਵਰਤਾਅ 'ਚ ਕੋਈ ਅੰਤਰ ਨਹੀਂ ਆਇਆ।
ਪਰਿਵਾਰ ਦੀ ਮਾਣ-ਮਰਿਆਦਾ ਲਈ ਸਭ ਕੁਝ ਚੁੱਪਚਾਪ ਬਰਦਾਸ਼ਤ ਕਰਦੀ ਰਹੀ ਪਰ ਜਦੋਂ ਹਿੰਮਤ ਜਵਾਬ ਦੇ ਗਈ ਤਾਂ ਉਸ ਨੇ ਪੁਲਸ ਕੋਲ ਹੀ ਜਾਣਾ ਬਿਹਤਰ ਸਮਝਿਆ। ਦੂਜੇ ਪਾਸੇ ਮੁਲਜ਼ਮ ਪੱਖ ਦੇ ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਮਾਂ-ਪੁੱਤਰ ਨਿਰਦੋਸ਼ ਹਨ, ਉਨ੍ਹਾਂ ’ਤੇ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਪੀੜਤਾ ਦੀ ਸ਼ਿਕਾਇਤ ’ਤੇ ਜਾਂਚ ਕਰਨ ’ਤੇ ਪੀੜਤਾ ਦੇ ਪਤੀ ਧਰੁਵ ਵਰਮਾ, ਸੱਸ ਨੰਨਦੀ ਵਰਮਾ ਖ਼ਿਲਾਫ਼ ਦਾਜ ਕਾਤਰ ਤੰਗ-ਪਰੇਸ਼ਾਨ ਕਰਨ ਦਾ ਕੇਸ ਦਰਜ ਕੀਤਾ ਹੈ ਅਤੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦਿੱਲੀ ਧਰਨੇ ਤੋਂ ਆਈ ਦੁਖਦਾਈ ਖ਼ਬਰ, ਟਿਕਰੀ ਬਾਰਡਰ ’ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ
NEXT STORY