ਸ਼ੇਰਪੁਰ, (ਸਿੰਗਲਾ, ਅਨੀਸ਼)– ਸੀ. ਐੱਚ. ਸੀ. ਵਿਚ 24 ਘੰਟੇ ਐਮਰਜੈਂਸੀ ਸੇਵਾਵਾਂ ਚਾਲੂ ਕਰਵਾਉਣ ਅਤੇ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਵਾਉਣ ਲਈ 17 ਦਿਨਾਂ ਤੋਂ ਸੰਘਰਸ਼ ਕਰਦੇ ਲੋਕਾਂ ’ਚ ਉਸ ਸਮੇਂ ਹੋਰ ਗੁੱਸਾ ਵਧ ਗਿਆ ਜਦੋਂ ਮਹਿਕਮੇ ਨੇ ਕਮਿਊਨਿਟੀ ਹੈਲਥ ਸੈਂਟਰ ਨਾਲ ਸਬੰਧਤ ਇਕ ਫਾਰਮਾਸਿਸਟ ਦਾ ਚੁੱਪ ਚਪੀਤੇ ਤਿੰਨ ਦਿਨਾਂ ਲਈ ਕੌਹਰੀਆਂ ਵਿਖੇ ਡੈਪੂਟੇਸ਼ਨ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਫਾਰਮਾਸਿਸਟ ਸਕੂਲਾਂ ਦੇ ਪ੍ਰੋਗਰਾਮ ਲਈ ਕੰਮ ਕਰਦਾ ਸੀ। ਜਦੋਂ ਇਸ ਦਾ ਪਤਾ ਹਸਪਤਾਲ ਐਕਸ਼ਨ ਕਮੇਟੀ ਇਲਾਕਾ ਸ਼ੇਰਪੁਰ ਦੇ ਕਨਵੀਨਰ ਕਾ. ਸੁਖਦੇਵ ਸਿੰਘ ਬਡ਼ੀ ਤੇ ਮਾ. ਹਰਬੰਸ ਸਿੰਘ ਸ਼ੇਰਪੁਰ ਨੂੰ ਲੱਗਿਆ ਤਾਂ ਉਨ੍ਹਾਂ ਇਸ ਗੱਲ ਦਾ ਸਖਤ ਵਿਰੋਧ ਕੀਤਾ ਕਿ ਸਾਨੂੰ ਮਹਿਕਮਾ ਡਾਕਟਰ ਭੇਜਣ ਦਾ ਭਰੋਸਾ ਦਿੰਦਾ ਹੈ ਅਤੇ ਦੂਜੇ ਪਾਸੇ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵਿਚ ਕੰਮ ਕਰਦੇ ਸਟਾਫ ਦੀਆਂ ਡਿਊਟੀਆਂ ਹੋਰ ਸਟੇਸ਼ਨਾਂ ’ਤੇ ਲਾ ਰਿਹਾ ਹੈ।
ਕੀ ਕਹਿੰਦੇ ਨੇ ਸਿਵਲ ਸਰਜਨ
ਜਦੋਂ ਇਸ ਸਬੰਧੀ ਸਿਵਲ ਸਰਜਨ ਸੰਗਰੂਰ ਡਾ. ਅਰੁਣ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਫਾਰਮਾਸਿਸਟ ਦਾ ਡੈਪੂਟੇਸ਼ਨ ਸੀ, ਉਹ ਨਹੀਂ ਕੀਤਾ ਜਾ ਰਿਹਾ। ਸਗੋਂ ਉਹ ਕੋਈ ਹੋਰ ਪ੍ਰਬੰਧ ਕਰ ਕੇ ਕੰਮ ਚਲਾਉਣ ਲਈ ਯਤਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਫਾਰਮਾਸਿਸਟ ਸ਼ੇਰਪੁਰ ਵਿਖੇ ਹੀ ਆਪਣੀਆਂ ਸੇਵਾਵਾਂ ਨਿਭਾਏਗਾ।
ਪਖਾਨਿਆਂ ਦੀ ਸਫਾਈ ਦਾ ਮਾਮਲਾ ਵੀ ਚੁੱਕਿਆ
ਹਸਪਤਾਲ ਦੇ ਪਖਾਨਿਆਂ ਦੀ ਸਫਾਈ ਨੂੰ ਲੈ ਕੇ ਐਕਸ਼ਨ ਕਮੇਟੀ ਦੇ ਕਾਮਰੇਡ ਸੁਖਦੇਵ ਸਿੰਘ ਬਡ਼ੀ ਅਤੇ ਮਾ. ਹਰਬੰਸ ਸਿੰਘ ਸ਼ੇਰਪੁਰ ਨੇ ਕਿਹਾ ਕਿ ਇਸ ਕਮਿਊਨਿਟੀ ਹੈਲਥ ਸੈਂਟਰ ਦੇ ਪਖਾਨਿਆਂ ਨੂੰ ਦੇਖ ਕੇ ਨਹੀਂ ਲੱਗਦਾ ਕਿ ਇਸ ਦੀ ਕਿਸੇ ਨੇ ਸਫਾਈ ਕੀਤੀ ਹੋਵੇਗੀ। ਪਖਾਨਿਆਂ ’ਚੋਂ ਮਾਰਦੀ ਬਦਬੂ ਨਾਲ ਲੋਕਾਂ ਦਾ ਬੁਰਾ ਹਾਲ ਹੈ। ਆਗੂਆਂ ਨੇ ਮੌਕੇ ’ਤੇ ਹੀ ਸਿਵਲ ਸਰਜਨ ਸੰਗਰੂਰ ਦੇ ਧਿਆਨ ’ਚ ਇਹ ਮਾਮਲਾ ਲਿਅਾਂਦਾ ਅਤੇ ਮੰਗ ਕੀਤੀ ਕਿ ਇਥੇ ਪਖਾਨਿਆਂ ਦੀ ਸਫਾਈ ਪਹਿਲ ਦੇ ਅਾਧਾਰ ’ਤੇ ਕਰਵਾਈ ਜਾਵੇ।
ਭਾਜਪਾ ਅੱਜ ਕਰੇਗੀ ਭੁੱਖ ਹੜਤਾਲ
ਭਾਰਤੀ ਜਨਤਾ ਪਾਰਟੀ ਮੰਡਲ ਸ਼ੇਰਪੁਰ ਦੀ ਇਕ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਉਮੇਦ ਸਿੰਘ ਬੀਕਾਨੇਰ ਵਾਲੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸ਼ੇਰਪੁਰ ਮੰਡਲ ਨੇ ਸਰਬਸੰਮਤੀ ਨਾਲ ਹਸਪਤਾਲ ਐਕਸ਼ਨ ਕਮੇਟੀ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ 28 ਅਗਸਤ ਨੂੰ ਭੁੱਖ ਹਡ਼ਤਾਲ ’ਤੇ ਬੈਠਣ ਦਾ ਫੈਸਲਾ ਕੀਤਾ। ਸੁਖਮਿੰਦਰ ਸਿੰਘ ਧਾਲੀਵਾਲ ਹੇਡ਼ੀਕੇ ਪੂਰਨ ਕਾਲਿਕ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਨੇ ਦੱਸਿਆ ਕਿ ਮੰਡਲ ਦੇ 5 ਮੈਂਬਰ ਭੁੱਖ ਹਡ਼ਤਾਲ ’ਤੇ ਬੈਠਣਗੇ। ਜ਼ਿਲਾ ਸੈਕਟਰੀ ਡਾ. ਸ਼ਮਸ਼ੇਰ ਸਿੰਘ ਬੱਧਣ ਨੇ ਦੱਸਿਆ ਕਿ ਇਸ ਭੁੱਖ ਹਡ਼ਤਾਲ ਮੌਕੇ ਲੋਕਾਂ ਨੂੰ ਮਿਲਣ ਲਈ ਭਾਜਪਾ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਬਾਵਾ ਵੀ ਵਿਸ਼ੇਸ਼ ਤੌਰ ’ਤੇ ਪੁੱਜਣਗੇ।
17ਵੇਂ ਦਿਨ ਵੀ ਸੰਘਰਸ਼ ਜਾਰੀ, 5 ਦੀ ਬਜਾਏ 10 ਮੈਂਬਰ ਬੈਠੇ ਭੁੱਖ ਹਡ਼ਤਾਲ ’ਤੇ
ਦੂਜੇ ਪਾਸੇ ਲਡ਼ੀਵਾਰ ਚੱਲ ਰਹੀ ਭੁੱਖ ਹਡ਼ਤਾਲ ਸੋਮਵਾਰ ਨੂੰ ਚੌਥੇ ਦਿਨ ਵਿਚ ਦਾਖਲ ਹੋ ਗਈ ਹੈ। ਅੱਜ ਤੋਂ ਪਹਿਲਾਂ ਇੱਥੇ ਭੁੱਖ ਹਡ਼ਤਾਲ ’ਤੇ 5 ਵਿਅਤਕੀ ਬੈਠਦੇ ਸਨ ਪਰ ਅੱਜ ਉਨ੍ਹਾਂ ਦੀ ਗਿਣਤੀ ਵਧਕੇ 10 ਹੋ ਗਈ ਹੈ। ਸੋਮਵਾਰ ਦੀ ਭੁੱਖ ਹਡ਼ਤਾਲ ’ਤੇ ਮਾਹਮਦਪੁਰ ਅਤੇ ਵਜੀਦਪੁਰ ਬਧੇਸ਼ਾ ਦੇ ਆਗੂ ਬੈਠੇ, ਜਿਨ੍ਹਾਂ ਵਿਚ ਜਗਰੂਪ ਸਿੰਘ ਬਧੇਸ਼ਾ, ਸ਼ਿੰਗਾਰਾ ਸਿੰਘ ਬਧੇਸ਼ਾ, ਕਰਮਜੀਤ ਸਿੰਘ ਬਧੇਸ਼ਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਬਧੇਸ਼ਾ, ਜਗਦੇਵ ਸਿੰਘ ਬਧੇਸ਼ਾ, ਕਾਮਰੇਡ ਹਰਜੀਤ ਸਿੰਘ ਬਧੇਸ਼ਾ, ਚਰਨਜੀਤ ਸਿੰਘ ਮਾਹਮਦਪੁਰ, ਸਿਕੰਦਰ ਸਿੰਘ ਮਾਹਮਦਪੁਰ, ਭੋਲਾ ਸਿੰਘ, ਮਾ. ਦੀਵਾਨ ਸਿੰਘ ਮਾਹਮਦਪੁਰ ਅਤੇ ਗੁਰਮੇਲ ਸਿੰਘ ਬਧੇਸ਼ਾ ਦੇ ਨਾਂ ਸ਼ਾਮਲ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸਰਕਲ ਸ਼ੇਰਪੁਰ ਦੇ ਪ੍ਰਧਾਨ ਗੁਰਜੰਟ ਸਿੰਘ ਖੇਡ਼ੀ ਕਲਾਂ ਅਤੇ ਇਲਾਕਾ ਸ਼ੇਰਪੁਰ ਦੀ ਉੱਘੀ ਧਾਰਮਕ ਸ਼ਖਸੀਅਤ ਸੰਤ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਕਿਹਾ ਕਿ ਇਹ ਸੰਘਰਸ਼ ਹੁਣ ਇਸ ਮਸਲੇ ਦੇ ਹੱਲ ਤੋਂ ਬਿਨਾਂ ਖਤਮ ਨਹੀਂ ਹੋਵੇਗਾ। ਸਗੋਂ ਇਸ ਨੂੰ ਹੋਰ ਤਿੱਖਾ ਕਰਨ ਲਈ ਅਕਾਲੀ ਦਲ ਦੀ ਜ਼ਿਲਾ ਟੀਮ ਨੂੰ ਵੀ ਇਸ ਘੋਲ ਦਾ ਹਿੱਸਾ ਬਣਾਇਆ ਜਾਵੇਗਾ। ਇਸ ਸਮੇਂ ਐਕਸ਼ਨ ਕਮੇਟੀ ਦੇ ਆਗੂ ਚਮਕੌਰ ਸਿੰਘ ਭੋਲਾ ਟਿੱਬਾ, ਸਾਬਕਾ ਬਲਾਕ ਸੰਮਤੀ ਮੈਂਬਰ ਮਾ. ਹਰਨੇਕ ਸਿੰਘ, ਮੁਕੰਦ ਸਿੰਘ ਪ੍ਰਧਾਨ ਖੇਡ਼ੀ ਕਲਾਂ, ਸਰਪੰਚ ਗਰੀਬ ਸਿੰਘ ਛੰਨਾ, ਮੁਲਾਜ਼ਮ ਆਗੂ ਦਰਸ਼ਨ ਸਿੰਘ ਸ਼ੇਰਪੁਰੀ, ਗੁਰਪਾਲ ਸਿੰਘ ਛੰਨਾ, ਕੁਲਜੀਤ ਸਿੰਘ ਸੋਨੀ, ਮਲਕੀਤ ਸਿੰਘ ਸਾਬਕਾ ਪੰਚ ਸ਼ੇਰਪੁਰ, ਦਰਸ਼ਨ ਸਿੰਘ ਪੱਤੀ ਖਲੀਲ, ਹਰਦੀਪ ਸਿੰਘ ਪੁਰਬਾ, ਕੁਲਵਿੰਦਰ ਕੁਮਾਰ ਕਾਲਾ ਵਰਮਾ, ਰਘਵੀਰ ਸਿੰਘ ਹੇਡ਼ੀਕੇ, ਸ਼ਮਸ਼ੇਰ ਸਿੰਘ, ਦਰਸ਼ਨ ਸਿੰਘ ਛਾਪਾ, ਬਲਵਿੰਦਰ ਸਿੰਘ ਬਾਦਸ਼ਾਹਪੁਰ, ਧਰਮ ਪਾਲ ਚਾਂਗਲੀ, ਯਸ਼ਪਾਲ ਕੁਮਾਰ ਭੋਲਾ ਬਡ਼ੀ ਤੋਂ ਇਲਾਵਾ ਹੋਰ ਪਿੰਡਾਂ ਦੇ ਪੰਚ-ਸਰਪੰਚ ਤੇ ਆਗੂ ਹਾਜ਼ਰ ਸਨ।
ਸਿਹਤ ਵਿਭਾਗ ਨੇ ਵੱਖ-ਵੱਖ ਦੁਕਾਨਾਂ ’ਤੇ ਚੈਕਿੰਗ ਕਰ ਕੇ ਭਰੇ ਸੈਂਪਲ
NEXT STORY