ਜਲੰਧਰ (ਧਵਨ) - ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਕੂਲ ਸਿੱਖਿਆ ਵਿਭਾਗ ਨੂੰ ਤੁਰੰਤ 80 ਕਰੋੜ ਦੀ ਰਕਮ ਰਿਲੀਜ਼ ਕਰੇ ਅਤੇ ਨਾਲ ਹੀ ਉਨ੍ਹਾਂ ਇਹ ਭਰੋਸਾ ਵੀ ਦਿੱਤਾ ਹੈ ਕਿ ਹੋਰ ਵਿਭਾਗਾਂ ਤੋਂ ਫੰਡ ਲੈ ਕੇ ਸਿੱਖਿਆ ਖੇਤਰ ਨੂੰ ਦਿੱਤੇ ਜਾਣਗੇ ਤਾਂ ਜੋ ਸਿੱਖਿਆ ਸੁਧਾਰਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ। ਮੁਖ ਮੰਤਰੀ ਨੇ ਅੱਜ ਆਪਣੀ ਸਰਕਾਰੀ ਰਿਹਾਇਸ਼ 'ਤੇ ਅਧਿਆਪਕਾਂ ਦੇ ਮਾਹਿਰ ਗਰੁੱਪ ਨਾਲ ਬੈਠਕ ਕੀਤੀ। ਬੈਠਕ ਵਿਚ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਵੀ ਹਿੱਸਾ ਲਿਆ। ਇਸ ਮਾਹਿਰ ਗਰੁੱਪ ਵਿਚ ਪ੍ਰਿੰਸੀਪਲ, ਹੈੱਡ ਮਾਸਟਰ ਅਤੇ ਸਕੂਲਾਂ ਦੇ ਪ੍ਰਬੰਧਕ ਵੀ ਮੌਜੂਦ ਸਨ। ਮੁਖ ਮੰਤਰੀ ਨੇ ਬੈਠਕ ਸਕੂਲ ਸਿੱਖਿਆ ਪੱਧਰ ਨੂੰ ਉਚਾ ਚੁੱਕਣ ਲਈ ਸੁਝਾਅ ਦੇਣ ਲਈ ਬੁਲਾਈ ਸੀ। ਮਾਹਿਰ ਗਰੁੱਪ ਦੀ ਅਗਵਾਈ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਕਿਰਨਜੀਤ ਕੌਰ ਨੇ ਕੀਤੀ। ਮਾਹਿਰ ਗਰੁੱਪ ਨੇ ਪਹਿਲਾਂ ਹੀ ਸਿੱਖਿਆ ਮੰਤਰੀ ਨੂੰ ਆਪਣੀਆਂ ਸਿਫਾਰਸ਼ਾਂ ਸੌਂਪੀਆਂ ਹੋਈਆਂ ਹਨ। ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖਿਆ ਸੁਧਾਰਾਂ ਦੇ ਰਾਹ ਵਿਚ ਫੰਡਾਂ ਦੀ ਕਮੀ ਨਹੀਂ ਆਉਣ ਦੇਵੇਗੀ। ਉਨ੍ਹਾਂ ਸਿੱਖਿਆ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲਾਂ ਵਿਚ ਮੁਢਲਾ ਢਾਂਚਾ ਮਜ਼ਬੂਤ ਬਣਾਉਣ ਲਈ ਸਕੀਮ ਤਿਆਰ ਕਰਨ ਜਿਸ ਦੇ ਲਈ ਜ਼ਰੂਰੀ ਫੰਡ ਉਨ੍ਹਾਂ ਦੀ ਸਰਕਾਰ ਮੁਹੱਈਆ ਕਰਵਾਏਗੀ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ-ਆਪਣੇ ਪਿੰਡਾਂ ਵਿਚ ਸਕੂਲਾਂ ਦਾ ਪੱਧਰ ਉਚਾ ਚੁਕਣ ਲਈ ਪੈਸਾ ਲਾਉਣ ਦਾ ਸੱਦਾ ਦਿੱਤਾ। ਮੁਖ ਮੰਤਰੀ ਨੇ ਟੀਚਿੰਗ ਦੇ ਕੰਮ ਲਈ ਬੇਹਤਰੀਨ ਟਰੇਨਰ ਮੁਹੱੱਈਆ ਕਰਾਉਣ ਦਾ ਵਾਅਦਾ ਕੀਤਾ। ਉਨ੍ਹਾਂ ਸਿੱਖਿਆ ਵਿਭਾਗ ਨੂੰ ਸਾਲ ਦੇ ਅਖੀਰ ਤਕ ਬਾਕੀ ਰਹਿੰਦੇ 5 ਜ਼ਿਲਿਆਂ ਵਿਚ ਡਾਈਟ ਸੈਂਟਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ। ਮੁਖ ਮੰਤਰੀ ਨੇ ਸਿੱਖਿਆ ਮੰਤਰੀ ਸੋਨੀ ਦੇ ਉਸ ਸੁਝਾਅ ਨੂੰ ਮੰਨ ਲਿਆ ਕਿ ਸਾਲ ਦੇ ਅੱਧ ਵਿਚ ਅਧਿਆਪਕਾਂ ਦੇ ਤਬਾਦਲੇ ਨਹੀਂ ਹੋਣੇ ਚਾਹੀਦੇ।
ਉਨ੍ਹਾਂ ਪ੍ਰਿੰਸੀਪਲ ਸੈਕਰੇਟਰੀ ਦੇ ਉਸ ਸੁਝਾਅ 'ਤੇ ਸਹਿਮਤੀ ਦਿੱਤੀ ਜਿਸ ਦੇਤਹਿਤ ਇਕ ਵੱਖਰਾ ਸਟੇਟ ਟਰੇਨਿੰਗ ਕੈਡਰ ਬਣਾਉਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਵਿਦਿਆਰਥੀਆਂ ਨੂੰ ਆਨ ਲਾਈਨ ਟੀਚਿੰਗ ਮਟੀਰੀਅਲ ਮੁਹੱਈਆ ਕਰਵਾਉਣ ਲਈ ਕਿਹਾ। ਸਕੂਲ ਸਿੱਖਿਆ ਦੇ ਸਕੱਤਰ ਕਿਸ਼ਨ ਕੁਮਾਰ ਨੇ ਮੁਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਾਲ ਦੇ ਅਖੀਰ ਤਕ ਸਾਰੇ ਵਿਸ਼ਿਆਂ ਨਾਲ ਸੰਬੰਧਤ ਈ-ਸਿਲੇਬਸ ਮੁਹੱਈਆ ਕਰਵਾ ਦਿੱਤਾ ਜਾਵੇਗਾ। ਅਧਿਆਪਕਾਂ ਦੀਆਂ ਸਿਫਾਰਸ਼ 'ਤੇ ਮੁਖ ਮੰਤਰੀ ਨੇ ਕਿਹਾ ਕਿ ਬਲਾਕ ਮਾਸਟਰ ਟਰੇਨਰਜ਼ ਦਾ ਰੈਸ਼ਨੋਲਾਈਜੇਸ਼ਨ ਕੀਤਾ ਜਾਵੇਗਾ। ਉਨ੍ਹਾਂ ਅਧਿਆਪਕਾਂ ਦੇ ਸਟੱਡੀ ਟੂਰ ਨੂੰ ਕੇਰਲ ਅਤੇ ਹਿਮਾਚਲ ਪ੍ਰਦੇਸ਼ ਭੇਜਣ ਦੀ ਗੱਲ ਵੀ ਕਹੀ। ਬੈਠਕ ਵਿਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਰੇਟਰੀ ਤੇਜਵੀਰ ਸਿੰਘ ਨੇ ਵੀ ਹਿੱਸਾ ਲਿਆ।
ਪੁਲਸ ਚੌਕੀ ਦੀ ਵਾਇਰਲ ਹੋਈ ਵੀਡੀਓ ਦੀ ਸੱਚਾਈ ਆਈ ਸਾਹਮਣੇ
NEXT STORY