ਚੰਡੀਗੜ੍ਹ (ਗੰਭੀਰ) : ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਇੰਟਰਵਿਊ ਕੇਸ ’ਚ ਐੱਸ. ਆਈ. ਟੀ. ਰਿਪੋਰਟ ਦੇ ਆਧਾਰ ’ਤੇ ਮੰਗਲਵਾਰ ਨੂੰ ਵਿਚਾਰ ਪੇਸ਼ ਕੀਤੇ ਗਏ। ਅਦਾਲਤ ਨੇ ਕਿਹਾ ਕਿ ਐੱਸ. ਆਈ. ਟੀ. ਇਹ ਨਿਰਧਾਰਤ ਕਰਨ ’ਚ ਅਸਫ਼ਲ ਰਹੀ ਕਿ ਇੰਟਰਵਿਊ ਦੌਰਾਨ ਜ਼ੂਮ ਐਪ ਲਈ ਕਿਸਦਾ ਫੋਨ ਜਾਂ ਇੰਟਰਨੈਟ ਕੁਨੈਕਸ਼ਨ ਵਰਤਿਆ ਗਿਆ ਸੀ ਕਿਉਂਕਿ ਐਪ ਆਈ. ਐੱਮ. ਈ. ਆਈ. ਟਰੇਸਿੰਗ ਦੀ ਇਜਾਜ਼ਤ ਨਹੀਂ ਦਿੰਦਾ। ਅਦਾਲਤ 'ਚ ਦਲੀਲ ਦਿੱਤੀ ਗਈ ਕਿ ਜਾਂਚ ਜ਼ਿਆਦਾਤਰ ਤਕਨੀਕੀ ਪਹਿਲੂਆਂ ’ਤੇ ਕੇਂਦਰਿਤ ਸੀ ਤੇ ਬਰਖ਼ਾਸਤ ਡੀ. ਐੱਸ. ਪੀ. ਗੁਰਸ਼ੇਰ ਸਿੰਘ ਸੰਧੂ ਤੇ ਇਕ ਪੱਤਰਕਾਰ ਵਿਚਕਾਰ ਸਬੰਧ ਸਥਾਪਿਤ ਕਰਨ ’ਤੇ ਕੇਂਦਰਿਤ ਸੀ।
ਅਦਾਲਤ ਨੂੰ ਦੱਸਿਆ ਗਿਆ ਕਿ ਇੰਟਰਵਿਊ ਸਮੇਂ ਦੋਹਾਂ ਦੇ ਮੋਬਾਇਲ ਟਾਵਰ ਸਥਾਨ ਇੱਕੋ ਜਿਹੇ ਪਾਏ ਗਏ ਸਨ ਤੇ ਉਹ ਅਕਸਰ ਫੋਨ ਰਾਹੀਂ ਸੰਪਰਕ ’ਚ ਰਹਿੰਦੇ ਸਨ। ਐੱਸ. ਆਈ. ਟੀ. ਜਾਂਚ ਤੋਂ ਪਤਾ ਲੱਗਿਆ ਹੈ ਕਿ ਗੈਂਗਸਟਰ ਰਵੀ ਰਾਜ ਨੇ ਖ਼ੁਲਾਸਾ ਕੀਤਾ ਸੀ ਕਿ ਗੁਰਸ਼ੇਰ ਨੇ ਸਾਬਰਮਤੀ ਜੇਲ੍ਹ ’ਚ ਰਹਿੰਦਿਆਂ ਸਾਥੀ ਰਾਹੀਂ ਉਸਨੂੰ ਤੋਹਫ਼ੇ ਭੇਜੇ ਸਨ, ਜੋ ਬਾਅਦ ’ਚ ਲਾਰੈਂਸ ਬਿਸ਼ਨੋਈ ਨੂੰ ਦਿੱਤੇ ਗਏ ਸਨ। ਐੱਸ. ਆਈ. ਟੀ. ਨੂੰ ਕੋਈ ਸ਼ੱਕੀ ਵਿੱਤੀ ਲੈਣ-ਦੇਣ ਨਹੀਂ ਮਿਲਿਆ, ਜੋ ਸੀਨੀਅਰ ਪੁਲਸ ਅਧਿਕਾਰੀਆਂ ਦੀ ਸ਼ਮੂਲੀਅਤ ਨੂੰ ਸਾਬਤ ਕਰੇ। ਬਰਖਾਸਤ ਕੀਤੇ ਦਸ ਅਧਿਕਾਰੀਆਂ ’ਚੋਂ ਸਿਰਫ ਦੋ ਗੁਰਸ਼ੇਰ ਤੇ ਨੇੜੇ ਦਾ ਇਕ ਕਾਂਸਟੇਬਲ ਸਰਗਰਮੀ ਨਾਲ ਸ਼ਾਮਲ ਪਾਏ ਗਏ, ਜਦਕਿ ਬਾਕੀ ਅੱਠ ਨੂੰ ਡਿਊਟੀ ’ਚ ਲਾਪਰਵਾਹੀ ਦੇ ਆਧਾਰ ’ਤੇ ਬਰਖ਼ਾਸਤ ਕੀਤਾ ਗਿਆ।
ਐੱਸ. ਆਈ. ਟੀ. ਮੁਖੀ ਪ੍ਰਬੋਧ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਇਸ ਸਮੇਂ ਰੁਕੀ ਹੋਈ ਹੈ ਤੇ ਗੁਰਸ਼ੇਰ ਸਿੰਘ ਸੰਧੂ ਜਾਂਚ ’ਚ ਸ਼ਾਮਲ ਹੋਣ ’ਤੇ ਅੱਗੇ ਵਧੇਗੀ। ਅਦਾਲਤ ਨੇ ਪਹਿਲਾਂ ਗੁਰਸ਼ੇਰ ਦੀ ਉਸਦੀ ਬਰਖ਼ਾਸਤਗੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ। ਗੁਰਸ਼ੇਰ ਦੇ ਵਕੀਲ ਨੇ ਕਿਹਾ ਕਿ ਉਸਦਾ ਮੁਵੱਕਿਲ ਜਾਂਚ ’ਚ ਸਹਿਯੋਗ ਕਰਨ ਲਈ ਤਿਆਰ ਹੈ, ਬਸ਼ਰਤੇ ਉਸ ਨੂੰ ਰਾਜ ਸਰਕਾਰ ਦੁਆਰਾ ਕਿਸੇ ਵੀ ਜ਼ਬਰਦਸਤੀ ਕਾਰਵਾਈ ਤੋਂ ਅੰਤਰਿਮ ਸੁਰੱਖਿਆ ਦਿੱਤੀ ਜਾਵੇ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਅਗਲੀ ਸੁਣਵਾਈ 16 ਅਕਤੂਬਰ ਲਈ ਤੈਅ ਕੀਤੀ ਜਦੋਂ ਗੁਰਸ਼ੇਰ ਦੀ ਪਟੀਸ਼ਨ ’ਤੇ ਵੀ ਵਿਚਾਰ ਕੀਤਾ ਜਾਵੇਗਾ।
ਜਲੰਧਰ ਵਾਸੀ ਸਾਵਧਾਨ! ਰੈੱਡ ਲਾਈਟ ਜੰਪ, ਜ਼ੈਬਰਾ ਕਰਾਸਿੰਗ ਤੇ ਰਾਂਗ ਸਾਈਡ ਐਂਟਰੀ ’ਤੇ ਈ-ਚਲਾਨ ਦਾ ਫੋਕਸ
NEXT STORY