ਮ੍ਰਿਤਕ ਦੇਹਾਂ ਲਿਆਉਣ ਵਾਲੇ ਜਹਾਜ਼ ਦੇ ਪਹੀਆਂ ਨੇ ਜਿਵੇਂ ਹੀ ਰਨਵੇ ਨੂੰ ਛੂਹਿਆ ਤਾਂ ਪੈਣ ਲੱਗੇ ਵੈਣ!
ਅੰਮ੍ਰਿਤਸਰ(ਇੰਦਰਜੀਤ/ਨਵਦੀਪ, ਨਿਰਵੈਲ)-ਇਰਾਕ ਵਿਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਏਅਰਪੋਰਟ 'ਤੇ ਵੱਡੀ ਗਿਣਤੀ ਵਿਚ ਮੌਜੂਦ ਸਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਸ ਗੱਲ ਦਾ ਸਭ ਤੋਂ ਜ਼ਿਆਦਾ ਦੁੱਖ ਸੀ ਕਿ ਜੇਕਰ ਹਰਜੀਤ ਮਸੀਹ ਦੀ ਗੱਲ ਨੂੰ ਸੁਣ ਲਿਆ ਜਾਂਦਾ ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਸੀ। ਇਰਾਕ ਵਿਚ ਗਏ ਵਧੇਰੇ ਲੋਕ ਅਜਿਹੇ ਸਨ ਜਿਨ੍ਹਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਸੀ, ਕਿਸੇ ਨੇ ਆਪਣੇ ਪਰਿਵਾਰ ਦੇ ਗਹਿਣੇ ਵੇਚ ਕੇ ਆਪਣੇ ਸਪੁੱਤਰ ਨੂੰ ਬਾਹਰ ਭੇਜਿਆ, ਕੋਈ ਜ਼ਮੀਨ ਵੇਚ ਕੇ ਅਮੀਰ ਬਣਨਾ ਚਾਹੁੰਦਾ ਸੀ, ਕਿਸੇ ਦੇ ਬੱਚੇ ਅਫਸਰ ਬਣਨਾ ਚਾਹੁੰਦੇ ਸਨ, ਕੋਈ ਕਾਰਖਾਨਾ ਲਾਉਣਾ ਚਾਹੁੰਦਾ ਸੀ, ਕਿਸੇ ਮਾਂ ਦੀ ਇੱਛਾ ਸੋਨੇ ਦੀਆਂ ਚੂੜੀਆਂ ਬਣਾਉਣ ਦੀਆਂ ਸਨ, ਕਈ ਭੈਣਾਂ ਰਾਜ ਕੁਮਾਰ ਭਰਾ ਦੀ ਉਡੀਕ ਕਰ ਰਹੀਆਂ ਸਨ, ਕਈ ਬਾਪ ਦੀਆਂ ਬੇਟੀਆਂ ਹੱਥ ਪੀਲੇ ਕਰਨ ਲਈ ਪਿਤਾ ਦੀ ਉਡੀਕ ਕਰ ਰਹੀਆਂ ਸਨ, ਸਾਰਿਆਂ ਦੇ ਸੁਪਨੇ ਚਕਨਾਚੂਰ ਹੋ ਗਏ।
ਮ੍ਰਿਤਕ ਦੇਹਾਂ ਲਿਆਉਣ ਵਾਲੇ ਜਹਾਜ਼ ਦੇ ਪਹੀਆਂ ਨੇ ਜਿਵੇਂ ਹੀ ਰਨਵੇ ਨੂੰ ਛੂਹਿਆ ਤਾਂ ਮ੍ਰਿਤਕਾਂ ਦੇ ਰਿਸ਼ਤੇਦਾਰ, 'ਹਾਏ ਮੇਰੇ ਸ਼ੇਰ ਪੁੱਤਰਾ', 'ਹਾਏ ਉਹ ਰੱਖੜੀ ਵਾਲੇ ਵੀਰਾ', 'ਮਾਂ ਦੇ ਕਲੇਜੇ ਦੇ ਟੁਕੜਿਆ ਵਾਪਸ ਆਜਾ ਤੂੰ', ਅਜਿਹੇ ਦਿਲ ਕੰਬਾਊ ਵੈਣ ਸੁਣ ਕੇ ਇੰਜ ਜਾਪ ਰਿਹਾ ਸੀ ਕਿ ਇਨ੍ਹਾਂ 38 ਮ੍ਰਿਤਕਾਂ ਦੇ ਪਰਿਵਾਰਾਂ ਦੇ ਦੁੱਖ 'ਚ ਰੱਬ ਵੀ ਸ਼ਾਮਿਲ ਹੋ ਰਿਹਾ ਹੈ। ਇੰਜ ਹੀ ਇਕ ਦੁਖਿਆਰੀ ਮਾਂ ਆਪਣੇ ਪੁੱਤ ਦੀ ਯਾਦ ਆਉਂਦੇ ਹੀ ਬੇਹੋਸ਼ ਹੋ ਕੇ ਡਿੱਗ ਪਈ। 'ਜਗ ਬਾਣੀ' ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦੇ ਹੋਏ ਪੇਸ਼ ਹਨ ਕੁੱਝ ਅੰਸ਼ :
ਅਜਿਹਾ ਸੀ ਦਰਦ ਭਰਿਆ ਦ੍ਰਿਸ਼
* ਕਿਸੇ ਨੇ ਆਪਣੇ ਪਰਿਵਾਰ ਦੇ ਗਹਿਣੇ ਵੇਚ ਕੇ ਆਪਣੇ ਸਪੂਤ ਨੂੰ ਬਾਹਰ ਭੇਜਿਆ ਸੀ।
* ਕੋਈ ਜ਼ਮੀਨ ਵੇਚ ਕੇ ਗਿਆ ਸੀ।
* ਕੋਈ ਆਪਣੇ ਬੱਚੇ ਅਫਸਰ ਬਣਾਉਣ ਦਾ ਸੁਪਨਾ ਲੈ ਕੇ ਗਿਆ ਸੀ ਇਰਾਕ।
* ਕੋਈ ਕਾਰਖਾਨਾ ਲਾਉਣਾ ਚਾਹੁੰਦਾ ਸੀ।
* ਕਿਸੇ ਮਾਂ ਦੀ ਇੱਛਾ ਸੋਨੇ ਦੀਆਂ ਚੂੜੀਆਂ ਬਣਾਉਣ ਦੀ ਸੀ।
* ਕਈ ਕੁਆਰੀਆਂ ਭੈਣਾਂ ਭਰਾ ਦੀ ਉਡੀਕ ਕਰ ਰਹੀਆਂ ਸਨ।
* ਕਈ ਬੇਟੀਆਂ ਹੱਥ ਪੀਲੇ ਕਰਨ ਲਈ ਪਿਤਾ ਦੀ ਉਡੀਕ ਕਰਨ ਦਾ ਦਰਦ ਭਰਿਆ ਵਰਣਨ ਕਰ ਰਹੀਆਂ ਸਨ, ਸਭ ਦੇ ਸੁਪਨੇ ਚਕਨਾਚੂਰ ਹੋ ਗਏ।
ਮ੍ਰਿਤਕ ਨਿਸ਼ਾਨ ਦਾ ਉਜੜਿਆ ਘਰ
ਨਿਸ਼ਾਨ ਸਿੰਘ (33) ਇਰਾਕ ਦੇ ਮਸੂਲ ਸ਼ਹਿਰ ਵਿਚ ਗਿਆ ਸੀ। ਉਸ ਦਾ ਵਿਆਹ ਕੁਲਵਿੰਦਰ ਕੌਰ ਨਾਲ ਹੋਇਆ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦੀ ਪਤਨੀ ਨੇ ਘਰ ਛੱਡ ਦਿੱਤਾ ਸੀ। ਮ੍ਰਿਤਕ ਦੀ ਮਾਤਾ ਸੁਰਿੰਦਰ ਕੌਰ (62) ਛੋਟੀ-ਮੋਟੀ ਖੇਤੀਬਾੜੀ ਕਰਕੇ ਪਰਿਵਾਰ ਦਾ ਪੇਟ ਪਾਲਦੀ ਹੈ। ਉਸ ਦੇ ਭਰਾ ਦੇ ਕੋਲ ਸਿਰਫ 4 ਕਿੱਲੇ ਜ਼ਮੀਨ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਇਕ ਸਾਲ ਬਾਅਦ ਹੀ ਵਿਵਾਦ ਖੜ੍ਹਾ ਕਰ ਦਿੱਤਾ ਸੀ ਅਤੇ ਮਾਮਲਾ ਥਾਣੇ ਚਲਾ ਗਿਆ ਸੀ ਜਿਸ 'ਤੇ ਉਨ੍ਹਾਂ ਨੇ ਦੋ ਲੱਖ ਰੁਪਏ ਅਤੇ ਸਾਮਾਨ ਦੇ ਕੇ ਉਸ ਨੂੰ ਵਿਦਾ ਕੀਤਾ । ਬਾਅਦ ਵਿਚ ਉਸ ਨੇ ਦੂਜਾ ਵਿਆਹ ਕਰ ਲਿਆ ਸੀ।
ਚਵਿੰਡਾ ਦੇਵੀ ਦੇ ਸੋਨੂ ਦੀ ਉਡੀਕ ਕਰ ਰਹੇ ਕਰਨ-ਅਰਜਨ
ਚਵਿੰਡਾ ਦੇਵੀ ਦੇ ਸੋਨੂ ਦੇ ਪਰਿਵਾਰ ਦੇ ਦੁੱਖਾਂ ਦਾ ਅੰਤ ਨਹੀਂ। ਉਸ ਦੀ 30 ਸਾਲ ਦੀ ਪਤਨੀ ਸੀਮਾ ਦੇਵੀ ਅਤੇ 61 ਸਾਲ ਦੀ ਮਾਤਾ ਜੀਤੋ ਦਾ ਉਹ ਸਹਾਰਾ ਸੀ ਜਦੋਂ ਕਿ ਇਸ ਦੇ ਦੋ ਪੁੱਤ ਅਰਜਨ (9) ਅਤੇ ਕਰਨ (11) ਅੱਜ ਵੀ ਉਸ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਰਨ-ਅਰਜਨ ਦੇ ਪਾਪਾ ਆਉਣਗੇ। ਪੱਤਰਕਾਰਾਂ ਵੱਲੋਂ ਜਦੋਂ ਪਰਿਵਾਰ ਨਾਲ ਗੱਲ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਦੀ ਮਾਂ ਜੀਤੋ, ਭਰਜਾਈ ਰਿੰਪੀ ਅਤੇ ਪਤਨੀ ਸੀਮਾ ਦੇਵੀ ਹੰਝੂ ਵਹਾ ਰਹੇ ਸਨ ਤਾਂ ਬਚਪਨ ਦੇ ਰੰਗ ਵਿਚ ਰੰਗੇ ਬੱਚੇ ਇਸ ਗੱਲ ਨੂੰ ਸੋਚ ਕੇ ਬੇਫਿਕਰ ਹੋ ਕੇ ਖਾਣਾ ਖਾ ਰਹੇ ਸਨ ਅਤੇ ਕਹਿ ਰਹੇ ਸਨ ਕਿ ਪਾਪਾ ਆਉਣਗੇ ਜ਼ਰੂਰ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਪਾਪਾ ਹੁਣ ਇਸ ਦੁਨੀਆ ਵਿਚ ਨਹੀਂ। ਬੱਚਿਆਂ ਦੀ ਬੇਫਿਕਰੀ ਵੇਖ ਕੇ ਉਨ੍ਹਾਂ ਦੀ ਮਾਂ ਬੇਹੋਸ਼ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 15 ਜੂਨ 2014 ਦਾ ਦਿਨ ਸਾਡੀ ਖੁਸ਼ੀ ਦਾ ਆਖਰੀ ਦਿਨ ਸੀ।
ਇਕ ਹੀ ਪਰਿਵਾਰ ਦੇ ਵਿਛੜੇ ਤਿੰਨ ਮੈਂਬਰ
ਹੁਸ਼ਿਆਰਪੁਰ ਛਾਉਣੀ ਦੇ ਰਹਿਣ ਵਾਲੇ ਕਮਲਜੀਤ ਸਿੰਘ (32), ਉਸ ਦਾ ਜੀਜਾ ਗੁਰਦੀਪ ਸਿੰਘ (34) ਅਤੇ ਜੀਜਾ ਕੁਲਵਿੰਦਰ ਸਿੰਘ (34) ਤਿੰਨੋਂ ਏਜੰਟ ਦੇ ਝਾਂਸੇ ਵਿਚ ਆ ਕੇ ਇਰਾਕ ਚਲੇ ਗਏ। ਬਾਅਦ ਵਿਚ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ। ਮ੍ਰਿਤਕ ਕਮਲਜੀਤ ਦੀ ਪਤਨੀ ਦੇ ਇਲਾਵਾ 7 ਸਾਲ ਦਾ ਪੁੱਤਰ ਮਨਪ੍ਰੀਤ ਸਿੰਘ, 5 ਸਾਲ ਦੀ ਧੀ ਸਿਮਰਨਜੀਤ ਕੌਰ ਅਤੇ 29 ਸਾਲਾ ਹਰਵਿੰਦਰ ਕੌਰ ਹੈ, ਜਿਨ੍ਹਾਂ ਦੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ ਅਤੇ ਆਰਥਿਕ ਮਦਦ ਦਾ ਵੀ।
ਪੁੱਤ ਨੂੰ ਦੇਖਣ ਦੀ ਆਸ ਵਿਚ ਕੈਂਸਰ ਦਾ ਮਰੀਜ਼ ਪਿਤਾ ਮੌਤ ਨੂੰ ਰੋਕ ਕੇ ਬੈਠਾ
ਮਹਿਤਾ ਨੇੜਲੇ ਜਲਾਲ ਉਸਮਾਂ ਦਾ ਗੁਰਚਰਨ ਸਿੰਘ (35) ਬੜੀ ਆਸ ਲੈ ਕੇ ਬਾਹਰ ਗਿਆ ਸੀ। ਇਸ ਵਿਚ ਉਸ ਦੀ ਜ਼ਮੀਨ ਵੀ ਵਿਕ ਗਈ ਸੀ, ਹੁਣ ਸਿਰਫ ਉਸ ਦੇ ਪੂਰੇ ਪਰਿਵਾਰ ਕੋਲ ਸਿਰਫ ਇਕ ਕਿੱਲਾ ਜ਼ਮੀਨ ਬਚੀ ਹੈ। ਮਾਤਾ ਜਸਵਿੰਦਰ ਕੌਰ (67) ਬੀਮਾਰ ਰਹਿੰਦੀ ਹੈ, ਪਿਤਾ ਨੂੰ ਕੈਂਸਰ ਹੈ, 45 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਦਵਾਈ ਉਸ ਨੂੰ ਖਾਣੀ ਪੈਂਦੀ ਹੈ। ਬਚਣ ਦੀ ਉਮੀਦ ਨਹੀਂ ਪਰ ਪੁੱਤ ਨੂੰ ਮਿਲਣ ਦੀ ਇੱਛਾ ਨੇ ਕੈਂਸਰ ਹੋਣ ਦੇ ਬਾਵਜੂਦ ਵੀ ਉਸ ਨੂੰ ਸਾਲਾਂ ਤੋਂ ਜ਼ਿੰਦਾ ਰੱਖਿਆ ਹੈ, ਅੱਜ ਚੱਲਣ-ਫਿਰਨ ਤੋਂ ਵੀ ਮਜਬੂਰ ਹੈ। ਮ੍ਰਿਤਕ ਦੇ 9 ਸਾਲ ਦਾ ਪੁੱਤ ਅਮਨਦੀਪ ਸਿੰਘ ਅਤੇ 12 ਸਾਲ ਦੀ ਧੀ ਨਵਦੀਪ ਕੌਰ ਨੂੰ ਪੂਰੀ ਉਮੀਦ ਸੀ ਕਿ ਉਨ੍ਹਾਂ ਦੇ ਪਾਪਾ ਕਿਸੇ ਵਕਤ ਵੀ ਆ ਜਾਣਗੇ ਪਰ ਉਨ੍ਹਾਂ ਦੇ ਇਸ ਦੁਨੀਆ ਵਿਚ ਨਾ ਰਹਿਣ ਦੀ ਖਬਰ ਦੇ ਬਾਅਦ ਦੋਵੇਂ ਬੱਚੇ ਅਤੇ 30 ਸਾਲ ਦੀ ਪਤਨੀ ਖਾਮੋਸ਼ ਰਹਿੰਦੇ ਹਨ।
ਬਜ਼ੁਰਗ ਨਿਰਮਲ ਸਿੰਘ ਦੇ ਬੁਝੇ ਦੋਵੇਂ ਚਿਰਾਗ
ਫਗਵਾੜਾ ਜ਼ਿਲੇ ਦੇ ਬੋਹਾਨੀ ਖੇਤਰ ਦੇ ਰਹਿਣ ਵਾਲੇ 61 ਸਾਲ ਦੇ ਬਜ਼ੁਰਗ ਨਿਰਮਲ ਸਿੰਘ ਮਿਹਨਤ-ਮਜ਼ਦੂਰੀ ਕਰਦੇ ਹਨ। ਉਨ੍ਹਾਂ ਦਾ ਪੁੱਤ ਸਤਵਿੰਦਰ ਸਿੰਘ (30) ਇਰਾਕ ਵਿਚ ਗਿਆ ਸੀ। ਉਸ ਦੀ ਮੌਤ ਦੀ ਖਬਰ ਸੁਣਦੇ ਹੀ ਬਜ਼ੁਰਗ ਚੀਕ ਉੱਠਿਆ, ਮੇਰੀਆਂ ਦੋਵਾਂ ਅੱਖਾਂ ਬੁਝ ਗਈਆਂ ਹਨ। ਮ੍ਰਿਤਕ ਦਾ ਇਕ ਹੋਰ ਭਰਾ ਵੀ ਸੀ ਜੋ 1997 ਵਿਚ ਇਸ ਨਾਸ਼ਵਾਨ ਸੰਸਾਰ ਨੂੰ ਛੱਡ ਗਿਆ ਸੀ, ਉਸਦਾ ਗਮ ਭੁਲਾਉਣ ਲਈ ਬਜ਼ੁਰਗ ਨਿਰਮਲ ਸਿੰਘ ਨੂੰ ਉਮੀਦ ਸੀ ਕਿ ਮੇਰਾ ਪੁੱਤ ਆਵੇਗਾ ਅਤੇ ਮੇਰੇ ਪੋਤਰੇ ਹੋਣਗੇ ਜੋ ਮੇਰੇ ਪਹਿਲਾਂ ਗੁਜ਼ਰ ਚੁੱਕੇ ਪੁੱਤ ਦੀ ਕਮੀ ਪੂਰੀ ਕਰ ਦੇਣਗੇ ਪਰ ਉਸ ਨੂੰ ਕੀ ਉਮੀਦ ਸੀ ਕਿ ਉਸ ਦਾ ਦੂਜਾ ਪੁੱਤਰ ਵੀ ਕਾਲ ਦਾ ਗਰਾਸ ਬਣ ਜਾਵੇਗਾ। ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 25 ਹਜ਼ਾਰ ਰੁਪਏ ਤਨਖਾਹ ਲੈਂਦਾ ਸੀ, ਹੁਣ ਜੀਣ ਲਈ ਕੋਈ ਸਹਾਰਾ ਨਹੀਂ ।
ਦੋ ਭੈਣਾਂ ਦਾ ਇਕਲੌਤਾ ਭਰਾ ਸੀ ਰਣਜੀਤ
ਰਣਜੀਤ ਸਿੰਘ (25) ਆਪਣੀਆਂ ਦੋ ਭੈਣਾਂ ਜਸਬੀਰ ਕੌਰ ਅਤੇ ਕੁਲਬੀਰ ਕੌਰ ਦਾ ਇਕੱਲਾ ਭਰਾ ਸੀ। ਭੈਣਾਂ ਨੇ ਦੱਸਿਆ ਕਿ ਉਸ ਦਾ ਭਰਾ ਖੂਬ ਕਮਾਈ ਕਰਕੇ ਭਾਰਤ ਆ ਕੇ ਆਪਣਾ ਘਰ ਵਸਾਉਣਾ ਚਾਹੁੰਦਾ ਸੀ ਪਰ ਇਸ ਅਣਹੋਣੀ ਨੇ ਸਾਡੇ ਇਕਲੌਤੇ ਭਰਾ ਨੂੰ ਖੋਹ ਲਿਆ। ਉਨ੍ਹਾਂ ਨੇ ਦੱਸਿਆ ਕਿ ਰਾਜਬੀਰ ਨਾਮਕ ਏਜੰਟ ਦੇ ਕਾਰਨ ਹੀ ਉਨ੍ਹਾਂ ਦਾ ਭਰਾ ਹੁਣ ਇਸ ਦੁਨੀਆ ਵਿਚ ਨਹੀਂ ਹੈ। ਇਨ੍ਹਾਂ ਨੂੰ ਵੀ ਆਪਣੇ ਭਰਾ ਦਾ ਆਖਰੀ ਫੋਨ 15 ਜੂਨ 2014 ਨੂੰ ਆਇਆ ਸੀ ।
ਜ਼ਮੀਨ ਵੇਚ ਕੇ ਅਮੀਰ ਬਣਨਾ ਚਾਹੁੰਦਾ ਸੀ ਮਲਵਿੰਦਰ
ਭੋਏਵਾਲ ਦਾ ਮਲਵਿੰਦਰ (24) ਇਰਾਕ ਜਾਣ ਤੋਂ ਪਹਿਲਾਂ ਆਪਣੀ ਜ਼ਮੀਨ ਵੇਚ ਕੇ 4.50 ਲੱਖ ਰੁਪਏ ਏਜੰਟ ਨੂੰ ਦੇ ਕੇ ਇਰਾਕ ਚਲਾ ਗਿਆ। ਉਸ ਦੀ ਭੈਣ ਗੁਰਪਿੰਦਰ ਕੌਰ, ਪਿਤਾ ਹਰਦੀਪ ਸਿੰਘ, ਚਾਚਾ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਹੋਣਹਾਰ ਬੇਟੇ 'ਤੇ ਬੜੀਆਂ ਉਮੀਦਾਂ ਸਨ। ਉਨ੍ਹਾਂ ਦਾ ਨੌਜਵਾਨ ਪੁੱਤਰ ਬੇਹੱਦ ਖੂਬਸੂਰਤ ਅਤੇ ਖੁਸ਼ਦਿਲ ਸਨ। ਉਸ ਨੂੰ ਸੋਚ-ਸੋਚ ਕੇ ਪਰਿਵਾਰ ਦੇ ਲੋਕ ਡੂੰਘੇ ਗਮ ਵਿਚ ਡੁੱਬ ਗਏ ਹਨ ਕਿ ਇੱਥੇ ਤੱਕ ਕਿ ਪੂਰਾ ਇਲਾਕਾ ਉਸ ਦੀ ਮੌਤ ਦੇ ਨਾਲ ਅੱਥਰੂਆਂ ਵਿਚ ਡੁੱਬਿਆ ਹੋਇਆ ਹੈ।
ਪ੍ਰਿਤਪਾਲ ਦਾ ਯਤੀਮ ਹੋਇਆ ਪਰਿਵਾਰ
ਸੰਗਰੂਰ ਦੇ ਧੂਰੀ ਦੇ ਰਹਿਣ ਵਾਲੇ ਪ੍ਰਿਤਪਾਲ ਸ਼ਰਮਾ ( 52) ਪਰਿਵਾਰ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ। ਧੀ ਉਪਦੇਸ਼ ਦੇ ਵਿਆਹ ਅਤੇ ਨੀਰਜ ਨੂੰ ਕਾਰੋਬਾਰ ਕਰਵਾਉਣ ਦੀ ਇੱਛਾ ਵਿਚ ਆਪਣਾ ਸਭ ਕੁੱਝ ਵੇਚ ਕੇ ਉਹ ਇਰਾਕ ਚਲਾ ਗਿਆ। ਮ੍ਰਿਤਕ ਦੇ ਸਾਲੇ ਨੰਦ ਲਾਲ ਸ਼ਰਮਾ, ਭਰਾ ਮਹਿੰਦਰਪਾਲ ਸ਼ਰਮਾ, ਅਵਤਾਰ ਬਹਾਦਰ ਨੇ ਦੱਸਿਆ ਕਿ ਆਪਣੇ ਪਰਿਵਾਰ ਲਈ ਪ੍ਰਿਤਪਾਲ ਹਮੇਸ਼ਾ ਚਿੰਤਾ ਵਿਚ ਰਹਿੰਦਾ ਸੀ। ਇਸ ਲਈ ਇਸ ਉਮਰ ਵਿਚ ਵੀ ਉਹ ਸਖਤ ਮਿਹਨਤ ਕਰਨ ਦਾ ਜਜ਼ਬਾ ਲੈ ਕੇ ਇਰਾਕ ਗਿਆ ਸੀ ਪਰ ਉਸ ਦੀ ਮੌਤ ਦੀ ਸੂਚਨਾ ਮਿਲਣ 'ਤੇ ਪੂਰਾ ਪਰਿਵਾਰ ਸੋਗ ਵਿਚ ਡੁੱਬ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉੱਥੇ ਉਸ ਨੂੰ 40 ਹਜ਼ਾਰ ਰੁਪਏ ਤਨਖਾਹ ਮਿਲਦੀ ਸੀ। ਆਖਰੀ ਵਾਰ ਉਸ ਨੇ ਜੂਨ 2014 ਵਿੱਚ ਫੋਨ ਕੀਤਾ ਸੀ, ਉਸ ਦੇ ਬਾਅਦ ਉਸ ਦੀ ਕੋਈ ਸੂਚਨਾ ਨਹੀਂ ਮਿਲੀ।
ਵਾਲਮੀਕਿ ਭਾਈਚਾਰੇ ਨੇ ਅਰਧ ਨਗਨ ਹੋ ਕੇ ਕੀਤਾ ਪ੍ਰਦਰਸ਼ਨ
NEXT STORY