ਗੜ੍ਹਸ਼ੰਕਰ, (ਸ਼ੋਰੀ)— ਪਿੰਡ ਮੋਰਾਂਵਾਲੀ 'ਚ ਇਕ ਕੋਰੋਨਾ ਦਾ ਸ਼ੱਕੀ ਮਰੀਜ਼ ਪਾਏ ਜਾਣ 'ਤੇ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ। ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਮੋਰਾਂਵਾਲੀ ਤੋਂ ਇੰਚਾਰਜ ਡਾ. ਰਘੁਬੀਰ ਸਿੰਘ ਅਨੁਸਾਰ ਹਰਭਜਨ ਸਿੰਘ ਪੁੱਤਰ ਭਗਤ ਸਿੰਘ (60 ਸਾਲ), ਜੋ ਕਿ ਪਠਲਾਵੇ ਦੇ ਗੁਰਦੁਆਰਾ ਸਾਹਿਬ ਵਿਚ ਪਾਠੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ, ਵੀਰਵਾਰ ਕੋਰੋਨਾ ਦੇ ਸ਼ੱਕੀ ਮਰੀਜ਼ ਵਜੋਂ ਸਿਹਤ ਵਿਭਾਗ ਨੇ ਸ਼ਨਾਖ਼ਤ ਕਰ ਕੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਭੇਜਿਆ।
ਹਰਭਜਨ ਸਿੰਘ ਤੇ ਉਸ ਦੇ ਪਰਿਵਾਰ ਦੇ ਪੰਜ ਹੋਰ ਜੀਆਂ ਜਿਨ੍ਹਾਂ 'ਚ ਉਸ ਦੀ ਪਤਨੀ, ਪੁੱਤਰ, ਨੂੰਹ ਅਤੇ ਦੋ ਬੱਚੇ ਸ਼ਾਮਲ ਹਨ, ਨੂੰ ਆਈਸੋਲੇਸ਼ਨ ਲਈ ਹੁਸ਼ਿਆਰਪੁਰ ਭੇਜਿਆ ਗਿਆ। ਦੱਸਣਯੋਗ ਹੈ ਕਿ ਪਿੰਡ ਪਠਲਾਵਾ ਜ਼ਿਲਾ ਨਵਾਂਸ਼ਹਿਰ ਦੇ ਇਕ ਵਿਅਕਤੀ ਬਲਦੇਵ ਸਿੰਘ ਦੀ ਵੀਰਵਾਰ ਕੋਰੋਨਾ ਕਾਰਣ ਮੌਤ ਹੋ ਗਈ ਸੀ। ਸ਼ੱਕੀ ਮਰੀਜ਼ ਹਰਭਜਨ ਸਿੰਘ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ਵਿਚ ਸੀ। ਉਥੇ ਹੀ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ, ਐਮਾਜੱਟਾਂ, ਬਿੰਜੋ, ਪੋਸੀ, ਨੂਰਪੁਰ ਜੱਟਾਂ, ਸੁੰਨੀ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ 6 ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਕੀ ਕੋਰੋਨਾ ਵਾਇਰਸ ਨਾਲ ਲੜ ਸਕੇਗੀ ਮਨੁੱਖੀ ਨਸਲ ?
NEXT STORY